You’re viewing a text-only version of this website that uses less data. View the main version of the website including all images and videos.
ਭਾਰਤ ਖ਼ਿਲਾਫ਼ ਮੈਚ ਦੇ ਬਾਇਕਾਟ ਤੋਂ ਬਾਅਦ ਕੀ ਆਈਸੀਸੀ ਪਾਕਿਸਤਾਨ ਖ਼ਿਲਾਫ਼ ਕੋਈ ਫ਼ੈਸਲਾ ਲਵੇਗੀ? ਇਸ ਨਾਲ ਕੀ ਨੁਕਸਾਨ ਹੋ ਸਕਦਾ ਹੈ?
- ਲੇਖਕ, ਸ਼ਾਰਦਾ ਉਗਰਾ
- ਰੋਲ, ਸੀਨੀਅਰ ਜਰਨਲਿਸਟ, ਬੀਬੀਸੀ ਲਈ
- ਪੜ੍ਹਨ ਦਾ ਸਮਾਂ: 6 ਮਿੰਟ
ਪਾਕਿਸਤਾਨ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਪਣੀ ਕ੍ਰਿਕਟ ਟੀਮ ਨੂੰ ਆਈਸੀਸੀ ਟੀ-20 ਵਰਲਡ ਕੱਪ ਵਿੱਚ ਭਾਗ ਲੈਣ ਲਈ ਸ਼੍ਰੀਲੰਕਾ ਭੇਜੇਗੀ, ਪਰ ਭਾਰਤ ਖ਼ਿਲਾਫ਼ ਮੈਚ ਵਿੱਚ 'ਮੈਦਾਨ 'ਤੇ ਨਹੀਂ ਉਤਾਰੇਗੀ।
ਇਸ ਫ਼ੈਸਲੇ ਨੇ ਕ੍ਰਿਕਟ ਦੀ ਦੁਨੀਆ ਨੂੰ ਹਾਲ ਦੇ ਸਾਲਾਂ ਵਿੱਚ ਸਭ ਤੋਂ ਵੱਡੇ ਸੰਕਟ ਵਿੱਚ ਪਾ ਦਿੱਤਾ ਹੈ।
ਆਈਸੀਸੀ ਮੁਕਾਬਲਿਆਂ ਵਿੱਚ ਕਿਸੇ ਟੀਮ ਦਾ ਮੈਚ ਛੱਡਣਾ ਪਹਿਲਾ ਮਾਮਲਾ ਨਹੀਂ ਹੈ।
ਟੀਮਾਂ ਨੇ ਕਦੋਂ-ਕਦੋਂ ਕਦਮ ਪਿੱਛੇ ਛੱਡੇ?
ਸਾਲ 1996 ਦੇ ਵਰਲਡ ਕੱਪ ਵਿੱਚ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਨੇ ਸੁਰੱਖਿਆ ਚਿੰਤਾਵਾਂ ਦੇ ਹਵਾਲੇ ਨਾਲ ਸ਼੍ਰੀਲੰਕਾ ਜਾਣ ਤੋਂ ਇਨਕਾਰ ਕੀਤਾ ਸੀ।
ਵਰਲਡ ਕੱਪ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਕੋਲੰਬੋ ਵਿੱਚ ਗ੍ਰਹਿ ਯੁੱਧ ਦੌਰਾਨ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਹੋਇਆ ਸੀ।
ਇਸ ਦੌਰਾਨ ਸ਼੍ਰੀਲੰਕਾ ਸੈਂਟ੍ਰਲ ਬੈਂਕ 'ਤੇ ਬੰਬ ਧਮਾਕਾ ਹੋਇਆ ਸੀ। ਇਸ ਹਮਲੇ ਵਿੱਚ 91 ਲੋਕ ਮਾਰੇ ਗਏ ਅਤੇ 1400 ਤੋਂ ਵੱਧ ਜ਼ਖ਼ਮੀ ਹੋਏ।
ਸਾਲ 2003 ਵਿੱਚ ਇੰਗਲੈਂਡ ਨੇ ਜਿੰਬਾਬਵੇ ਯਾਤਰਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਨਿਊਜ਼ੀਲੈਂਡ ਨੇ ਕੀਨਿਆ ਯਾਤਰਾ ਨਾ ਕਰਨ ਦਾ ਫ਼ੈਸਲਾ ਵੱਖ-ਵੱਖ ਕਾਰਨਾਂ ਕਰਕੇ ਲਿਆ ਸੀ।
ਬ੍ਰਿਟਿਸ਼ ਸਰਕਾਰ ਹਰਾਰੇ ਵਿੱਚ ਰਾਬਰਟ ਮੁਗਾਬੇ ਦੀ ਹਕੂਮਤ ਖ਼ਿਲਾਫ਼ ਰੁਖ਼ ਅਪਣਾ ਰਹੀ ਸੀ ਅਤੇ ਉਸ ਨੇ ਟੀਮ ਨੂੰ ਯਾਤਰਾ ਨਾ ਕਰਨ ਦਾ ਹੁਕਮ ਦਿੱਤਾ ਸੀ।
ਨਿਊਜ਼ੀਲੈਂਡ ਸਰਕਾਰ ਨੇ ਆਪਣੇ ਪ੍ਰਤੀਨਿਧੀ ਮੰਡਲ ਨੂੰ ਨੈਰੋਬੀ ਜਾਣ ਤੋਂ ਰੋਕਿਆ ਕਿਉਂਕਿ ਕੁਝ ਮਹੀਨੇ ਪਹਿਲਾਂ ਮੋਮਬਾਸਾ ਵਿੱਚ ਬੰਬ ਵਿਸਫੋਟ ਹੋਇਆ ਸੀ।
ਇਸ ਤੋਂ ਬਾਅਦ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ। ਇੰਗਲੈਂਡ ਨੇ ਜਿੰਬਾਬਵੇ ਨੂੰ 2009 ਦੇ ਟੀ-20 ਵਰਲਡ ਕੱਪ ਤੋਂ ਹਟਣ ਲਈ ਰਾਜ਼ੀ ਕੀਤਾ ਕਿਉਂਕਿ ਉਨ੍ਹਾਂ ਦੇ ਖਿਡਾਰੀਆਂ ਨੂੰ ਵੀਜ਼ਾ ਮਿਲਣ ਵਿੱਚ ਦਿੱਕਤ ਆ ਰਹੀ ਸੀ।
ਆਸਟ੍ਰੇਲੀਆ ਨੇ ਸੁਰੱਖਿਆ ਚਿੰਤਾਵਾਂ ਕਰਕੇ 2016 ਵਿੱਚ ਬੰਗਲਾਦੇਸ਼ ਵਿੱਚ ਹੋਣ ਵਾਲੇ ਅੰਡਰ-19 ਵਰਲਡ ਕੱਪ ਤੋਂ ਆਪਣਾ ਨਾਮ ਵਾਪਸ ਲਿਆ ਸੀ।
ਪਰ ਇਨ੍ਹਾਂ ਵਿੱਚੋਂ ਕੋਈ ਵੀ ਮਾਮਲਾ ਮੌਜੂਦਾ ਸਥਿਤੀ ਵਰਗਾ ਨਹੀਂ ਹੈ।
ਇਸ ਵਾਰ ਮਾਮਲਾ ਕਿਉਂ ਵੱਖਰਾ ਹੈ?
ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਨਾ ਖੇਡਣ ਦਾ ਫ਼ੈਸਲਾ ਆਈਸੀਸੀ ਦੇ ਬੰਗਲਾਦੇਸ਼ ਨੂੰ ਲੈ ਕੇ ਲਏ ਗਏ ਫ਼ੈਸਲੇ ਦੇ ਵਿਰੋਧ ਵਿੱਚ ਕੀਤਾ ਹੈ। ਇਹ ਫ਼ੈਸਲਾ ਕਈ ਮਾਪਦੰਡਾਂ ਵਿੱਚ ਵੱਖਰਾ ਹੈ।
ਬੰਗਲਾਦੇਸ਼ ਪਹਿਲਾਂ ਹੀ ਟੂਰਨਾਮੈਂਟ ਤੋਂ ਹਟ ਚੁੱਕਾ ਹੈ। ਬੰਗਲਾਦੇਸ਼ ਨੇ ਆਈਸੀਸੀ ਨੂੰ ਭਾਰਤ ਵਿੱਚ ਆਪਣੀ ਟੀਮ ਦੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਉਸ ਦੇ ਮੈਚਾਂ ਨੂੰ ਸ਼੍ਰੀਲੰਕਾ ਵਿੱਚ ਟਰਾਂਸਫਰ ਕਰਨ ਦਾ ਮਤਾ ਦਿੱਤਾ ਸੀ, ਜਿਸ 'ਤੇ ਇਸਦੇ ਖ਼ਿਲਾਫ਼ ਮਤਦਾਨ ਹੋਇਆ।
ਆਈਸੀਸੀ ਦੀ ਕਾਰਜਕਾਰੀ ਕਮੇਟੀ ਵਿੱਚ ਪਾਕਿਸਤਾਨ ਇੱਕਲੌਤਾ ਦੇਸ਼ ਸੀ, ਜਿਸਨੇ ਬੰਗਲਾਦੇਸ਼ ਦੀ ਭਾਰਤ ਤੋਂ ਬਾਹਰ ਮੈਚ ਕਰਵਾਉਣ ਦੀ ਇੱਛਾ ਦਾ ਸਮਰਥਨ ਕੀਤਾ।
ਭਾਰਤ ਖ਼ਿਲਾਫ਼ ਨਾ ਖੇਡਣ ਦਾ ਐਲਾਨ ਕਰਕੇ ਪਾਕਿਸਤਾਨ ਨੇ ਬੰਗਲਾਦੇਸ਼ ਦੇ ਸਮਰਥਨ ਵਿੱਚ ਇੱਕ ਹੋਰ ਕਦਮ ਚੁੱਕਿਆ ਹੈ।
ਇਹ ਸਪੱਸ਼ਟ ਤੌਰ 'ਤੇ ਇੱਕ ਰਾਜਨੀਤਿਕ ਸੁਨੇਹਾ ਹੈ। ਇਹ ਸਿਰਫ਼ ਬੰਗਲਾਦੇਸ਼ ਨਾਲ ਨਹੀਂ ਜੁੜਿਆ ਹੈ, ਸਗੋਂ ਇਸਦਾ ਸੰਬੰਧ ਪਿਛਲੇ ਸਾਲ ਭਾਰਤੀ ਟੀਮ ਦੇ ਪਾਕਿਸਤਾਨੀ ਟੀਮ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰਨ ਅਤੇ ਫਿਰ ਏਸੀਸੀ ਮੁਖੀ ਮੁਹਸਿਨ ਨਕਵੀ ਤੋਂ ਏਸ਼ੀਆ ਕੱਪ ਟ੍ਰੋਫੀ ਨਾ ਲੈਣ ਦੀ ਪ੍ਰਤੀਕਿਰਿਆ ਨਾਲ ਵੀ ਹੈ। ਨਕਵੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਹੋਣ ਦੇ ਨਾਲ-ਨਾਲ ਦੇਸ਼ ਦੇ ਗ੍ਰਹਿ ਮੰਤਰੀ ਵੀ ਹਨ।
ਇਹ ਫ਼ੈਸਲਾ ਪਾਕਿਸਤਾਨੀ ਇਸਟੈਬਲਿਸ਼ਮੈਂਟ ਦੇ ਸਮਰਥਕਾਂ ਦੀ ਸੋਚ ਨੂੰ ਧਿਆਨ ਵਿੱਚ ਰੱਖਦਾ ਹੈ।
ਕ੍ਰਿਕਟ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਬੰਗਲਾਦੇਸ਼ ਨੂੰ ਲੈ ਕੇ ਆਈਸੀਸੀ ਬੋਰਡ ਦੇ ਫ਼ੈਸਲੇ ਦਾ ਇਹ ਪਹਿਲਾ ਵਿਰੋਧ ਹੈ ਅਤੇ ਇਸ ਦੇ ਨਾਲ ਬੀਸੀਸੀਆਈ ਖ਼ਿਲਾਫ਼ ਵੀ ਹੈ। ਕ੍ਰਿਕਟ ਦੁਨੀਆ ਵਿੱਚ ਘੱਟੋ-ਘੱਟ ਪਿਛਲੇ 15 ਸਾਲਾਂ ਵਿੱਚ ਅਜਿਹਾ ਨਹੀਂ ਹੋਇਆ।
ਪਾਕਿਸਤਾਨ 'ਤੇ ਕੀ ਅਸਰ ਹੋਵੇਗਾ?
ਹਾਲਾਂਕਿ ਇਸ ਨਾਲ ਵਰਲਡ ਕੱਪ ਵਿੱਚ ਪਾਕਿਸਤਾਨੀ ਟੀਮ 'ਤੇ ਦਬਾਅ ਵਧੇਗਾ, ਪਰ ਇਸ ਪੱਖ 'ਤੇ ਜ਼ਿਆਦਾ ਚਰਚਾ ਨਹੀਂ ਹੋ ਰਹੀ।
ਆਨਲਾਈਨ ਅਤੇ ਸੋਸ਼ਲ ਮੀਡੀਆ 'ਤੇ ਇਸ ਵਿਸ਼ੇ 'ਤੇ ਕਾਫ਼ੀ ਕੁਝ ਲਿਖਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਅਣਜਾਣ ਆਈਸੀਸੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਬਾਇਕਾਟ ਦੇ ਕਾਰਨ ਪਾਕਿਸਤਾਨ 'ਤੇ ਵਿੱਤੀ ਨੁਕਸਾਨ ਹੋ ਸਕਦੇ ਹਨ। ਨਾਲ ਹੀ ਖੇਡ ਵਿੱਚ ਉਨ੍ਹਾਂ ਦੀ ਪਛਾਣ ਅਤੇ ਸਨਮਾਨ 'ਤੇ ਅਸਰ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ।
25 ਕਰੋੜ ਡਾਲਰ ਦੇ ਜੁਰਮਾਨੇ ਦੀ ਵੀ ਚਰਚਾ ਹੈ, ਪਰ ਇਸਦਾ ਦੂਜਾ ਪੱਖ ਆਈਸੀਸੀ ਦੀ ਆਮਦਨੀ ਅਤੇ ਭਾਰਤ-ਪਾਕਿਸਤਾਨ ਮੈਚਾਂ ਦੇ ਮੀਡੀਆ ਸੌਦਿਆਂ ਵਿੱਚ ਅਹਿਮ ਯੋਗਦਾਨ ਹੈ। ਆਈਸੀਸੀ ਨੇ ਭਾਰਤ-ਪਾਕਿਸਤਾਨ ਮੈਚ ਨੂੰ ਵਿਸ਼ਵ ਕ੍ਰਿਕਟ ਦੀ 'ਕਾਮਧੇਨੁ' ਵਜੋਂ ਪੇਸ਼ ਕੀਤਾ ਹੈ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਰਾਜਨੀਤਕ ਤਣਾਅ ਦੇ ਕਾਰਨ ਅਸੀਂ ਇਸ ਸਥਿਤੀ ਤੱਕ ਪਹੁੰਚੇ ਹਾਂ, ਕਿਉਂਕਿ ਦੋਵੇਂ ਦੇਸ਼ ਦੁਵੱਲੀ ਕ੍ਰਿਕਟ ਨਹੀਂ ਖੇਡਦੇ। ਇਸ ਮੁਕਾਬਲੇ ਨੂੰ ਦੋਵਾਂ ਦੇਸ਼ਾਂ ਦੇ ਲੱਖਾਂ ਪ੍ਰਸ਼ੰਸਕ ਉਸ ਸਮੇਂ ਹੀ ਦੇਖ ਸਕਦੇ ਹਨ, ਜਦੋਂ ਆਈਸੀਸੀ ਦੇ ਕਿਸੇ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਦੇ ਸਾਹਮਣੇ ਹੁੰਦੇ ਹਨ।
ਆਈਸੀਸੀ ਮੁਤਾਬਕ ਸਾਲ 2023 ਦੇ ਭਾਰਤ-ਪਾਕਿਸਤਾਨ ਵਰਲਡ ਕੱਪ ਮੈਚ ਨੂੰ ਓਟੀਟੀ ਪਲੇਟਫਾਰਮ 'ਤੇ ਇਕੱਠੇ ਦੇਖਣ ਵਾਲਿਆਂ ਦੀ ਗਿਣਤੀ 3.5 ਕਰੋੜ ਸੀ। ਇਸ ਵਿੱਚ ਭਾਰਤ ਦੇ ਬਾਹਰ ਜਾਂ ਕੇਬਲ ਚੈਨਲ ਦੇ ਦਰਸ਼ਕ ਸ਼ਾਮਲ ਨਹੀਂ ਹਨ।
ਹਾਲ ਦੇ ਸਾਲਾਂ ਵਿੱਚ ਆਈਸੀਸੀ ਨੇ ਜਾਣਬੂਝ ਕੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਦੋਵੇਂ ਟੀਮਾਂ ਉਸਦੇ ਆਯੋਜਨਾਂ ਵਿੱਚ ਜਿੰਨਾ ਹੋ ਸਕੇ ਮੈਚ ਖੇਡ ਸਕਣ। ਹਰ ਆਈਸੀਸੀ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਨੂੰ ਇੱਕੋ ਸਮੂਹ ਵਿੱਚ ਰੱਖਿਆ ਜਾਂਦਾ ਹੈ।
ਹਰ ਟੂਰਨਾਮੈਂਟ ਦੇ ਪ੍ਰੋਗਰਾਮ ਵਿੱਚ ਦੋਵਾਂ ਟੀਮਾਂ ਦੇ ਸੰਭਾਵਿਤ ਨਾਕਆਉਟ ਮੁਕਾਬਲਿਆਂ ਲਈ ਵਿਕਲਪੀ ਸਥਾਨ ਪਹਿਲਾਂ ਹੀ ਤੈਅ ਕੀਤੇ ਜਾਂਦੇ ਹਨ।
ਹਾਲ ਦੇ ਸਾਲਾਂ ਵਿੱਚ ਭਾਰਤ ਆਈਸੀਸੀ ਮੁਕਾਬਲਿਆਂ ਲਈ ਵੀ ਪਾਕਿਸਤਾਨ ਜਾਣ ਤੋਂ ਇਨਕਾਰ ਕਰਦਾ ਰਿਹਾ ਹੈ। ਦੂਜੇ ਪਾਸੇ, ਪਾਕਿਸਤਾਨ ਭਾਰਤ ਵਿੱਚ ਮੈਚ ਖੇਡਦਾ ਰਿਹਾ ਹੈ।
ਆਈਸੀਸੀ 'ਤੇ ਉਠਦੇ ਸਵਾਲ
ਸਾਲ 2024 ਦੇ ਅੰਤ ਵਿੱਚ ਇੱਕ ਫ਼ਾਰਮੂਲਾ ਸਾਹਮਣੇ ਆਇਆ, ਜਿਸ ਅਨੁਸਾਰ ਪਾਕਿਸਤਾਨ ਨੇ ਕਿਹਾ ਕਿ ਉਹ ਭਾਰਤ ਨਾਲ ਸਿਰਫ਼ ਨਿਊਟ੍ਰਲ ਮੈਦਾਨ 'ਤੇ ਹੀ ਖੇਲੇਗਾ। ਇਹ ਬੀਸੀਸੀਆਈ ਲਈ ਲਾਭਦਾਇਕ ਸਮਝੌਤਾ ਸੀ।
ਆਈਸੀਸੀ ਨੇ ਭਾਰਤ ਅਤੇ ਬੰਗਲਾਦੇਸ਼ ਲਈ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਵੱਖ-ਵੱਖ ਮਾਪਦੰਡ ਅਪਨਾਏ ਹਨ। ਪਿਛਲੇ ਸਾਲ ਚੈਂਪੀਅਨਜ਼ ਟ੍ਰੋਫੀ ਤੋਂ ਪਹਿਲਾਂ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਅਤੇ ਹੁਣ ਮੁਸਤਫਿਜ਼ੁਰ ਦੇ ਆਈਪੀਐੱਲ ਕਾਂਟ੍ਰੈਕਟ ਦੇ ਬਾਅਦ ਬੰਗਲਾਦੇਸ਼ ਵੱਲੋਂ ਚੁੱਕੀਆਂ ਗਈਆਂ ਚਿੰਤਾਵਾਂ 'ਤੇ ਆਈਸੀਸੀ ਦਾ ਰੁਖ਼ ਵੱਖਰਾ ਰਿਹਾ।
ਬੰਗਲਾਦੇਸ਼ ਦੇ ਸਮਰਥਕ ਵਜੋਂ ਪਾਕਿਸਤਾਨ ਦੇ ਸਾਹਮਣੇ ਆਉਣ ਨਾਲ ਵਿਸ਼ਵ ਕ੍ਰਿਕਟ ਦੇ ਸਮੀਕਰਨਾਂ ਵਿੱਚ ਪੁਰਾਣੇ ਅਤੇ ਜਾਣੇ-ਪਛਾਣੇ ਪੈਟਰਨ ਵਿੱਚ ਨਾਟਕੀ ਬਦਲਾਅ ਆ ਗਿਆ ਹੈ।
ਫਿਲਹਾਲ, ਸੰਕਟਮਈ ਸਥਿਤੀ ਬਣੀ ਹੋਈ ਹੈ। ਅਜਿਹਾ ਨਹੀਂ ਲੱਗਦਾ ਕਿ ਬੰਗਲਾਦੇਸ਼ੀ, ਭਾਰਤੀ ਜਾਂ ਪਾਕਿਸਤਾਨੀ ਬੋਰਡ ਆਪਣੇ-ਆਪਣੇ ਰੁਖ਼ ਤੋਂ ਪਿੱਛੇ ਹਟਣਗੇ।
ਆਈਸੀਸੀ 'ਤੇ ਪਹਿਲਾਂ ਵੀ ਸਵਾਲ ਉਠਦੇ ਰਹੇ ਹਨ ਅਤੇ ਇਸ ਵਾਰ ਵੀ ਸਥਿਤੀ ਉਨ੍ਹਾਂ ਲਈ ਅਸਹਜ ਹੈ। ਅਨਾਮ ਸੂਤਰਾਂ ਦੇ ਹਵਾਲੇ ਨਾਲ ਪਾਬੰਦੀਆਂ ਅਤੇ ਜੁਰਮਾਨਿਆਂ ਦੀਆਂ ਗੱਲਾਂ ਪਾਕਿਸਤਾਨ 'ਤੇ ਦਬਾਅ ਬਣਾਉਣ ਲਈ ਪ੍ਰਭਾਵਸ਼ਾਲੀ ਨਹੀਂ ਹੋਣਗੀਆਂ।
ਟੀ-20 ਵਰਲਡ ਕੱਪ 2026 ਦੀ ਸਾਖ਼ ਨੂੰ ਨੁਕਸਾਨ ਪਹੁੰਚਾ ਹੈ ਅਤੇ ਕ੍ਰਿਕਟ ਖੇਡ ਅਸਲੀ ਮੁੱਦਿਆਂ ਤੋਂ ਭਟਕ ਗਿਆ ਹੈ। ਆਈਸੀਸੀ ਦੇ ਸਿਖ਼ਰਲੇ ਪੱਧਰ 'ਤੇ ਮੈਚਿਓਰ ਅਤੇ ਦੂਰਦਰਸ਼ੀ ਅਗਵਾਈ ਦੀ ਘਾਟ ਨੇ ਹੀ ਇਸ ਸਥਿਤੀ ਨੂੰ ਜਨਮ ਦਿੱਤਾ।
ਲਾਸ ਐਂਜਲਿਸ ਵਿੱਚ 126 ਸਾਲ ਬਾਅਦ ਓਲੰਪਿਕ ਵਿੱਚ ਵਾਪਸੀ ਕਰਨ ਵਾਲਾ ਇਹ ਖੇਡ ਅੱਜ ਕੁਝ ਝਗੜਾਲੂ ਸਕੂਲੀ ਬੱਚਿਆਂ ਦੇ ਸਮੂਹ ਵਾਂਗ ਦਿੱਸ ਰਿਹਾ ਹੈ, ਜਿਨ੍ਹਾਂ ਉੱਤੇ ਇੱਕ ਜ਼ਬਰਦਸਤ ਹਕੂਮਤ ਚੱਲ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ