ਟੀ-20 ਵਰਲਡ ਕੱਪ: ਪਾਕਿਸਤਾਨ ਵੱਲੋਂ ਭਾਰਤ ਦਾ ਬਾਇਕਾਟ, ਆਈਸੀਸੀ ਨੇ ਕੀ ਦਿੱਤੀ ਚੇਤਾਵਨੀ ਤੇ ਹੁਣ ਉਨ੍ਹਾਂ ਕੋਲ ਕੀ ਹਨ ਬਦਲ

ਪੜ੍ਹਨ ਦਾ ਸਮਾਂ: 9 ਮਿੰਟ

ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਸ ਦੀ ਕ੍ਰਿਕਟ ਟੀਮ ਟੀ-20 ਵਰਲਡ ਕੱਪ ਵਿੱਚ 15 ਫ਼ਰਵਰੀ ਨੂੰ ਭਾਰਤ ਦੇ ਖ਼ਿਲਾਫ਼ ਹੋਣ ਵਾਲੇ ਮੈਚ ਦਾ ਬਾਈਕਾਟ ਕਰੇਗੀ।

ਭਾਰਤ ਅਤੇ ਸ਼੍ਰੀਲੰਕਾ ਵਿੱਚ 7 ਫ਼ਰਵਰੀ ਤੋਂ ਆਈਸੀਸੀ ਟੀ-20 ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਹੈ।

ਪਾਕਿਸਤਾਨ ਸਰਕਾਰ ਨੇ ਐਕਸ 'ਤੇ ਲਿਖਿਆ, "ਇਸਲਾਮੀ ਗਣਰਾਜ ਪਾਕਿਸਤਾਨ ਦੀ ਸਰਕਾਰ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਆਈਸੀਸੀ ਟੀ-20 ਵਰਲਡ ਕੱਪ 2026 ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਪਾਕਿਸਤਾਨ ਕ੍ਰਿਕਟ ਟੀਮ 15 ਫ਼ਰਵਰੀ 2026 ਨੂੰ ਭਾਰਤ ਦੇ ਖ਼ਿਲਾਫ਼ ਤੈਅ ਮੈਚ ਵਿੱਚ ਮੈਦਾਨ 'ਤੇ ਨਹੀਂ ਉਤਰੇਗੀ।"

ਪਾਕਿਸਤਾਨ ਸਰਕਾਰ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਈ ਰਿਪੋਰਟਾਂ ਚੱਲ ਰਹੀਆਂ ਸਨ ਕਿ ਪਾਕਿਸਤਾਨ ਕ੍ਰਿਕਟ ਟੀਮ ਨੂੰ ਭਾਰਤ ਦੇ ਖ਼ਿਲਾਫ਼ ਮੈਚ ਖੇਡਣ ਦੀ ਇਜਾਜ਼ਤ ਨਾ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਪਿਛਲੇ ਹਫ਼ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨਾਲ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ "ਪ੍ਰਧਾਨ ਮੰਤਰੀ ਨੇ ਸਾਰੇ ਆਪਸ਼ਨਜ਼ 'ਤੇ ਵਿਚਾਰ ਕਰਕੇ ਮਾਮਲੇ ਨੂੰ ਸੁਲਝਾਉਣ ਦੇ ਨਿਰਦੇਸ਼ ਦਿੱਤੇ ਹਨ।"

ਆਈਸੀਸੀ (ਇੰਟਰਨੈਸ਼ਨਲ ਕ੍ਰਿਕਟ ਕੌਂਸਲ) ਨੇ ਪੀਸੀਬੀ (ਪਾਕਿਸਤਾਨ ਕ੍ਰਿਕਟ ਬੋਰਡ) ਨੂੰ ਭਾਰਤ ਵਿਰੁੱਧ ਟੀ-20 ਵਿਸ਼ਵ ਕੱਪ ਮੈਚ ਦੇ ਬਾਈਕਾਟ ਦੇ ਫੈਸਲੇ 'ਤੇ ਚੇਤਾਵਨੀ ਦਿੱਤੀ ਹੈ।

ਆਈਸੀਸੀ ਨੇ ਕਿਹਾ ਹੈ ਕਿ 'ਉਹ ਉਮੀਦ ਕਰਦਾ ਹੈ ਕਿ ਪੀਸੀਬੀ ਇੱਕ ਆਪਸੀ ਸਹਿਮਤੀ ਵਾਲਾ ਹੱਲ ਲੱਭੇ, ਜੋ ਸਾਰੇ ਸਬੰਧਤ ਪੱਖਾਂ ਦੇ ਹਿੱਤਾਂ ਦੀ ਰੱਖਿਆ ਕਰਦਾ ਹੋਵੇ।"

ਆਈਸੀਸੀ ਨੇ ਪਾਕਿਸਤਾਨ ਦੇ ਫੈਸਲੇ ਦੇ "ਦੂਰਗਾਮੀ ਨਤੀਜੇ" ਹੋਣ ਦੀ ਗੱਲ ਵੀ ਕਹੀ ਹੈ।

ਪਾਕਿਸਤਾਨ ਨੇ ਬੰਗਲਾਦੇਸ਼ ਦਾ ਕੀਤਾ ਸੀ ਸਮਰਥਨ

ਬੰਗਲਾਦੇਸ਼ ਨੇ ਪਿਛਲੇ ਮਹੀਨੇ ਸੁਰੱਖਿਆ ਕਾਰਨਾਂ ਕਰਕੇ ਭਾਰਤ ਵਿੱਚ ਟੀ-20 ਵਰਲਡ ਕੱਪ ਦੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੀ ਥਾਂ ਟੂਰਨਾਮੈਂਟ ਵਿੱਚ ਸਕਾਟਲੈਂਡ ਨੂੰ ਸ਼ਾਮਲ ਕੀਤਾ ਗਿਆ ਹੈ।

ਪੀਸੀਬੀ ਚੇਅਰਮੈਨ ਮੋਹਸਿਨ ਨਕਵੀ ਨੇ ਆਈਸੀਸੀ ਦੇ ਫ਼ੈਸਲੇ ਨੂੰ "ਗ਼ਲਤ" ਦੱਸਿਆ ਸੀ ਅਤੇ ਇਸਨੂੰ ਡਬਲ ਸਟੈਂਡਰਡ ਕਰਾਰ ਦਿੱਤਾ ਸੀ।

ਉਨ੍ਹਾਂ ਕਿਹਾ ਸੀ, "ਬੰਗਲਾਦੇਸ਼ 'ਤੇ ਵੀ ਉਹੀ ਨਿਯਮ ਲਾਗੂ ਹੋਣਾ ਚਾਹੀਦਾ ਹੈ ਜੋ ਕਿਸੇ ਹੋਰ 'ਤੇ ਲਾਗੂ ਹੁੰਦਾ ਹੈ। ਜੇਕਰ ਕੋਈ ਦੇਸ਼ ਸੁਰੱਖਿਆ ਕਾਰਨਾਂ ਕਰਕੇ ਕਿਸੇ ਹੋਰ ਦੇਸ਼ ਵਿੱਚ ਖੇਡਣ ਤੋਂ ਇਨਕਾਰ ਕਰਦਾ ਹੈ, ਤਾਂ ਬੰਗਲਾਦੇਸ਼ ਨੂੰ ਵੀ ਇਹ ਅਧਿਕਾਰ ਹੋਣਾ ਚਾਹੀਦਾ ਹੈ।"

ਪਿਛਲੇ ਸਾਲ ਪਾਕਿਸਤਾਨ ਵਿੱਚ ਹੋਈ ਚੈਂਪੀਅਨਜ਼ ਟ੍ਰਾਫੀ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਸ ਦੇ ਮੈਚ ਦੁਬਈ ਵਿੱਚ ਖੇਡੇ ਗਏ ਸਨ।

ਉਨ੍ਹਾਂ ਕਿਹਾ, "ਇਸ ਸਥਿਤੀ ਵਿੱਚ ਸਰਕਾਰ ਹੁਣ ਵਿਸ਼ਵ ਕੱਪ ਲਈ ਸ਼੍ਰੀਲੰਕਾ ਵਿੱਚ ਇੱਕ ਟੀਮ ਭੇਜਣ ਦਾ ਫ਼ੈਸਲਾ ਕਰੇਗੀ ਅਤੇ ਜੇਕਰ ਬੰਗਲਾਦੇਸ਼ ਨਾਲ ਨਿਆਂ ਨਹੀਂ ਹੋਇਆ, ਤਾਂ ਆਈਸੀਸੀ ਚਾਹੇ ਤਾਂ 22ਵੀਂ ਟੀਮ ਵੀ ਸ਼ਾਮਲ ਕਰ ਸਕਦੀ ਹੈ।"

ਜਦੋਂ ਮੋਹਸਿਨ ਨਕਵੀ ਤੋਂ ਪੁੱਛਿਆ ਗਿਆ ਕਿ, "ਜੇਕਰ ਪਾਕਿਸਤਾਨ ਵੀ ਟੀ-20 ਵਰਲਡ ਕੱਪ ਨਹੀਂ ਖੇਡਦਾ ਤਾਂ 'ਪਲਾਨ ਬੀ' ਕੀ ਹੈ?", ਤਾਂ ਉਨ੍ਹਾਂ ਜਵਾਬ ਦਿੱਤਾ ਸੀ, "ਪਹਿਲਾਂ ਫ਼ੈਸਲਾ ਹੋਣ ਦਿਓ, ਸਾਡੇ ਕੋਲ ਪਲਾਨ ਏ, ਬੀ, ਸੀ ਅਤੇ ਡੀ ਹਨ।"

'ਜੇ ਫ਼ਾਈਨਲ ਹੀ ਭਾਰਤ-ਪਾਕਿਸਤਾਨ ਦੇ ਵਿਚਕਾਰ ਹੋਇਆ ਤਾਂ?'

ਪਾਕਿਸਤਾਨ ਦੇ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕ੍ਰਿਕਟ ਕਮੈਂਟੇਟਰ ਹਰਸ਼ਾ ਭੋਗਲੇ ਨੇ ਇਸ ਫ਼ੈਸਲੇ ਨੂੰ ਲੈ ਕੇ ਐਕਸ 'ਤੇ ਪੋਸਟ ਕਰਦਿਆਂ ਲਿਖਿਆ, "ਜੇਕਰ ਪਾਕਿਸਤਾਨ ਵਰਲਡ ਕੱਪ ਵਿੱਚ ਜਾਂਦਾ ਹੈ ਪਰ ਭਾਰਤ ਦੇ ਖ਼ਿਲਾਫ਼ ਮੈਚ ਨਹੀਂ ਖੇਡਦਾ, ਤਾਂ ਆਈਸੀਸੀ ਦੀ ਪ੍ਰਤੀਕਿਰਿਆ ਦੇਖਣਾ ਬਹੁਤ ਦਿਲਚਸਪ ਹੋਵੇਗਾ।''

ਉਨ੍ਹਾਂ ਲਿਖਿਆ, ''ਮੈਨੂੰ ਇਸ ਦੀ ਕਾਨੂੰਨੀ ਸਥਿਤੀ ਬਾਰੇ ਨਹੀਂ ਪਤਾ ਅਤੇ ਨਾ ਹੀ ਇਹ ਕਿ ਪਿਛਲੇ ਉਦਾਹਰਣਾਂ ਦੇ ਆਧਾਰ 'ਤੇ ਇਹ ਮਾਮਲਾ ਕਿਵੇਂ ਨਿਪਟੇਗਾ। ਪਰ ਮੈਨੂੰ ਹੈਰਾਨੀ ਨਹੀਂ ਹੋਵੇਗੀ ਜੇ ਆਈਸੀਸੀ ਪ੍ਰਸਾਰਕਾਂ ਦੇ ਨੁਕਸਾਨ ਦੀ ਭਰਪਾਈ ਪਾਕਿਸਤਾਨ ਦੇ ਆਈਸੀਸੀ ਰੇਵਨਿਊ ਸ਼ੇਅਰ ਤੋਂ ਕਰਨ ਲਈ ਕਹਿ ਦੇਵੇ। ਅਤੇ ਉਂਝ ਵੀ ਜੇ ਫ਼ਾਈਨਲ ਹੀ ਭਾਰਤ-ਪਾਕਿਸਤਾਨ ਦੇ ਵਿਚਕਾਰ ਹੋਇਆ ਤਾਂ ਕੀ ਹੋਵੇਗਾ?"

ਸੀਨੀਅਰ ਖੇਡ ਪੱਤਰਕਾਰ ਜੀਐੱਸ ਵਿਵੇਕ ਨੇ ਐਕਸ 'ਤੇ ਲਿਖਿਆ, "ਪਾਕਿਸਤਾਨ ਸਰਕਾਰ ਨੇ ਇਹ ਫ਼ੈਸਲਾ ਪੀਸੀਬੀ ਤੋਂ ਪਹਿਲਾਂ ਕਿਉਂ ਐਲਾਨ ਕੀਤਾ? ਆਈਸੀਸੀ ਨੇ ਪਹਿਲਾਂ ਵੀ ਅੰਸ਼ਕ ਬਾਇਕਾਟ ਦੀ ਇਜਾਜ਼ਤ ਦਿੱਤੀ ਹੈ। ਜਿਵੇਂ ਸਾਲ 1996 ਵਿੱਚ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਦਾ ਸ਼੍ਰੀਲੰਕਾ ਦੇ ਖ਼ਿਲਾਫ਼, ਅਤੇ ਸਾਲ 2003 ਵਿੱਚ ਨਿਊਜ਼ੀਲੈਂਡ ਅਤੇ ਇੰਗਲੈਂਡ ਦਾ ਜ਼ਿੰਬਾਬਵੇ ਦੇ ਖ਼ਿਲਾਫ਼।"

ਉਨ੍ਹਾਂ ਕਿਹਾ, "ਇਨ੍ਹਾਂ ਚਾਰਾਂ ਟੀਮਾਂ ਨੂੰ ਆਪਣਾ ਸੈਂਟਰਲ ਰੈਵਨਿਊ ਮਿਲਿਆ ਸੀ ਅਤੇ ਉਨ੍ਹਾਂ 'ਤੇ ਕੋਈ ਸਜ਼ਾ ਨਹੀਂ ਦਿੱਤੀ ਗਈ ਸੀ, ਕਿਉਂਕਿ ਇਹ ਫੈਸਲਾ ਉਨ੍ਹਾਂ ਦੀਆਂ ਸਰਕਾਰਾਂ ਦੇ ਹੁਕਮ 'ਤੇ ਲਿਆ ਗਿਆ ਸੀ। ਇਹੀ ਕਾਰਨ ਹੈ ਕਿ ਪਾਕਿਸਤਾਨੀ ਸਰਕਾਰ ਨੇ ਇਹ ਐਲਾਨ ਖ਼ੁਦ ਕੀਤਾ, ਤਾਂ ਜੋ ਪੀਸੀਬੀ ਉਸ ਸਰਕਾਰੀ ਆਦੇਸ਼ ਦੇ ਪਿੱਛੇ ਲੁਕ ਸਕੇ। ਜਿੱਥੋਂ ਤੱਕ ਟੂਰਨਾਮੈਂਟ ਦੀ ਸਥਿਤੀ ਦੀ ਗੱਲ ਹੈ, ਤਾਂ ਭਾਰਤ ਅਤੇ ਪਾਕਿਸਤਾਨ ਸਿਰਫ਼ ਫ਼ਾਈਨਲ ਵਿੱਚ ਹੀ ਇੱਕ-ਦੂਜੇ ਨਾਲ ਖੇਡ ਸਕਦੇ ਹਨ, ਅਤੇ ਮੌਜੂਦਾ ਫ਼ਾਰਮ ਨੂੰ ਦੇਖਦਿਆਂ ਇਹ ਵੀ ਕਾਫ਼ੀ ਮੁਸ਼ਕਲ ਲੱਗਦਾ ਹੈ।"

ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਐਕਸ 'ਤੇ ਲਿਖਿਆ, "ਵੱਡੀ ਖ਼ਬਰ- ਪਾਕਿਸਤਾਨ ਨੇ ਕਿਹਾ ਹੈ ਕਿ ਉਹ ਟੀ-20 ਵਰਲਡ ਕੱਪ ਵਿੱਚ ਭਾਰਤ ਦੇ ਖ਼ਿਲਾਫ਼ ਮੈਚ ਨਹੀਂ ਖੇਡੇਗਾ। ਮੇਰੀ ਨਜ਼ਰ ਵਿੱਚ ਇਸ ਦੇ ਲਈ ਪਾਕਿਸਤਾਨ ਖ਼ਿਲਾਫ਼ ਆਈਸੀਸੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਬੰਗਲਾਦੇਸ਼ ਕੋਲ ਨਾਖੁਸ਼ ਹੋਣ ਦੇ ਕੁਝ ਕਾਰਨ ਸਨ, ਪਰ ਪਾਕਿਸਤਾਨ ਨੇ ਪਹਿਲਾਂ ਹੀ ਹਾਈਬ੍ਰਿਡ ਮਾਡਲ 'ਤੇ ਸਹਿਮਤੀ ਦੇ ਦਿੱਤੀ ਸੀ। ਹੁਣ ਪਿੱਛੇ ਹਟਣ ਦਾ ਕੋਈ ਕਾਰਨ ਨਹੀਂ ਬਣਦਾ।

ਭਾਰਤ ਦੇ ਸਾਬਕਾ ਕ੍ਰਿਕਟਰ ਮਦਨ ਲਾਲ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ ਕਿ ਪਾਕਿਸਤਾਨੀ ਸਰਕਾਰ ਅਤੇ ਪੀਸੀਬੀ ਇਸ ਫ਼ੈਸਲੇ ਨਾਲ ਆਪਣੀ ਹੀ "ਕ੍ਰਿਕਟ ਨੂੰ ਬਰਬਾਦ ਕਰ ਰਹੇ ਹਨ''।

ਉਨ੍ਹਾਂ ਕਿਹਾ, "ਇਸ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣ ਲੱਗੀਆਂ। ਕੋਈ ਤਾਂ ਹੋਵੇ ਜੋ ਸਹੀ ਸੋਚੇ। ਇਸ ਸਮੇਂ ਉਹ ਬਿਲਕੁਲ ਸਹੀ ਨਹੀਂ ਸੋਚ ਰਹੇ। ਉਹ ਬੰਗਲਾਦੇਸ਼ ਦਾ ਸਮਰਥਨ ਕਰਨਾ ਚਾਹੁੰਦੇ ਹਨ। ਤੁਸੀਂ ਕਰਦੇ ਰਹੋ, ਇਹ ਸਾਡੀ ਚਿੰਤਾ ਨਹੀਂ ਹੈ। ਪਰ ਅਖ਼ੀਰ ਵਿੱਚ ਨੁਕਸਾਨ ਬੰਗਲਾਦੇਸ਼ ਅਤੇ ਪਾਕਿਸਤਾਨ ਦਾ ਹੀ ਹੋਵੇਗਾ। ਅਸਲ ਗੱਲ ਇਹ ਹੈ ਕਿ ਨਿਊਜ਼ੀਲੈਂਡ, ਇੰਗਲੈਂਡ, ਦੱਖਣੀ ਅਫ਼ਰੀਕਾ ਅਤੇ ਆਸਟ੍ਰੇਲੀਆ, ਇਹ ਵੱਡੇ ਕ੍ਰਿਕਟ ਦੇਸ਼ ਹਨ ਜੋ ਭੀੜ ਲੈ ਕੇ ਆਉਣਗੇ ਅਤੇ ਸਪਾਂਸਰਸ਼ਿਪ ਵੀ ਉੱਥੇ ਹੀ ਜਾਵੇਗੀ।"

ਪਾਕਿਸਤਾਨੀ ਟੀਮ ਦੇ ਕਪਤਾਨ ਨੇ ਕੀ ਕਿਹਾ?

ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਸਲਮਾਨ ਆਗਾ ਨੇ ਕਿਹਾ ਹੈ ਕਿ ਟੀ-20 ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਨਾ ਖੇਡਣ ਦਾ ਫੈਸਲਾ ਪਾਕਿਸਤਾਨੀ ਕ੍ਰਿਕਟਰਾਂ ਦਾ ਨਹੀਂ ਸੀ।

ਲਾਹੌਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਸਲਮਾਨ ਅਲੀ ਆਗਾ ਨੂੰ ਭਾਰਤ ਵਿਰੁੱਧ ਨਾ ਖੇਡਣ ਦੇ ਫੈਸਲੇ ਬਾਰੇ ਸਵਾਲ ਕੀਤਾ ਗਿਆ।

ਜਿਸ 'ਤੇ ਉਨ੍ਹਾਂ ਜਵਾਬ ਦਿੱਤਾ, "ਉਹ ਸਾਡਾ ਫੈਸਲਾ ਨਹੀਂ ਹੈ, ਉਸ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ। ਜੋ ਸਾਡੀ ਸਰਕਾਰ, ਸਾਡੇ ਚੇਅਰਮੈਨ ਸਾਨੂੰ ਜੋ ਕਹਿਣਗੇ, ਅਸੀਂ ਉਹੀ ਕਰਨਾ ਹੈ। ਉਹ ਜਿਵੇਂ ਕਹਿਣਗੇ, ਅਸੀਂ ਕਰਾਂਗੇ।''

ਆਈਸੀਸੀ ਨੇ ਕੀ ਕਿਹਾ?

ਪਾਕਿਸਤਾਨ ਸਰਕਾਰ ਦਾ ਬਿਆਨ ਜਾਰੀ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਆਈਸੀਸੀ ਨੇ ਇੱਕ ਵਿਸਤ੍ਰਿਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਸਨੂੰ ਅਜੇ ਤੱਕ ਪੀਸੀਬੀ ਵੱਲੋਂ ਅਧਿਕਾਰਤ ਤੌਰ 'ਤੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਪਾਕਿਸਤਾਨ ਦੇ ਇਸ ਫ਼ੈਸਲੇ ਨਾਲ ਵਿਸ਼ਵ ਪੱਧਰੀ ਕ੍ਰਿਕਟ ਢਾਂਚੇ 'ਤੇ ਅਸਰ ਪੈ ਸਕਦਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ "ਆਈਸੀਸੀ ਨੇ ਪਾਕਿਸਤਾਨ ਸਰਕਾਰ ਦੇ ਉਸ ਬਿਆਨ ਦਾ ਨੋਟਿਸ ਲਿਆ ਹੈ, ਜਿਸ ਵਿੱਚ ਉਸਨੇ ਆਈਸੀਸੀ ਮੇਨਜ਼ ਟੀ20 ਵਰਲਡ ਕੱਪ 2026 ਵਿੱਚ ਆਪਣੀ ਰਾਸ਼ਟਰੀ ਟੀਮ ਨੂੰ ਸਿਲੈਕਟਿਵ ਰੂਪ ਨਾਲ ਸ਼ਾਮਲ ਕਰਨ ਦੇ ਨਿਰਦੇਸ਼ ਦੇਣ ਦੇ ਫ਼ੈਸਲੇ ਦੀ ਗੱਲ ਕਹੀ ਹੈ।"

ਇਸ ਵਿਚ ਅੱਗੇ ਕਿਹਾ ਗਿਆ ਹੈ, "ਆਈਸੀਸੀ ਨੂੰ ਹੁਣ ਤੱਕ ਪੀਸੀਬੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਸਿਲੈਕਟਿਵ ਪਾਰਟਿਸਿਪੇਸ਼ਨ ਦਾ ਇਹ ਰੁਖ਼ ਕਿਸੇ ਵੀ ਵਿਸ਼ਵ ਪੱਧਰੀ ਖੇਡ ਆਯੋਜਨ ਦੀ ਮੂਲ ਭਾਵਨਾ ਨਾਲ ਮੇਲ ਨਹੀਂ ਖਾਂਦਾ, ਜਿੱਥੇ ਕੁਆਲੀਫਾਈ ਕਰਨ ਵਾਲੀਆਂ ਸਾਰੀਆਂ ਟੀਮਾਂ ਤੋਂ ਤੈਅ ਸ਼ਡਿਊਲ ਤਹਿਤ ਬਰਾਬਰੀ ਦੇ ਆਧਾਰ 'ਤੇ ਖੇਡਣ ਦੀ ਉਮੀਦ ਕੀਤੀ ਜਾਂਦੀ ਹੈ।"

"ਆਈਸੀਸੀ ਟੂਰਨਾਮੈਂਟ ਖੇਡ ਦੀ ਇਮਾਨਦਾਰੀ, ਮੁਕਾਬਲੇ, ਨਿਰੰਤਰਤਾ ਅਤੇ ਨਿਰਪੱਖਤਾ 'ਤੇ ਅਧਾਰਤ ਹੁੰਦੇ ਹਨ। ਸਿਲੈਕਟਿਵ ਪਾਰਟਿਸਿਪੇਸ਼ਨ ਇਨ੍ਹਾਂ ਮੁਕਾਬਲਿਆਂ ਦੀ ਭਾਵਨਾ ਅਤੇ ਭਰੋਸੇਯੋਗਤਾ ਨੂੰ ਕਮਜ਼ੋਰ ਕਰਦਾ ਹੈ।"

"ਆਈਸੀਸੀ ਰਾਸ਼ਟਰੀ ਨੀਤੀਆਂ ਨਾਲ ਜੁੜੇ ਮਾਮਲਿਆਂ ਵਿੱਚ ਸਰਕਾਰਾਂ ਦੀ ਭੂਮਿਕਾ ਦਾ ਸਨਮਾਨ ਕਰਦਾ ਹੈ, ਪਰ ਇਹ ਫ਼ੈਸਲਾ ਵਿਸ਼ਵ ਪੱਧਰੀ ਕ੍ਰਿਕਟ ਜਾਂ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੇ ਹਿਤ ਵਿੱਚ ਨਹੀਂ ਹੈ ਅਤੇ ਵਿੱਚ ਪਾਕਿਸਤਾਨ ਦੇ ਲੱਖਾਂ ਪ੍ਰਸ਼ੰਸਕ ਵੀ ਸ਼ਾਮਲ ਹਨ।"

ਇਸ ਬਿਆਨ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ "ਆਈਸੀਸੀ ਨੂੰ ਉਮੀਦ ਹੈ ਕਿ ਪੀਸੀਬੀ ਇਸ ਫ਼ੈਸਲੇ ਦੇ ਗੰਭੀਰ ਅਤੇ ਲੰਬੇ ਸਮੇਂ ਤੱਕ ਪੈਣ ਵਾਲੇ ਪ੍ਰਭਾਵਾਂ 'ਤੇ ਵਿਚਾਰ ਕਰੇਗਾ, ਕਿਉਂਕਿ ਇਸ ਦਾ ਪ੍ਰਭਾਵ ਵਿਸ਼ਵ ਪੱਧਰੀ ਕ੍ਰਿਕਟ ਢਾਂਚੇ 'ਤੇ ਪੈ ਸਕਦਾ ਹੈ, ਜਿਸਦਾ ਪੀਸੀਬੀ ਖੁਦ ਵੀ ਇੱਕ ਮੈਂਬਰ ਅਤੇ ਲਾਭਪਾਤਰੀ ਹੈ।"

ਬਿਆਨ ਦੇ ਅੰਤ ਵਿੱਚ ਕੋਈ ਉਚਿਤ ਹੱਲ ਦੀ ਉਮੀਦ ਜਤਾਉਂਦੇ ਹੋਏ ਕਿਹਾ ਗਿਆ ਹੈ ਕਿ "ਆਈਸੀਸੀ ਦੀ ਤਰਜੀਹ ਆਈਸੀਸੀ ਮੇਂਨਜ਼ ਟੀ20 ਵਰਲਡ ਕੱਪ ਦਾ ਸਫਲ ਆਯੋਜਨ ਹੈ। ਇਹ ਜ਼ਿੰਮੇਦਾਰੀ ਪੀਸੀਬੀ ਸਮੇਤ ਸਾਰੇ ਮੈਂਬਰ ਬੋਰਡਾਂ ਦੀ ਹੈ। ਆਈਸੀਸੀ ਨੂੰ ਉਮੀਦ ਹੈ ਕਿ ਪੀਸੀਬੀ ਸਾਰੇ ਸਟੇਕਹੋਲਡਰਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹੋਏ ਆਪਸੀ ਸਹਿਮਤੀ ਨਾਲ ਕੋਈ ਹੱਲ ਲੱਭੇਗਾ।"

ਆਈਸੀਸੀ ਕੋਲ ਕੀ ਬਦਲ ਹਨ?

ਭਾਰਤ ਅਤੇ ਪਾਕਿਸਤਾਨ ਵਿਚਕਾਰ ਗਰੁੱਪ ਮੈਚ ਹਮੇਸ਼ਾਂ ਤੋਂ ਹੀ ਵਪਾਰਕ ਤੌਰ 'ਤੇ ਬਹੁਤ ਲਾਭਕਾਰੀ ਰਹੇ ਹਨ।

ਸਾਲ 2023 ਵਿੱਚ ਰੈਵਨਿਊ ਵੰਡ ਸਬੰਧੀ ਹੋਏ ਸਮਝੌਤੇ ਮੁਤਾਬਕ, ਆਈਸੀਸੀ ਦੀ ਕੁੱਲ ਕਮਾਈ ਵਿੱਚੋਂ ਪਾਕਿਸਤਾਨ ਨੂੰ ਤਿੰਨ ਕਰੋੜ 45 ਲੱਖ ਡਾਲਰ ਮਿਲਣਗੇ।

ਜਾਣਕਾਰ ਦੱਸਦੇ ਹਨ ਕਿ ਇਸ ਰੈਵਨਿਊ ਵੰਡ ਵਿੱਚ ਪਾਕਿਸਤਾਨ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।

ਸਾਬਕਾ ਭਾਰਤੀ ਕ੍ਰਿਕਟਰ ਅਤੁਲ ਵਾਸਨ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ, "ਮੈਨੂੰ ਉਨ੍ਹਾਂ ਲਈ ਥੋੜ੍ਹਾ ਦੁੱਖ ਵੀ ਹੁੰਦਾ ਹੈ ਅਤੇ ਹੈਰਾਨੀ ਵੀ। ਆਖ਼ਿਰ ਉਹ ਚਾਹੁੰਦੇ ਕੀ ਹਨ… ਜੇਕਰ ਪਾਕਿਸਤਾਨ ਇਹ ਮੈਚ ਨਹੀਂ ਖੇਡਦਾ ਅਤੇ ਅੰਕ ਛੱਡ ਦਿੰਦਾ ਹੈ ਅਤੇ ਬਾਅਦ ਵਿੱਚ ਫਿਰ ਭਾਰਤ ਨਾਲ ਸਾਹਮਣਾ ਹੁੰਦਾ ਹੈ, ਤਾਂ ਕੀ ਉਹ ਉਸ ਵੇਲੇ ਵੀ ਨਹੀਂ ਖੇਡੇਗਾ?"

ਉਨ੍ਹਾਂ ਕਿਹਾ, "ਜੇਕਰ ਤੁਸੀਂ ਇਹ ਫ਼ੈਸਲਾ ਕਰ ਲਿਆ ਹੈ, ਤਾਂ ਤੁਸੀਂ ਆਈਸੀਸੀ ਕੋਲ ਕੋਈ ਬਦਲ ਨਹੀਂ ਛੱਡਿਆ ਹੈ। ਆਈਸੀਸੀ ਨੂੰ ਉਨ੍ਹਾਂ ਨੂੰ ਬਾਹਰ ਕਰਨਾ ਪਵੇਗਾ, ਕਿਉਂਕਿ ਇਹ ਬਲੈਕਮੇਲਿੰਗ ਵਰਗਾ ਹੋਵੇਗਾ।"

ਵਿੱਤੀ ਨੁਕਸਾਨ ਬਾਰੇ ਉਨ੍ਹਾਂ ਕਿਹਾ, "ਉਹ ਭਾਰਤ ਨੂੰ ਨੁਕਸਾਨ ਪਹੁੰਚਾਉਣ ਅਤੇ ਜਵਾਬ ਦੇਣ ਲਈ ਹਰ ਸੰਭਵ ਤਰੀਕਾ ਲੱਭ ਰਹੇ ਹਨ। ਉਹ ਇਹ ਨਹੀਂ ਸਮਝ ਰਹੇ ਕਿ ਉਹ ਖੁਦ ਬਰਬਾਦੀ ਵੱਲ ਵਧ ਰਹੇ ਹਨ… ਉਨ੍ਹਾਂ ਨੂੰ ਇਹ ਗਲਤਫ਼ਹਮੀ ਹੈ ਕਿ ਆਈਸੀਸੀ ਅਤੇ ਬੀਸੀਸੀਆਈ ਇੱਕ ਹੀ ਹਨ, ਜਦਕਿ ਅਜਿਹਾ ਨਹੀਂ ਹੈ। ਸਿਰਫ਼ ਇਸ ਲਈ ਕਿ ਜੈਯ ਸ਼ਾਹ ਆਈਸੀਸੀ ਦੇ ਮੁਖੀ ਹਨ, ਇਸਦਾ ਮਤਲਬ ਇਹ ਨਹੀਂ ਕਿ ਬੀਸੀਸੀਆਈ ਆਈਸੀਸੀ ਨੂੰ ਚਲਾਉਂਦਾ ਹੈ।"

ਟੀ-20 ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ 8 ਵਾਰ ਆਹਮੋ-ਸਾਹਮਣੇ ਆ ਚੁੱਕੇ ਹਨ। ਪਾਕਿਸਤਾਨ ਨੂੰ ਇੱਕ ਮੈਚ ਵਿੱਚ ਜਿੱਤ ਮਿਲੀ ਹੈ, ਜਦਕਿ ਬਾਕੀ ਸੱਤ ਮੈਚਾਂ ਵਿੱਚ ਭਾਰਤ ਨੇ ਜਿੱਤ ਦਰਜ ਕੀਤੀ ਹੈ।

ਇਸੇ ਤਰ੍ਹਾਂ, ਵਨਡੇ ਵਰਲਡ ਕੱਪ ਵਿੱਚ ਦੋਵਾਂ ਟੀਮਾਂ ਦਰਮਿਆਨ 8 ਵਾਰ ਮੁਕਾਬਲਾ ਹੋਇਆ ਹੈ। ਇਨ੍ਹਾਂ ਸਾਰੇ ਅੱਠ ਮੈਚਾਂ ਵਿੱਚ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਜੇਕਰ ਪਾਕਿਸਤਾਨ ਬਾਇਕਾਟ ਕਰਦਾ ਹੈ…

ਪਾਕਿਸਤਾਨ ਗਰੁੱਪ ਏ ਵਿੱਚ ਭਾਰਤ, ਨਾਮੀਬੀਆ, ਨੀਦਰਲੈਂਡਸ ਅਤੇ ਅਮਰੀਕਾ ਦੇ ਨਾਲ ਹੈ।

ਟੂਰਨਾਮੈਂਟ ਦੀ ਸਾਂਝੀ ਮੇਜ਼ਬਾਨੀ ਭਾਰਤ ਅਤੇ ਸ਼੍ਰੀਲੰਕਾ ਕਰ ਰਹੇ ਹਨ, ਜਦਕਿ ਪਾਕਿਸਤਾਨ ਆਪਣੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਖੇਡੇਗਾ।

ਪਾਕਿਸਤਾਨ ਆਪਣਾ ਪਹਿਲਾ ਮੈਚ 7 ਫ਼ਰਵਰੀ ਨੂੰ ਟੀ20 ਵਰਲਡ ਕੱਪ ਦੇ ਉਦਘਾਟਨ ਵਾਲੇ ਦਿਨ ਹੀ ਨੀਦਰਲੈਂਡਸ ਦੇ ਖ਼ਿਲਾਫ਼ ਖੇਡੇਗਾ।

ਇਸ ਤੋਂ ਬਾਅਦ 10 ਫ਼ਰਵਰੀ ਨੂੰ ਅਮਰੀਕਾ ਅਤੇ 18 ਫ਼ਰਵਰੀ ਨੂੰ ਨਾਮੀਬੀਆ ਨਾਲ ਇਸ ਦਾ ਮੁਕਾਬਲਾ ਹੋਵੇਗਾ।

ਜੇਕਰ ਪਾਕਿਸਤਾਨ ਭਾਰਤ ਦੇ ਖ਼ਿਲਾਫ਼ ਮੈਚ ਦਾ ਬਾਈਕਾਟ ਕਰਦਾ ਹੈ ਤਾਂ ਉਸਨੂੰ ਉਸ ਮੁਕਾਬਲੇ ਦੇ ਦੋ ਅੰਕ ਗੁਆਉਣੇ ਪੈਣਗੇ।

ਆਈਸੀਸੀ ਦੀਆਂ ਪਲੇਇੰਗ ਕੰਡੀਸ਼ਨਜ਼ ਮੁਤਾਬਕ, ਬਾਈਕਾਟ ਦਾ ਅਸਰ ਪਾਕਿਸਤਾਨ ਦੇ ਨੈੱਟ ਰਨ ਰੇਟ 'ਤੇ ਵੀ ਪਵੇਗਾ, ਜਦਕਿ ਭਾਰਤ ਦਾ ਨੈੱਟ ਰਨ ਰੇਟ ਪ੍ਰਭਾਵਿਤ ਨਹੀਂ ਹੋਵੇਗਾ।

ਖ਼ਬਰ ਏਜੰਸੀ ਏਐਨਆਈ ਨੇ ਬੀਸੀਸੀਆਈ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਰਤੀ ਟੀਮ 15 ਫ਼ਰਵਰੀ ਦੇ ਮੈਚ ਲਈ ਆਈਸੀਸੀ ਪ੍ਰੋਟੋਕਾਲ ਦੀ ਪਾਲਣਾ ਕਰੇਗੀ। ਟੀਮ ਸ਼ਡਿਊਲ ਦੇ ਮੁਤਾਬਕ ਚਲੇਗੀ, ਪ੍ਰੈੱਸ ਕਾਨਫ਼ਰੰਸ ਕਰੇਗੀ ਅਤੇ ਸਮੇਂ ਸਿਰ ਸਟੇਡੀਅਮ ਪਹੁੰਚ ਜਾਵੇਗੀ ਅਤੇ ਮੈਚ ਰੈਫ਼ਰੀ ਵੱਲੋਂ ਮੈਚ ਰੱਦ ਕਰਨ ਦੇ ਐਲਾਨ ਤੱਕ ਇੰਤਜ਼ਾਰ ਕਰੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)