ਮਕਾਨਾਂ ਨੂੰ ਚੁੱਕਣ ਅਤੇ ਤੋਰਨ ਲਈ ਹਾਈਡ੍ਰੋਲਿਕ ਜੈੱਕਾਂ ਦੀ ਵਰਤੋਂ ਕਿੰਨੀ ਸੁਰੱਖਿਅਤ, ਮਨੁੱਖੀ ਗਲਤੀ ਦੀ ਸੰਭਾਵਨਾ ਸਭ ਤੋਂ ਵੱਧ ਕਿੱਥੇ
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 8 ਮਿੰਟ
ਬਰਨਾਲਾ ਦੇ ਪਿੰਡ ਫਰਵਾਹੀ ਵਿੱਚ ਐਤਵਾਰ ਸਵੇਰੇ ਇੱਕ ਮਕਾਨ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਘਰ ਨੂੰ ਹਾਈਡ੍ਰੋਲਿਕ ਜੈੱਕ ਲਗਾ ਕੇ ਉੱਚਾ ਚੁੱਕਿਆ ਜਾ ਰਿਹਾ ਸੀ।
ਪੁਲਿਸ ਮੁਤਾਬਕ ਸੀਵਰੇਜ ਦਾ ਪਾਣੀ ਕੰਧਾ ਵਿੱਚ ਪੈਣ ਕਰਕੇ ਮਕਾਨ ਇੱਕ ਪਾਸੇ ਤੋਂ ਬੈਠ ਗਿਆ ਸੀ। ਇਸਦੀ ਰਿਪੇਅਰ ਵਾਸਤੇ ਮਕਾਨ ਨੂੰ ਜੈੱਕ ਨਾਲ ਉੱਪਰ ਚੁੱਕਿਆ ਜਾ ਰਿਹਾ ਸੀ।
ਪਰ ਅਚਾਨਕ ਸਵੇਰੇ ਮਕਾਨ ਦੀ ਕੰਧ ਇੱਕ ਸਾਈਡ ਤੋਂ ਝੁਕਣ ਕਰਕੇ ਮਕਾਨ ਡਿੱਗ ਪਿਆ। ਜਦੋਂ ਮਕਾਨ ਡਿੱਗਿਆ ਉਸ ਸਮੇਂ ਮਜ਼ਦੂਰ ਰਾਤ ਨੂੰ ਘਰ ਅੰਦਰ ਸੁੱਤੇ ਹੋਏ ਹਨ।
ਇਹ ਕੋਈ ਪਹਿਲਾ ਘਰ ਨਹੀਂ ਹੈ, ਜਿਸਦੀ ਮੁਰੰਮਤ ਵਾਸਤੇ ਜੈੱਕਾਂ ਦੀ ਮੱਦਦ ਲਈ ਜਾ ਰਹੀ ਸੀ। ਮੌਜੂਦਾ ਸਮੇਂ ਵਿੱਚ ਇਹ ਰੁਝਾਨ ਕਾਫੀ ਪ੍ਰਚਲਿਤ ਹੈ। ਅਜਿਹੀਆਂ ਕਈ ਮਿਸਾਲਾਂ ਹਨ, ਜਿੱਥੇ ਜੈੱਕਾ ਦੀ ਮੱਦਦ ਨਾਲ ਮਕਾਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਲਿਜਾਇਆ ਗਿਆ ਜਾਂ ਫਿਰ ਉੱਚਾ ਚੁੱਕਿਆ ਗਿਆ।
ਫਰਫਾਹੀ ਪਿੰਡ ਦੀ ਘਟਨਾ ਮਗਰੋਂ ਇਸ ਅਭਿਆਸ ਦੀ ਭਰੋਸੇਯੋਗਤਾ ਅਤੇ ਢੰਗਾਂ ਉੱਤੇ ਚਰਚਾ ਹੋ ਰਹੀ ਹੈ।
ਇਸ ਅਭਿਆਸ ਵਾਸਤੇ ਜਾਂ ਮਕਾਨਾਂ ਦੀ ਉਸਾਰੀ ਤੋਂ ਲੈ ਕੇ ਮੁਰੰਮਤ ਤੱਕ ਕੀ ਨਿਯਮ ਹਨ, ਇਸ ਬਾਰੇ ਪੇਸ਼ ਹੈ ਬੀਬੀਸੀ ਪੰਜਾਬੀ ਦੀ ਇਹ ਰਿਪੋਰਟ।
ਹਾਈਡ੍ਰੋਲਿਕ ਜੈੱਕਾਂ ਦੀ ਵਰਤੋਂ ਬਾਰੇ ਕੀ ਹਨ ਨਿਯਮ
ਤਸਵੀਰ ਸਰੋਤ, Getty Images
ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਵਜੋਂ ਤਾਇਨਾਤ ਡਾ. ਹਰਪ੍ਰੀਤ ਸਿੰਘ ਕਹਿੰਦੇ ਹਨ, "ਪੰਜਾਬ ਸਮੇਤ ਪੂਰੇ ਭਾਰਤ ਵਿੱਚ ਮਕਾਨਾਂ ਦੀ ਮੁਰੰਮਤ ਵਾਸਤੇ ਜੈੱਕਾ ਦੀ ਵਰਤੋਂ ਬਾਰੇ ਕੋਈ ਮਿਆਰ ਨਹੀਂ ਹਨ।"
ਉਹ ਕਹਿੰਦੇ ਹਨ, "ਭਾਰਤੀ ਮਿਆਰ ਬਿਊਰੋ (ਬੀਆਈਐਸ) ਨੇ ਨਿਰਮਾਣ ਖੇਤਰ ਦੇ ਕਈ ਕਾਰਜ ਬਾਬਤ ਮਿਆਰ ਸਥਾਪਤ ਕੀਤੇ ਹਨ ਪਰ ਫਿਲਹਾਲ ਹਾਈਡ੍ਰੋਲਿਕ ਜੈੱਕਾਂ ਦੇ ਅਜਿਹੇ ਕਾਰਜਾਂ ਵਾਸਤੇ ਕੋਈ ਮਿਆਰ ਕੋਡ ਨਹੀਂ ਬਣਾਏ।"
ਆਈਆਈਟੀ ਰੋਪੜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਸੂਰਿਆਕਾਂਤ ਸਹਿਦੇਵ ਕਹਿੰਦੇ ਹਨ,"ਇਸ ਵਾਸਤੇ ਭਾਰਤੀ ਮਿਆਰ ਬਿਊਰੋ (ਬੀਆਈਐਸ) ਦੇ ਕੋਈ ਕੋਡ ਨਹੀਂ ਹਨ।"
ਆਈਆਈਟੀ ਰੋਪੜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਵਜੋਂ ਤਾਇਨਾਤ ਡਾ. ਅਦਿੱਤਿਆ ਰਾਜਪੂਤ ਕਹਿੰਦੇ ਹਨ, "ਇਸ ਤਕਨੀਕ ਬਾਰੇ ਨਾ ਹੀ ਭਾਰਤੀ ਮਿਆਰ ਬਿਊਰੋ (ਬੀਆਈਐਸ) ਅਤੇ ਭਾਰਤ ਦੇ ਰਾਸ਼ਟਰੀ ਬਿਲਡਿੰਗ ਕੋਡ (ਐੱਨਬੀਸੀ) ਕੋਈ ਦਿਸ਼ਾ-ਨਿਰਦੇਸ਼ ਨਹੀਂ ਹਨ। ਨਾ ਹੀ ਇਸ ਤਕਨੀਕ ਦੀ ਵਰਤੋਂ ਦੀ ਮਨਾਹੀ ਹੈ ਅਤੇ ਨਾ ਹੀ ਆਗਿਆ ਹੈ। ਪਰ ਇਹ ਤਕਨੀਕ ਪੱਛਮੀ ਦੇਸ਼ਾਂ ਅਤੇ ਚੀਨ ਵਿੱਚ ਬਹੁਤ ਆਮ ਹੈ।"
"ਇਸ ਤਕਨੀਕ ਦਾ ਸਹੀ ਜਾਂ ਗ਼ਲਤ ਹੋਣਾ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸਨੂੰ ਕਿੰਨੇ ਵਿਗਿਆਨਕ ਅਤੇ ਉੱਨਤ ਢੰਗ ਕਰਦੇ ਹੋ।
ਇਹ ਤਕਨੀਕ ਕਿੰਨੀ ਸੁਰੱਖਿਅਤ
ਤਸਵੀਰ ਸਰੋਤ, Getty Images
ਆਈਆਈਟੀ ਰੋਪੜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਸੂਰਿਆਕਾਂਤ ਸਹਿਦੇਵ ਕਹਿੰਦੇ ਹਨ, "ਇਹ ਇੱਕ ਤਕਨੀਕੀ ਤੌਰ 'ਤੇ ਸੁਰੱਖਿਅਤ ਹੈ। ਪਰ ਇਹ ਸਿਰਫ਼ ਉਦੋਂ ਹੀ ਸੁਰੱਖਿਅਤ ਹੈ ਜਦੋਂ ਇਹ ਯੋਗ ਇੰਜੀਨੀਅਰ ਅਤੇ ਸਾਈਟ ਇੰਜੀਨੀਅਰ ਦੁਆਰਾ ਚੰਗੀ ਯੋਜਨਾ ਅਤੇ ਡਿਜ਼ਾਈਨ ਨਾਲ ਵਰਤੀ ਜਾਂਦੀ ਹੈ।"
"ਇਹ ਵਿਗਿਆਨਕ ਤੌਰ ਉੱਤੇ ਸਿੱਧ ਹੋਈ ਇੰਜੀਨੀਅਰਿੰਗ ਤਕਨੀਕ ਹੈ। ਇਹ ਤਕਨੀਕ 'ਪਾਸਕਲ ਦੇ ਸਿਧਾਂਤ' ਉੱਤੇ ਆਧਾਰਿਤ ਹੈ ਅਤੇ ਇਕਸਾਰ ਭਾਰ ਟ੍ਰਾਂਸਫਰ ਵਿਧੀ ਉੱਤੇ ਅਧਾਰਤ ਹੈ।"
'ਪਾਸਕਲ ਦੇ ਸਿਧਾਂਤ' ਮੁਤਾਬਕ ਜਦੋਂ ਕਿਸੇ ਬੰਦ ਤਰਲ ਵਿੱਚ ਇੱਕ ਜਗ੍ਹਾ ਦਬਾਅ ਲਗਾਇਆ ਜਾਂਦਾ ਹੈ, ਤਾਂ ਉਹ ਦਬਾਅ ਬਿਨਾਂ ਘਟੇ ਸਾਰੇ ਤਰਲ ਵਿੱਚ ਫੈਲ ਜਾਂਦਾ ਹੈ।
ਇਕਸਾਰ ਭਾਰ ਟ੍ਰਾਂਸਫਰ ਵਿਧੀ ਦਾ ਅਰਥ ਹੈ ਕਿ ਢਾਂਚੇ 'ਤੇ ਪੈਣ ਵਾਲਾ ਭਾਰ ਉਸਦੇ ਹਰੇਕ ਹਿੱਸੇ ਵਿੱਚ ਇਕਸਾਰ ਢੰਗ ਨਾਲ ਵੰਡਿਆ ਜਾਂਦਾ ਹੈ, ਤਾਂ ਜੋ ਕਿਸੇ ਇੱਕ ਜਗ੍ਹਾ 'ਤੇ ਜ਼ਿਆਦਾ ਦਬਾਅ ਨਾ ਪਵੇ।
ਹਾਈਡ੍ਰੋਲਿਕ ਜੈੱਕਾਂ ਦੇ ਇਸਤੇਮਾਲ ਵਿੱਚ ਜੋਖ਼ਮ ਕਿੰਨਾ
ਸਹਾਇਕ ਪ੍ਰੋਫੈਸਰ ਸੂਰਿਆਕਾਂਤ ਸਹਿਦੇਵ ਕਹਿੰਦੇ ਹਨ, "ਕਾਬਲ ਇੰਜੀਨੀਅਰਾਂ ਤੋਂ ਬਗੈਰ ਇਸ ਤਕਨੀਕ ਦੀ ਵਰਤੋਂ ਕਰਨਾ ਜ਼ੋਖਮ ਭਰਿਆ ਅਤੇ ਮੁਸ਼ਕਲ ਕਾਰਜ ਹੈ।"
ਡਾ. ਹਰਪ੍ਰੀਤ ਸਿੰਘ ਕਹਿੰਦੇ ਹਨ, "ਜੈੱਕਾਂ ਦੀ ਮਦਦ ਨਾਲ ਮਕਾਨ ਨੂੰ ਤੋਰਨਾ ਅਤੇ ਉੱਚਾ ਚੁੱਕਣਾ ਜੋਖਮ ਭਰਪੂਰ ਕੰਮ ਹੈ। ਇਸ ਨਾਲ ਮਕਾਨਾਂ ਦੀ ਮਜ਼ਬੂਤੀ ਉੱਤੇ ਵੀ ਅਸਰ ਪੈਣ ਦੀ ਸੰਭਾਵਨਾ ਰਹਿੰਦੀ ਹੈ।"
ਉਹ ਕਹਿੰਦੇ ਹਨ, "ਵਿਦੇਸ਼ਾਂ ਵਿੱਚ ਵੀ ਲੋਕ ਘਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਲਿਜਾਣ ਵਾਸਤੇ ਹਾਈਡ੍ਰੋਲਿਕ ਜੈੱਕਾਂ ਦੀ ਵਰਤੋਂ ਕਰਦੇ ਹਨ। ਪਰ ਉੱਥੇ ਅਜਿਹੇ ਘਰ ਪਹਿਲਾਂ ਹੀ ਇਸ ਹਿਸਾਬ ਨਾਲ ਉਸਾਰੇ ਜਾਂਦੇ ਹਨ ਕਿ ਜੇਕਰ ਉਨ੍ਹਾਂ ਨੂੰ ਖਿਸਕਾਇਆ ਜਾਵੇ ਤਾਂ ਮਜ਼ਬੂਤੀ ਉੱਤੇ ਅਸਰ ਨਾ ਪਵੇ।"
ਕਿਹੜੀ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ
ਪ੍ਰੋਫੈਸਰ ਸੂਰਿਆਕਾਂਤ ਸਹਿਦੇਵ ਕਹਿੰਦੇ ਹਨ, "ਇਸ ਵਿੱਚ ਬਹੁਤ ਸਾਰੀਆਂ ਭਾਰ ਗਣਨਾਵਾਂ ਕਰਨ ਅਤੇ ਬਹੁਤ ਸਾਰੀਆਂ ਕ੍ਰਿਆਵਾਂ ਇੱਕੋ ਸਮੇਂ ਉੁੱਤੇ ਕਰਨ ਦੀ ਲੋੜ ਹੁੰਦੀ ਹੈ।"
"ਜਿਸ ਜਗ੍ਹਾ ਉੱਤੇ ਮਕਾਨ ਬਣਿਆ ਹੈ, ਉਸ ਜਗ੍ਹਾ ਦੀ ਮਿੱਟੀ ਕਿਹੜੀ ਕਿਸਮ ਦੀ ਹੈ। ਇਹ ਵੀ ਜਾਂਚ ਲੈਣਾ ਚਾਹੀਦਾ ਹੈ। ਜੇਕਰ ਮਿੱਟੀ ਫੁੱਲਣ ਵਾਲੀ ਹੈ ਤਾਂ ਪਹਿਲਾਂ ਉਸਨੂੰ ਸਥਿਰ ਕਰ ਲੈਣਾ ਚਾਹੀਦਾ ਹੈ।"
ਉਹ ਕਹਿੰਦੇ ਹਨ, "ਯੋਗ ਇੰਜੀਨੀਅਰਾਂ ਵੱਲੋਂ ਹੀ ਮਕਾਨ ਦੀ ਚੁਕਾਈ ਜਾਂ ਤੋਰਨ ਲਈ ਇਸ ਤਕਨੀਕ ਦੀ ਵਰਤੋਂ ਕੀਤੀ ਜਾਵੇ। ਜੇਕਰ ਮਜ਼ਦੂਰ ਇਸਦੀ ਵਰਤੋਂ ਕਰਦੇ ਹਨ ਤਾਂ ਕਾਮਯਾਬੀ ਨਹੀਂ ਮਿਲੇਗੀ।"
ਉਹ ਕਹਿੰਦੇ ਹਨ, "ਇਸ ਤਕਨੀਕ ਦੀ ਵਰਤੋਂ ਵਾਸਤੇ ਮਕਾਨ ਦੇ ਢਾਂਚੇ ਬਾਰੇ ਜਾਣਕਾਰੀ ਹੋਣਾ ਵੀ ਅਹਿਮ ਹੈ। ਪੁਰਾਣੇ ਇਮਾਰਤ ਢਾਂਚੇ ਨੂੰ ਚੁੱਕਣ ਜਾਂ ਤੋਰਨ ਵਿੱਚ ਬਹੁਤ ਜੋ਼ਖਮ ਹੈ। ਆਰਸੀਸੀ ਕਿਸਮ ਦੇ ਢਾਂਚੇ ਵਿੱਚ ਇਸਦੀ ਵਰਤੋਂ ਕਰਨਾ ਸੁਰੱਖਿਅਤ ਹੈ।"
ਆਰਸੀਸੀ ਸਟ੍ਰਕਚਰ ਇੱਕ ਅਜਿਹੀ ਇਮਾਰਤੀ ਪ੍ਰਣਾਲੀ ਹੈ ਜਿਸ ਵਿੱਚ ਪੂਰੀ ਇਮਾਰਤ ਦਾ ਭਾਰ ਕਾਲਮਾਂ, ਬੀਮਾਂ ਅਤੇ ਸਲੈਬਾਂ ਦੇ ਫ੍ਰੇਮ ਉੱਤੇ ਟਿਕਿਆ ਹੁੰਦਾ ਹੈ। ਮੌਜੂਦਾ ਸਮੇਂ ਵਿੱਚ ਇਹ ਸਭ ਤੋਂ ਪ੍ਰਚਲਿਤ ਪ੍ਰਣਾਲੀ ਹੈ।
ਸਹਾਇਕ ਪ੍ਰੋਫੈਸਰ ਡਾ. ਅਦਿੱਤਿਆ ਰਾਜਪੂਤ ਕਹਿੰਦੇ ਹਨ, "ਵਾਧੂ ਭਾਰ ਸਹਿਣ ਕਰਨ ਲਈ ਨੀਂਹਾਂ ਵਰਗੇ ਪੁਲਿੰਥ ਬਣਾਏ ਜਾਣੇ ਚਾਹੀਦੇ ਹਨ। ਜੈਕ ਲਗਾਉਣ ਤੋਂ ਪਹਿਲਾਂ ਨੀਂਹਾਂ ਦਾ ਆਧਾਰ ਤਿਆਰ ਕਰਨਾ ਪੈਂਦਾ ਹੈ ਤਾਂ ਕਿ ਜੈੱਕ ਥੱਲੇ ਨਾ ਧੱਸੇ ਜਾਣ।"
"ਇਸ ਤਕਨੀਕ ਦੀ ਵਰਤੋਂ ਦੌਰਾਨ ਮਕਾਨ ਦੇ ਢਾਂਚੇ ਦੇ ਹਿੱਸੇ ਜਿਵੇਂ ਬੀਮ, ਕੋਲਮ, ਸਲੈਬ ਅਤੇ ਦੀਵਾਰ ਵਿੱਚ ਤਰੇੜਾਂ ਨਹੀਂ ਆਉਣੀਆਂ ਚਾਹੀਦੀਆਂ ਜਾਂ ਕੋਈ ਨਾਕਾਰਾਤਮਕ ਪ੍ਰਭਾਵ ਨਹੀਂ ਪੈਣਾ ਚਾਹੀਦਾ।"
ਹਾਈਡ੍ਰੋਲਿਕ ਜੈੱਕਾਂ ਦੀ ਵਰਤੋਂ ਕਿਵੇਂ ਹੋਣੀ ਚਾਹੀਦੀ
ਸਹਾਇਕ ਪ੍ਰੋਫੈਸਰ ਡਾ. ਅਦਿੱਤਿਆ ਰਾਜਪੂਤ ਨੇ ਕਿਹਾ, "ਜਦੋਂ ਮਕਾਨ ਨੂੰ ਚੁੱਕਿਆ ਜਾਂਦਾ ਹੈ ਤਾਂ ਸਭ ਤੋਂ ਅਹਿਮ ਗੱਲ ਹੈ ਕਿ ਸਾਰੇ ਪਾਸਿਓਂ ਤੋਂ ਇੱਕੋ ਸਮੇਂ ਉੱਤੇ ਇੱਕੋ ਜਿਹਾ ਚੁੱਕਿਆ ਜਾਵੇ। ਇਸ ਉਦੇਸ਼ ਵਾਸਤੇ ਸਾਰੇ ਹਾਈਡ੍ਰੋਲਿਕ ਜੈੱਕ ਇੱਕ ਕੜੀ ਵਿੱਚ ਲਗਾਏ ਜਾਂਦੇ ਹਨ। ਇਹ ਜੈੱਕ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਜੇ ਇੱਕ ਜੈੱਕ ਇੱਕ ਮਿਲੀਮੀਟਰ ਉੱਠ ਰਿਹਾ ਹੈ ਤਾਂ ਸਾਰੇ ਜੈੱਕ ਇੱਕ ਮਿਲੀਮੀਟਰ ਉੱਠਣੇ ਚਾਹੀਦੇ ਹਨ।"
"ਭਾਰਤ ਵਿੱਚ ਅਲੱਗ-ਅਲੱਗ ਜੈੱਕ ਲਗਾਏ ਜਾਂਦੇ ਹਨ। ਹਰੇਕ ਜੈੱਕ ਉੱਤੇ ਇੱਕ-ਇੱਕ ਵਿਅਕਤੀ ਤਾਇਨਾਤ ਹੁੰਦਾ ਹੈ। ਇਹ ਵਿਅਕਤੀ ਆਪਸ ਵਿੱਚ ਬੋਲਕੇ ਜਾਂ ਹੋਰ ਢੰਗ ਨਾਲ ਤਾਲਮੇਲ ਕਰਕੇ ਜੈੱਕ ਨੂੰ ਗੇੜਾ ਦਿੰਦੇ ਹਨ ਜਿਸ ਨਾਲ ਮਕਾਨ ਚੁੱਕਿਆ ਜਾਂਦਾ ਹੈ। ਇਸ ਵਿੱਚ ਮਨੁੱਖੀ ਗਲਤੀ ਹੋਣ ਦੇ ਮੌਕੇ ਬਹੁਤ ਹੁੰਦੇ ਹਨ। ਜੇਕਰ ਕਿੱਸੇ ਵਿਅਕਤੀ ਤੋਂ ਥੋੜ੍ਹਾ ਜਿਹਾ ਵੀ ਘੱਟ ਘੁਮਾਇਆ ਗਿਆ ਤਾਂ ਮਕਾਨ ਉਸ ਪਾਸਿਓਂ ਝੁਕ ਜਾਵੇਗਾ
ਹਾਈਡ੍ਰੋਲਿਕ ਜੈੱਕਾਂ ਦੀ ਵਰਤੋਂ ਕਿਉਂ ਹੁੰਦੀ ਹੈ
ਤਸਵੀਰ ਸਰੋਤ, Getty Images
ਸਹਾਇਕ ਪ੍ਰੋਫੈਸਰ ਸੂਰਿਆਕਾਂਤ ਸਹਿਦੇਵ ਕਹਿੰਦੇ ਹਨ, "ਹਾਈਡ੍ਰੋਲਿਕ ਜੈਕਿੰਗ ਦਾ ਇਸਤੇਮਾਲ ਦੁਨੀਆ ਭਰ ਵਿੱਚ ਨੀਂਹ ਦੀ ਮੁਰੰਮਤ, ਹੜ੍ਹ ਕੰਟਰੋਲ ਅਤੇ ਬੇਸਮੈਂਟ ਦੀ ਤਿਆਰੀ ਲਈ ਕੀਤਾ ਜਾਂਦਾ ਹੈ।"
ਆਈਆਈਟੀ ਰੋਪੜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਵਜੋਂ ਤਾਇਨਾਤ ਡਾ. ਅਦਿੱਤਿਆ ਰਾਜਪੂਤ ਕਹਿੰਦੇ ਹਨ, "ਦੁਨੀਆ ਭਰ ਵਿੱਚ ਸਮਾਰਕਾਂ, ਵਿਰਾਸਤੀ ਅਤੇ ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਇਹ ਤਕਨੀਕ ਵਰਤੀ ਜਾਂਦੀ ਹੈ। ਕਈ ਵਾਰੀ ਅਜਿਹੀਆਂ ਇਮਾਰਤਾਂ ਦੇ ਆਸਪਾਸ ਦੇ ਖੇਤਰ ਉਸਾਰੀ ਕਾਰਨ ਉੱਚੇ ਹੋ ਜਾਂਦੇ ਹਨ। ਵਿਰਾਸਤੀ ਇਮਾਰਤਾਂ ਨੂੰ ਢਾਹ ਕੇ ਨਵੇਂ ਸਿਰਿਉਂ ਨਹੀਂ ਉਸਾਰਿਆ ਜਾ ਸਕਦਾ। ਇਸ ਲਈ ਅਜਿਹੀਆਂ ਇਮਾਰਤਾਂ ਨੂੰ ਹਾਈਡ੍ਰੋਲਿਕ ਜੈਕਾਂ ਦੀ ਮੱਦਦ ਨਾਲ ਜਾਂ ਉੱਚਾ ਚੁੱਕਿਆ ਜਾਂਦਾ ਹੈ ਜਾਂ ਤੋਰਿਆ ਜਾਂਦਾ ਹੈ।"
ਸਹਾਇਕ ਪ੍ਰੋਫੈਸਰ ਡਾ. ਹਰਪ੍ਰੀਤ ਸਿੰਘ ਕਹਿੰਦੇ ਹਨ, "ਭਾਰਤ ਵਿੱਚ ਘਰ ਦੀ ਨਵੇਂ ਸਿਰ ਤੋਂ ਉਸਾਰੀ ਕਰਨਾ ਅਤੇ ਮੁਰੰਮਤ ਕਰਨਾ ਬਹੁਤ ਮਹਿੰਗਾ ਕੰਮ ਹੈ। ਇਹ ਲਈ ਕਈ ਵਾਰੀ ਇਹ ਕੰਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਹੈ ਅਤੇ ਲੋਕ ਖ਼ਰਚੇ ਤੋਂ ਬਚਣ ਵਾਸਤੇ ਹਾਈਡ੍ਰੋਲਿਕ ਜੈੱਕਾਂ ਦੀ ਸਹਾਇਤਾ ਲੈਂਦੇ ਹਨ।"
"ਗਲੀਆਂ ਜਾਂ ਸੜਕਾਂ ਉੱਚੀਆਂ ਹੋਣ ਨਾਲ ਘਰ ਨੀਵੇਂ ਹੋ ਜਾਂਦੇ ਹਨ ਅਤੇ ਨੀਵੇਂ ਘਰਾਂ ਦੀ ਥਾਂ ਨਵੇਂ ਘਰ ਉਸਾਰਨ ਦੀ ਬਜਾਏ ਲੋਕ ਪੁਰਾਣੇ ਘਰਾਂ ਨੂੰ ਹੀ ਜੈੱਕਾਂ ਦੀ ਮੱਦਦ ਨਾਲ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ।"
ਉਸਾਰੀ ਮਜ਼ਦੂਰਾਂ ਦੀ ਸੁਰੱਖਿਆ ਵਾਸਤੇ ਕੀ ਨਿਯਮ?
ਵਿਜੇ ਵਾਲੀਆ, ਸੈਂਟਰ ਫਾਰ ਸੋਸ਼ਲ ਚੇਂਜ ਐਂਡ ਇਕੁਇਟੀ ਦੇ ਸੰਗਠਨ ਨਿਰਦੇਸ਼ਕ, ਇੱਕ ਸੰਗਠਨ ਜੋ ਕਿ ਗੈਰ-ਅਧਿਕਾਰਤ ਕਾਮਿਆਂ ਦੇ ਅਧਿਕਾਰਾਂ ਲਈ ਲੜਦਾ ਹੈ, ਦੱਸਦੇ ਹਨ ਕਿ ਪੰਜਾਬ ਵਿੱਚ ਉਸਾਰੀ ਖੇਤਰ ਵਿੱਚ ਕੰਮ ਕਰਦੇ ਕਾਮਿਆਂ ਵਾਸਤੇ ਸਾਲ 2008 ਵਿੱਚ ਸੁਰੱਖਿਆ ਸਬੰਧੀ ਨਿਯਮ ਬਣੇ ਸਨ।
ਇਸ ਵਰ੍ਹੇ ਬਣੇ ਇਮਾਰਤ ਅਤੇ ਹੋਰ ਉਸਾਰੀ ਵਰਕਰ ਨਿਯਮਾਂ ਮੁਤਾਬਕ ਇੱਕ ਮਾਲਕ ਨੂੰ ਕਿਸੇ ਇਮਾਰਤ ਦੇ ਨਿਰਮਾਣ ਸਥਾਨ ਜਾਂ ਹੋਰ ਨਿਰਮਾਣ ਕਾਰਜ ਦੌਰਾਨ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਮਾਰਤ ਕਰਮਚਾਰੀਆਂ ਨੂੰ ਬਹੁਤ ਜ਼ਿਆਦਾ ਸ਼ੋਰ ਜਾਂ ਵਾਈਬ੍ਰੇਸ਼ਨ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਣ ਲਈ ਢੁਕਵੇਂ ਉਪਾਅ ਕੀਤੇ ਗਏ ਹਨ। ਕਿਸੇ ਵੀ ਸਥਿਤੀ ਵਿੱਚ ਸ਼ੋਰ ਦਾ ਪੱਧਰ ਸੀਮਾਵਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ।
ਨਿਰਮਾਣ ਸਥਾਨ ਉੱਤੇ ਅੱਗ ਨਾਲ ਨਿਜੱਠਣ ਵਾਸਤੇ ਪ੍ਰਬੰਧ ਕੀਤੇ ਹੋਣੇ ਚਾਹੀਦੇ ਹਨ। ਨਿਰਮਾਣ ਸਥਾਨ ਉੱਤੇ ਐਮਰਜੰਸੀ ਐਕਸ਼ਨ ਪਲਾਨ ਹੋਣਾ ਚਾਹੀਦਾ ਹੈ। ਇਸ ਪਲਾਨ ਵਿੱਚ ਇਮਾਰਤ ਢਹਿ-ਢੇਰੀ ਹੋਣ ਵਰਗੀ ਸਥਿਤੀ ਨਾਲ ਨਜਿੱਠਣ ਵਾਸਤੇ ਵੀ ਤਿਆਰੀ ਹੋਣੀ ਚਾਹੀਦੀ ਹੈ। ਇਮਾਰਤ ਦੀ ਬਣਤਰ ਦੀ ਸਥਿਰਤਾ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਭਾਰ ਚੁੱਕਣ, ਮਟੀਰੀਅਲ ਸਟੋਰ ਕਰਨ, ਮਲਬੇ ਦੀ ਸੰਭਾਲ, ਵਹੀਕਲਾਂ ਦੀ ਆਵਾਜਾਈ, ਬਿਜਲਈ ਖ਼ਤਰੇ ਅਤੇ ਹੋਰ ਜੋਖ਼ਮ ਤੋਂ ਬਚਾਅ ਵਾਸਤੇ ਵੀ ਪ੍ਰਬੰਧ ਹੋਣੇ ਚਾਹੀਦੇ ਹਨ।
ਇਸ ਬਾਬਤ ਅਸੀਂ ਸਰਕਾਰ ਦਾ ਪੱਖ ਜਾਨਣ ਦੀ ਕੋਸ਼ਿਸ਼ ਵੀ ਕੀਤੀ। ਇਸ ਲਈ ਲੇਬਰ ਵਿਭਾਗ ਨਾਲ ਰਾਬਤਾ ਕੀਤਾ ਗਿਆ।
ਲੇਬਰ ਕੰਨਸਲੇਸ਼ਨ ਅਫਸਰ, ਬਰਨਾਲਾ ਨਰੇਸ਼ ਗਰਗ ਨੇ ਬੀਬੀਸੀ ਪੰਜਾਬੀ ਨੂੰ ਕਿਹਾ, "ਹਾਈਡ੍ਰੋਲਿਕ ਜੈੱਕਾਂ ਦੀ ਵਰਤੋਂ ਬਾਰੇ ਨਿਯਮ ਬਣਾਉਣੇ ਸਾਡੇ ਵਿਭਾਗ ਨਾਲ ਸਬੰਧਤ ਨਹੀਂ ਹਨ। ਸਾਡੇ ਕੰਮ ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰਾਂ ਦੇ ਮੁਆਵਜ਼ੇ ਨਾਲ ਸਬੰਧਤ ਹੈ।"
ਇਸੇ ਤਰ੍ਹਾਂ ਪ੍ਰਿੰਸੀਪਲ ਸਕੱਤਰ ਲੇਬਰ ਵਿਭਾਗ ਮਨਵੇਸ਼ ਸਿੰਘ ਸਿੱਧੂ ਨੇ ਕਿਹਾ, "ਹਾਈਡ੍ਰੋਲਿਕ ਜੈੱਕਾਂ ਦੀ ਵਰਤੋਂ ਦੀ ਆਗਿਆ ਹੈ ਜਾਂ ਨਹੀਂ ਇਹ ਮੇਰੇ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ।"
ਅਸੀਂ ਇਸ ਬਾਬਤ ਭਾਰਤੀ ਮਿਆਰ ਬਿਊਰੋ (ਬੀਆਈਐਸ) ਨਾਲ ਵੀ ਸੰਪਰਕ ਕੀਤਾ ਹੈ। ਵਧੇਰੇ ਜਾਣਕਾਰੀ ਮਿਲਣ 'ਤੇ ਕਾਪੀ ਅਪਡੇਟ ਕਰ ਦਿੱਤੀ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ