ਕੀ ਮੌਸਮੀ ਐਲਰਜੀ ਤੋਂ ਛੁਟਕਾਰਾ ਮਿਲ ਸਕਦਾ ਹੈ? ਮੌਸਮੀ ਐਲਰਜੀ ਲਈ ਪ੍ਰਭਾਵੀ ਇਲਾਜ ਕਿਹੜੇ ਹਨ

    • ਲੇਖਕ, ਅਮਾਂਡਾ ਰੁਗੇਰੀ
    • ਰੋਲ, ਬੀਬੀਸੀ
  • ਪੜ੍ਹਨ ਦਾ ਸਮਾਂ: 12 ਮਿੰਟ

ਕੀ ਸਰੀਰ ਨੂੰ ਮੌਸਮੀ ਐਲਰਜੀ ਨਾਲ ਲੜਨ ਲਈ ਸਿਖਲਾਈ ਦੇਣਾ ਸੰਭਵ ਹੈ? ਇੱਕ ਨਵੀਂ ਪ੍ਰਕਾਰ ਦੀ ਪ੍ਰਤੀਰੋਧਕ ਮੈਡੀਕਲ ਪੱਧਤੀ ਜੋ ਇੱਕ ਪੁਰਾਣੇ ਇਲਾਜ ਨੂੰ ਮੁੜ ਸੁਰਜੀਤ ਕਰ ਰਹੀ ਹੈ, ਇਹੀ ਉਮੀਦ ਜਗਾ ਰਹੀ ਹੈ।

ਗਲੇਨਿਸ ਸਕੈਡਿੰਗ ਨੂੰ ਚਾਲੀ ਸਾਲ ਬਾਅਦ ਵੀ ਸਬਲਿੰਗੂਅਲ ਇਮਯੂਨੋਥੈਰੇਪੀ ਦੇ ਆਪਣੇ ਪਹਿਲੇ ਮਰੀਜ਼ਾਂ ਵਿੱਚੋਂ ਇੱਕ ਯਾਦ ਹੈ। ਉਸ ਦੀ ਐਲਰਜੀ ਇੰਨੀ ਗੰਭੀਰ ਸੀ ਕਿ ਉਹ ਬਿਨਾਂ ਸਾਹ ਚੜ੍ਹੇ ਸਥਾਨਕ ਰੇਲਵੇ ਸਟੇਸ਼ਨ ਤੱਕ ਵੀ ਨਹੀਂ ਜਾ ਸਕਦਾ ਸੀ। ਸਕੈਡਿੰਗ ਨੇ ਮਰੀਜ਼ ਦੀ ਜੀਭ ਦੇ ਹੇਠ ਬੂੰਦਾਂ ਪਾ ਕੇ ਉਸ ਦੀ ਐਲਰਜੀ ਦੀ ਮੁੱਖ ਵਜ੍ਹਾ, ਬਰਚ ਪਰਾਗ ਪ੍ਰਤੀ ਸੰਵੇਦਨਸ਼ੀਲਤਾ ਘੱਟ ਕੀਤੀ।

ਸਕੈਡਿੰਗ ਕਹਿੰਦੇ ਹਨ, ''ਉਹ ਮੇਰੇ ਘਰ ਸ਼ਰਾਬ ਦੀ ਇੱਕ ਪੇਟੀ ਲੈ ਕੇ ਆਇਆ ਕਿਉਂਕਿ ਮੈਂ ਪਤਝੜ ਦੀ ਰੁੱਤ ਵਿੱਚ ਉਸ ਦੇ ਜੀਵਨ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਸੀ।''

ਸਕੈਡਿੰਗ ਗੈਰ ਲਾਭਕਾਰੀ ਸੰਸਥਾ ਯੂਫੋਰੀਆ ਦੇ ਮੀਤ ਪ੍ਰਧਾਨ ਅਤੇ ਯੂਕੇ ਦੇ ਯੂਨੀਵਰਸਿਟੀ ਕਾਲਜ ਹਸਪਤਾਲ ਲੰਡਨ ਵਿੱਚ ਆਨਰੇਰੀ ਸਲਾਹਕਾਰ ਐਲਰਜੀ ਮਾਹਿਰ ਅਤੇ ਰਾਇਨੋਲੋਜਿਸਟ ਹਨ।

'ਅਤੇ ਫਿਰ ਮੈਨੂੰ ਇੰਨੀ ਆਲੋਚਨਾ ਸਹਿਣੀ ਪਈ ਕਿ ਮੈਂ ਕੰਮ ਕਰਨਾ ਬੰਦ ਕਰ ਦਿੱਤਾ।''

ਵਿਸ਼ਵ ਭਰ ਵਿੱਚ 4 ਕਰੋੜ ਤੋਂ ਜ਼ਿਆਦਾ ਲੋਕ ਐਲਰਜਿਕ ਰਾਈਨਾਈਟਿਸ ਤੋਂ ਪੀੜਤ ਹਨ। ਇਹ ਹਵਾ ਵਿੱਚ ਮੌਜੂਦ ਐਲਰਜੀ ਪੈਦਾ ਕਰਨ ਵਾਲੇ ਤੱਤਾਂ ਪ੍ਰਤੀ ਪ੍ਰਤੀਕਿਰਿਆ ਦੇ ਕਾਰਨ ਨੱਕ ਦੇ ਮਾਰਗ ਵਿੱਚ ਹੋਣ ਵਾਲੀ ਸੋਜ਼ ਹੈ।

ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਹਾਡੀ ਪ੍ਰਤੀਰੋਧਕ ਪ੍ਰਣਾਲੀ ਗਲਤੀ ਨਾਲ ਜਾਨਵਰਾਂ ਦੀ ਰੂਸੀ ਜਾਂ ਧੂੜ ਦੇ ਕਣਾਂ ਵਰਗੀਆਂ ਚੀਜ਼ਾਂ ਨੂੰ ਹਾਨੀਕਾਰਕ ਸਮਝ ਲੈਂਦੀ ਹੈ, ਜਿਸ ਨਾਲ ਨੱਕ ਵਹਿਣਾ, ਅੱਖਾਂ ਵਿੱਚ ਖਾਰਸ਼, ਛਿੱਕਾਂ ਆਉਣਾ ਅਤੇ ਸਭ ਤੋਂ ਗੰਭੀਰ ਸਥਿਤੀ ਵਿੱਚ ਸਾਹ ਲੈਣ ਵਿੱਚ ਮੁਸ਼ਕਿਲ ਵਰਗੇ ਲੱਛਣ ਪੈਦਾ ਹੋ ਸਕਦੇ ਹਨ।

ਜਦੋਂ ਇਹ ਮੌਸਮੀ ਹੁੰਦਾ ਹੈ, ਜਿਵੇਂ ਕਿ ਪਰਾਗ ਕਣਾਂ ਪ੍ਰਤੀ ਪ੍ਰਤੀਕਿਰਿਆ ਤਾਂ ਐਲਰਜਿਕ ਰਾਈਨਾਈਟਿਸ ਨੂੰ 'ਹੇ ਫੀਵਰ' ਕਿਹਾ ਜਾਂਦਾ ਹੈ।

ਹੇ ਫੀਵਰ ਨਾ ਸਿਰਫ਼ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ, ਬਲਕਿ ਇਸ ਦੇ ਗੰਭੀਰ ਲੰਬੇ ਸਮੇਂ ਦੇ ਸਿੱਟੇ ਵੀ ਹੋ ਸਕਦੇ ਹਨ, ਜਿਸ ਵਿੱਚ ਸਾਹ ਦੀ ਲਾਗ ਅਤੇ ਅਸਥਮਾ ਦੋਵਾਂ ਦੇ ਵਿਕਸਿਤ ਹੋਣ ਦਾ ਜ਼ੋਖਿਮ ਸ਼ਾਮਿਲ ਹੈ।

ਇਸ ਤੋਂ ਇਲਾਵਾ, ਇਹ ਕਈ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਬ੍ਰਿਟੇਨ ਵਿੱਚ ਲਗਭਗ ਚਾਰ ਵਿੱਚੋਂ ਇੱਕ ਬਾਲਗ ਅਤੇ ਅੱਠ ਵਿੱਚੋਂ ਇੱਕ ਬੱਚਾ ਐਲਰਜਿਕ ਰਾਈਨਾਈਟਿਸ ਤੋਂ ਪੀੜਤ ਹੈ, ਜਿਸ ਕਾਰਨ ਹਰ ਸਾਲ ਘੱਟ ਤੋਂ ਘੱਟ 1.6 ਕਰੋੜ ਲੋਕ ਡਾਕਟਰ ਕੋਲ ਜਾਂਦੇ ਹਨ।

ਆਸਟਰੇਲੀਆ ਅਤੇ ਅਮਰੀਕਾ ਵਿੱਚ ਵੀ ਇਹੀ ਸਥਿਤੀ ਹੈ ਅਤੇ ਇਹ ਗਿਣਤੀ ਵਧ ਵੀ ਸਕਦੀ ਹੈ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਯੂਰਪ, ਅਮਰੀਕਾ ਅਤੇ ਆਸਟਰੇਲੀਆ ਸਮੇਤ ਕਈ ਖੇਤਰਾਂ ਵਿੱਚ ਸਮੇਂ ਨਾਲ ਇਸ ਦਾ ਪਸਾਰ ਹੋ ਰਿਹਾ ਹੈ। ਇਸ ਗੱਲ ਦੇ ਵੀ ਵਧਦੇ ਨਤੀਜੇ ਮਿਲ ਰਹੇ ਹਨ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਹੇ ਫੀਵਰ ਦੇ ਲੱਛਣ ਹੋਰ ਵੀ ਗੰਭੀਰ ਹੁੰਦੇ ਜਾ ਰਹੇ ਹਨ।

ਪਰ ਐਲਰਜੀ ਮਾਹਿਰਾਂ ਅਨੁਸਾਰ ਚੰਗੀ ਖ਼ਬਰ ਇਹ ਹੈ ਕਿ ਹੇ ਫੀਵਰ ਲਈ ਉੱਚ ਗੁਣਵੱਤਾ ਵਾਲੀਆਂ ਪ੍ਰਭਾਵੀ ਅਤੇ ਸੁਰੱਖਿਅਤ ਮੈਡੀਕਲ ਪੱਧਤੀਆਂ ਹੁਣ ਉਪਲੱਬਧ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੱਛਣਾਂ ਦਾ ਇਲਾਜ ਕਰਦੀਆਂ ਹਨ, ਪਰ ਇੱਕ ਪੱਧਤੀ, ਐਲਰਜਿਨ ਇਮਯੂਨੋਥੈਰੇਪੀ (ਏਆਈਟੀ) ਇੱਕ ਤਰ੍ਹਾਂ ਦਾ ਇਲਾਜ ਹੈ ਜੋ ਸਰੀਰ ਨੂੰ ਕੁਝ ਐਲਰਜੀ ਕਾਰਕਾਂ ਪ੍ਰਤੀ ਘੱਟ ਪ੍ਰਤੀਰੋਧਕ ਕਰਨਾ ਸਿਖਾਉਂਦੀ ਹੈ ਅਤੇ ਇਹ ਹੇ ਫੀਵਰ ਨੂੰ ਅਸਥਮਾ ਵਿੱਚ ਬਦਲਣ ਵਾਲੇ ਆਮ ਮਾਰਗ ਨੂੰ ਬਦਲ ਸਕਦੀ ਹੈ।

ਜਿੰਨੇ ਲੋਕਾਂ ਨੂੰ ਇਹ ਇਲਾਜ ਮਿਲ ਰਹੇ ਹਨ, ਉਸ ਤੋਂ ਕਿਤੇ ਜ਼ਿਆਦਾ ਲੋਕਾਂ ਨੂੰ ਇਨ੍ਹਾਂ ਤੋਂ ਲਾਭ ਹੋ ਸਕਦਾ ਹੈ। ਸਕੈਡਿੰਗ ਕਹਿੰਦੇ ਹਨ, ''ਬਹੁਤ ਘੱਟ ਲੋਕਾਂ ਨੂੰ ਆਪਣੀ ਬੀਮਾਰੀ ਦਾ ਇਲਾਜ ਕਰਨ ਲਈ ਸਹੀ ਡਾਕਟਰ ਮਿਲ ਪਾਉਂਦਾ ਹੈ ਅਤੇ ਉਨ੍ਹਾਂ ਨੂੰ ਉਸ ਸਮੇਂ ਡਾਕਟਰ ਨੂੰ ਮਿਲਣ ਦਾ ਮੌਕਾ ਵੀ ਨਹੀਂ ਮਿਲਦਾ ਜਦੋਂ ਬੀਮਾਰੀ ਸ਼ੁਰੂਆਤੀ ਅਵਸਥਾ ਵਿੱਚ ਹੋਵੇ, ਜਟਿਲ ਨਾ ਹੋਵੇ ਅਤੇ ਆਸਾਨੀ ਨਾਲ ਇਲਾਜ ਯੋਗ ਹੋਵੇ।''

ਇੱਕ ਗੰਭੀਰ ਸਿਹਤ ਚਿੰਤਾ

ਇੰਪੀਰੀਅਲ ਕਾਲਜ ਲੰਡਨ ਅਤੇ ਰੋਇਲ ਬਰੰਪਟਨ ਹਸਪਤਾਲ ਵਿੱਚ ਐਲਰਜੀ ਅਤੇ ਸਾਹ ਮੈਡੀਕਲ ਦੇ ਸੇਵਾਮੁਕਤ ਪ੍ਰੋਫੈਸਰ ਸਟੀਫਨ ਡਰਹਮ ਕਹਿੰਦੇ ਹਨ ਕਿ ਸਮੱਸਿਆ ਦਾ ਇੱਕ ਹਿੱਸਾ ਇਹ ਹੈ ਕਿ ਸਿਹਤ ਪੇਸ਼ੇਵਰ ਵੀ ਐਲਰਜੀ ਰਾਈਨਾਈਟਿਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਨ।

ਉਹ ਕਹਿੰਦੇ ਹਨ ਕਿ ਆਮ ਦਵਾਈ ਅਕਸਰ ਮਰੀਜ਼ਾਂ ਨੂੰ ਐਲਰਜੀ ਮਾਹਿਰ ਦੇ ਕੋਲ ਭੇਜਣ ਜਾਂ ਐਲਰਜਿਨ ਇਮਯੂਨੋਥੈਰੇਪੀ ਵਰਗੀ ਨਿਵਾਰਕ ਅਤੇ ਲੰਬੀ ਇਲਾਜ ਪੱਧਤੀ 'ਤੇ ਵਿਚਾਰ ਕਰਨ ਦੀ ਬਜਾਏ, ਉਨ੍ਹਾਂ ਨੂੰ ਸਿੱਧਾ ਫਾਰਮੇਸੀ ਤੋਂ ਐਂਟੀਹਿਸਟਾਮਾਈਨ ਲੈਣ ਲਈ ਕਹਿ ਦਿੰਦੇ ਹਨ।

ਡਰਹਮ ਕਹਿੰਦੇ ਹਨ, ''ਹੇ ਫੀਵਰ ਇੱਕ ਗੰਭੀਰ ਸਮੱਸਿਆ ਹੈ ਅਤੇ ਜੋ ਲੋਕ ਇਸ ਤੋਂ ਪੀੜਤ ਨਹੀਂ ਹੁੰਦੇ, ਉਹ ਅਕਸਰ ਇਸ ਨੂੰ ਹਲਕੇ ਵਿੱਚ ਲੈਂਦੇ ਹਨ।''

''ਜੇਕਰ ਅਸੀਂ ਆਪਣੇ ਜੀਵਨ ਵਿੱਚ ਜੋ ਕੁਝ ਵੀ ਕਰਦੇ ਹਾਂ, ਉਸ ਬਾਰੇ ਸੋਚੀਏ ਤਾਂ ਅਸੀਂ ਕੰਮ ਕਰਦੇ ਹਾਂ, ਸੌਂਦੇ ਹਾਂ ਅਤੇ ਮੌਜ ਮਸਤੀ ਕਰਦੇ ਹਾਂ। ਅਤੇ ਇਹ ਸਭ ਚੀਜ਼ਾਂ ਹੇ ਫੀਵਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਹਨ।''

ਉਦਾਹਰਨ ਲਈ, ਹੇ ਫੀਵਰ ਤੋਂ ਪੀੜਤ ਲੋਕਾਂ ਨੂੰ ਸੌਣ ਵਿੱਚ ਮੁਸ਼ਕਿਲ ਹੁੰਦੀ ਹੈ ਅਤੇ ਨੀਂਦ ਬਰਕਰਾਰ ਰੱਖਣ ਵਿੱਚ ਪਰੇਸ਼ਾਨੀ ਹੁੰਦੀ ਹੈ। ਥਕਾਵਟ ਮਹਿਸੂਸ ਹੁੰਦੀ ਹੈ ਅਤੇ ਰਾਤ ਵਿੱਚ ਵਾਰ-ਵਾਰ ਨੀਂਦ ਖੁੱਲ੍ਹਦੀ ਹੈ। ਮੌਸਮੀ ਐਲਰਜੀ ਦਾ ਬੱਚਿਆਂ ਦੇ ਅਕਾਦਮਿਕ ਪ੍ਰਦਰਸ਼ਨ 'ਤੇ ਵੀ ਪ੍ਰਭਾਵ ਪੈਂਦਾ ਹੈ।

ਇਸ ਦੇ ਹੋਰ ਸਿਹਤ ਸਬੰਧੀ ਦੁਰਪ੍ਰਭਾਵ ਵੀ ਹੋ ਸਕਦੇ ਹਨ। ਐਲਰਜੀ ਤੋਂ ਪੀੜਤ ਲੋਕਾਂ ਦੀਆਂ ਲੇਸਦਾਰ ਝਿੱਲੀਆਂ ਲਗਾਤਾਰ ਸੁੱਜੀਆਂ ਰਹਿੰਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਸਾਹ ਸਬੰਧੀ ਲਾਗ ਜ਼ਿਆਦਾ ਹੁੰਦੀ ਹੈ। ਇੱਕ ਅਧਿਐਨ ਦੇ ਅਨੁਸਾਰ ਲਗਭਗ ਦੁੱਗਣੀ।

ਜੇਕਰ ਇਸ ਦਾ ਉਚਿਤ ਇਲਾਜ ਨਾ ਕੀਤਾ ਜਾਵੇ ਤਾਂ ਹੇ ਫੀਵਰ ਗੰਭੀਰ, ਲੰਬੇ ਸਮੇਂ ਤੱਕ ਉੱਪਰੀ ਸਾਹ ਮਾਰਗ ਰੋਗ ਅਤੇ ਕੰਨ ਦੀ ਲਾਗ ਦਾ ਕਾਰਨ ਬਣ ਸਕਦਾ ਹੈ।

ਹੇ ਫੀਵਰ, ਖਾਸ ਕਰਕੇ ਬੱਚਿਆਂ ਵਿੱਚ ਅਸਥਮਾ ਦਾ ਕਾਰਨ ਬਣ ਸਕਦਾ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਹੇ ਫੀਵਰ ਹੁੰਦਾ ਹੈ, ਉਨ੍ਹਾਂ ਵਿੱਚ ਅਸਥਮਾ ਦੀ ਗੰਭੀਰਤਾ ਜ਼ਿਆਦਾ ਹੁੰਦੀ ਹੈ।

ਅਮਰੀਕਾ ਦੇ ਨਿਊ ਜਰਸੀ ਵਿੱਚ ਬਾਲ ਰੋਗ ਮਾਹਿਰ ਅਤੇ ਐਲਰਜਿਕ ਰਾਈਨਾਈਟਿਸ 'ਤੇ 2023 ਵਿੱਚ ਪ੍ਰਕਾਸ਼ਿਤ ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਸਮੀਖਿਆ ਦੀ ਲੇਖਿਕਾ ਬੈਰੀ ਕੋਹੋਨ ਕਹਿੰਦੇ ਹਨ, ''ਇੱਕ ਧਾਰਨਾ ਹੈ ਕਿ 'ਇੱਕ ਵਾਯੂ ਮਾਰਗ, ਇੱਕ ਬੀਮਾਰੀ।'' ਉਹ ਕਹਿੰਦੇ ਹਨ ਕਿ ਉੱਪਰੀ ਵਾਯੂ ਮਾਰਗ ਵਿੱਚ ਸੋਜ਼ ਪ੍ਰਤੀਰੋਧਕ ਪ੍ਰਕਿਰਿਆਵਾਂ ਜ਼ਰੀਏ ਹੇਠਲੇ ਵਾਯੂ ਮਾਰਗ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਇਸ ਨਾਲ ਅਸਥਮਾ ਹੋ ਸਕਦਾ ਹੈ।

ਇੱਕ ਸਦੀ ਪੁਰਾਣੀ ਸਮੱਸਿਆ ਅਤੇ ਇਸ ਦਾ ਹੱਲ

ਹਾਲਾਂਕਿ ਹੇ ਫੀਵਰ ਦੇ ਮਾਮਲੇ ਵਧ ਰਹੇ ਹਨ, ਪਰ ਇਹ ਕੋਈ ਨਵੀਂ ਗੱਲ ਨਹੀਂ ਹੈ। ਲੰਡਨ ਦੇ ਡਾਕਟਰ ਜੋਨ ਬੋਸਟੋਕ ਨੇ ਆਪਣੇ ਅਤੇ 28 ਹੋਰ ਰੋਗੀਆਂ ਦੇ ਅਨੁਭਵਾਂ ਦੇ ਆਧਾਰ 'ਤੇ 1828 ਵਿੱਚ ਹੀ ਮੌਸਮੀ ਲੱਛਣਾਂ ਦਾ ਵਿਸਥਾਰਤ ਵਰਣਨ ਕੀਤਾ ਸੀ। ਉਨ੍ਹਾਂ ਦੇ ਵਿਵਰਣ ਵਿੱਚ 'ਸਿਰ ਭਾਰੀ ਲੱਗਣਾ, ਨੱਕ ਬੰਦ ਹੋਣਾ, ਛਿੱਕਾਂ ਆਉਣਾ, ਅੱਖਾਂ ਤੋਂ ਪਾਣੀ ਆਉਣਾ ਅਤੇ ਨੱਕ ਤੋਂ ਪਾਣੀ ਵਗਣਾ' ਸ਼ਾਮਿਲ ਸਨ।

ਪਰਾਗ ਵਰਗੇ ਐਲਰਜੀ ਕਾਰਕਾਂ ਲਈ ਇਮਯੂਨੋਥੈਰੇਪੀ ਵੀ ਕੋਈ ਨਵੀਂ ਗੱਲ ਨਹੀਂ ਹੈ। 1911 ਵਿੱਚ ਇੱਕ ਹੋਰ ਡਾਕਟਰ ਨੇ ਦੇਖਿਆ ਸੀ ਕਿ ਹੇ ਫੀਵਰ ਦੇ ਰੋਗੀਆਂ ਨੂੰ ਘਾਹ ਦੇ ਪਰਾਗ ਦਾ ਅਰਕ ਟੀਕੇ ਰਾਹੀਂ ਲਗਾਉਣ ਨਾਲ ਅਗਲੀ ਪਤਝੜ ਦੀ ਰੁੱਤ ਵਿੱਚ ਉਨ੍ਹਾਂ ਦੇ ਲੱਛਣਾਂ ਵਿੱਚ ਕਮੀ ਆ ਸਕਦੀ ਹੈ।

ਘਾਹ ਦੇ ਪਰਾਗ ਦੀ ਇਮਯੂਨੋਥੈਰੇਪੀ ਲਈ ਪਹਿਲਾ ਡਬਲ ਬਲਾਇੰਡ, ਪਲੇਸੀਬੋ-ਕੰਟਰੋਲ ਟੈਸਟ 1950 ਦੇ ਦਹਾਕੇ ਵਿੱਚ ਕੀਤਾ ਗਿਆ ਸੀ।

1980 ਦੇ ਦਹਾਕੇ ਤੱਕ ਇਹ ਇੱਕ ਮਾਨਤਾ ਪ੍ਰਾਪਤ ਇਲਾਜ ਬਣ ਗਿਆ ਸੀ। ਇਹ 'ਐਲਰਜੀ ਦੇ ਇੰਜੈਕਸ਼ਨ' ਬਹੁਤ ਪ੍ਰਭਾਵਸ਼ਾਲੀ ਸਾਬਤ ਹੋਏ, ਜਿਸ ਨਾਲ ਹਜ਼ਾਰਾਂ ਮਰੀਜ਼ਾਂ ਦੀਆਂ ਛਿੱਕਾਂ ਅਤੇ ਤਕਲੀਫ਼ ਵਿੱਚ ਰਾਹਤ ਮਿਲੀ। ਪਰ ਇਸ ਵਿੱਚ ਇੱਕ ਸਮੱਸਿਆ ਸੀ।

ਸਕੈਡਿੰਗ ਕਹਿੰਦੇ ਹਨ, ''ਇੰਜੈਕਸ਼ਨ ਇਮਯੂਨੋਥੈਰੇਪੀ ਤੋਂ ਕਦੇ-ਕਦੇ ਲੋਕਾਂ ਦੀ ਮੌਤ ਹੋ ਜਾਂਦੀ ਹੈ।'' ਅਨਾਫਿਲੇਕਸਿਸ ਦੇ ਕਾਰਨ, ਜੋ ਇੰਜੈਕਸ਼ਨ ਤੋਂ ਹੋਣ ਵਾਲੀ ਇੱਕ ਐਲਰਜੀ ਪ੍ਰਤੀਕਿਰਿਆ ਹੈ।

ਇਹ ਘਟਨਾਵਾਂ ਬੇਹੱਦ ਦੁਰਲੱਭ ਹਨ ਜੋ ਲਗਭਗ 2-2.5 ਮਿਲੀਅਨ ਇੰਜੈਕਸ਼ਨਾਂ 'ਚੋਂ ਇੱਕ ਵਿੱਚ ਹੁੰਦੀ ਹੈ ਅਤੇ ਅੱਜ ਜ਼ੋਖਿਮ ਕਾਰਕਾਂ ਅਤੇ ਉਚਿਤ ਪ੍ਰਸ਼ਾਸਨ ਦੀ ਬਿਹਤਰ ਸਮਝ ਕਾਰਨ, ਉਹ ਹੋਰ ਵੀ ਦੁਰਲੱਭ ਹਨ।

ਪਰ ਜਦੋਂ 1957 ਤੋਂ 1986 ਵਿਚਕਾਰ ਬ੍ਰਿਟੇਨ ਵਿੱਚ ਸਬਕਿਯੂਟੇਨਿਯਸ ਇਮਯੂਨੋਥੈਰੇਪੀ ਨਾਲ ਸਬੰਧਿਤ ਅਨਾਫਿਲੇਕਸਿਸ ਦੀਆਂ ਲਗਭਗ 26 ਮੌਤਾਂ ਦਰਜ ਕੀਤੀਆਂ ਗਈਆਂ ਤਾਂ ਬ੍ਰਿਟੇਨ ਨੇ ਨਵੇਂ ਨਿਯਮ ਪਾਸ ਕੀਤੇ ਜਿਸ ਵਿੱਚ ਉਸ ਸਮੇਂ ਇਹ ਵੀ ਸ਼ਾਮਿਲ ਸੀ ਕਿ ਇੰਜੈਕਸ਼ਨ ਲਗਵਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਦੋ ਘੰਟੇ ਤੱਕ ਡਾਕਟਰ ਦੇ ਕਲੀਨਿਕ ਵਿੱਚ ਨਿਗਰਾਨੀ ਲਈ ਇੰਤਜ਼ਾਰ ਕਰਨਾ ਹੋਵੇਗਾ।

(ਹੁਣ ਇਹ ਸਮਾਂ 30 ਮਿੰਟ ਹੈ) ਕਿਉਂਕਿ ਇੰਜੈਕਸ਼ਨ ਨਿਯਮਤ ਰੂਪ ਨਾਲ ਅਕਸਰ ਹਫ਼ਤਾਵਰੀ ਰੂਪ ਨਾਲ ਦਿੱਤੇ ਜਾਣੇ ਹੁੰਦੇ ਹਨ, ਇਸ ਲਈ ਇਸ ਜ਼ਰੂਰਤ ਨੇ ਸਬਕਿਯੂਟੇਨਿਯਮ ਇਮਯੂਨੋਥੈਰੇਪੀ ਨੂੰ ਬੋਝਲ ਬਣਾ ਦਿੱਤਾ।

1980 ਦੇ ਦਹਾਕੇ ਵਿੱਚ ਸਕੈਡਿੰਗ ਵੱਲੋਂ ਵਿਕਸਤ ਕੀਤੇ ਜਾ ਰਹੇ ਮੌਖਿਕ ਵਿਕਲਪ ਇਲਾਜ ਵਿੱਚ ਦਿਲਚਸਪੀ ਵਧ ਗਈ। ਸਬਲਿੰਗੂਅਲ ਥੈਰੇਪੀ ਦੇ ਨਾਂ ਨਾਲ ਜਾਣੀ ਜਾਣ ਵਾਲੀ ਇਸ ਪੱਧਤੀ ਵਿੱਚ ਐਲਰਜੀ ਪੈਦਾ ਕਰਨ ਵਾਲੇ ਪਦਾਰਥ ਦੀਆਂ ਬੂੰਦਾਂ ਨੂੰ ਬਾਂਹ ਵਿੱਚ ਟੀਕਾ ਲਗਾਉਣ ਦੀ ਬਜਾਏ ਜੀਭ ਦੇ ਹੇਠ ਰੱਖਿਆ ਜਾਂਦਾ ਹੈ। ਸ਼ੁਰੂਆਤ ਵਿੱਚ ਕੁਝ ਲੋਕਾਂ ਨੂੰ ਸ਼ੱਕ ਸੀ ਕਿ ਕੀ ਇਹ ਟੀਕੇ ਦੀ ਤਰ੍ਹਾਂ ਪ੍ਰਭਾਵੀ ਹੋ ਸਕਦਾ ਹੈ, ਜਿਸ ਕਾਰਨ ਇਸ ਦਾ ਵਿਰੋਧ ਵੀ ਹੋਇਆ।

ਸਕੈਡਿੰਗ ਕਹਿੰਦੇ ਹਨ, ''ਸਬਲਿੰਗੂਅਲ ਤਕਨੀਕ ਨੂੰ ਇੱਕ 'ਅਸਾਧਾਰਨ' ਚੀਜ਼ ਮੰਨਿਆ ਜਾਂਦਾ ਸੀ ਜਿਸ ਦੇ ਕਾਰਗਰ ਹੋਣ ਦੀ ਉਮੀਦ ਨਹੀਂ ਸੀ। ਇਸ ਲਈ ਮੈਂ ਕੁਝ ਸਮੇਂ ਲਈ ਇਸ ਨੂੰ ਬੰਦ ਕਰ ਦਿੱਤਾ।

ਪਰ ਟੈਸਟਾਂ ਤੋਂ ਪਤਾ ਲੱਗਿਆ ਕਿ ਸਬਕਿਯੂਟੇਨਿਯਮ ਤਕਨੀਕ ਦੀ ਤੁਲਨਾ ਵਿੱਚ ਇਸ ਨਾਲ ਅਨਾਫਿਲੇਕਸਿਸ ਦਾ ਖ਼ਤਰਾ ਕਾਫ਼ੀ ਘੱਟ ਹੁੰਦਾ ਹੈ, ਜਦੋਂਕਿ ਇਹ ਬੇਹੱਦ ਪ੍ਰਭਾਵਸ਼ਾਲੀ ਵੀ ਹੈ।"

ਸਕੈਡਿੰਗ ਕਹਿੰਦੇ ਹਨ, ''ਕੋਈ ਮੌਤ ਨਹੀਂ ਹੋਈ ਹੈ। ਗੰਭੀਰ ਦੁਰਪ੍ਰਭਾਵ ਬਹੁਤ ਘੱਟ ਹੁੰਦੇ ਹਨ।''

ਉਹ ਦੱਸਦੇ ਹਨ ਕਿ ਜੀਭ ਵਿੱਚ ਅਸਥਾਈ ਖਾਰਸ਼ ਜਾਂ ਸੋਜ਼ ਵਰਗੀਆਂ ਸਥਾਨਕ ਪ੍ਰਤੀਕਿਰਿਆਵਾਂ ਜ਼ਿਆਦਾ ਆਮ ਹਨ।

''ਐਲਰਜੀ ਇੰਜੈਕਸ਼ਨ ਦੀ ਤਰ੍ਹਾਂ ਹੀ, ਇਸ ਵਿੱਚ ਵੀ ਮੁੱਖ ਚੁਣੌਤੀ ਹੈ ਇਸ ਦਾ ਨਿਯਮਤ ਸੇਵਨਾ ਕਰਨਾ।''

1998 ਤੱਕ ਵਿਸ਼ਵ ਸਿਹਤ ਸੰਗਠਨ ਨੇ ਐਲਰਜਨ ਇਮਯੂਨੋਥੈਰੇਪੀ 'ਤੇ ਇੱਕ ਸਰਵ ਸਹਿਮਤੀ ਵਾਲਾ ਬਿਆਨ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਟੀਕੇ ਦੇ ਇੱਕ ਆਸ਼ਾਜਨਕ ਵਿਕਲਪ ਦੇ ਰੂਪ ਵਜੋਂ ਜੀਭ ਦੇ ਹੇਠ ਦਵਾਈ ਰੱਖਣ ਨੂੰ ਸ਼ਾਮਿਲ ਕੀਤਾ ਗਿਆ ਸੀ ਜਿਸ ਨਾਲ ਆਲਮੀ ਪੱਧਰ 'ਤੇ ਇਸ ਥੈਰੇਪੀ ਨੂੰ ਮਾਨਤਾ ਮਿਲੀ।

ਐਲਰਜੀ ਦੇ ਟੀਕੇ ਦੀ ਤਰ੍ਹਾਂ ਹੀ ਇਸ ਵਿੱਚ ਵੀ ਮੁੱਖ ਚੁਣੌਤੀ ਨਿਯਮਤ ਰੂਪ ਨਾਲ ਦਵਾਈ ਲੈਣ ਦੀ ਹੈ। ਡਰਹਮ ਦੇ ਅਨੁਸਾਰ ਪਰਾਗ ਦਾ ਮੌਸਮ ਸ਼ੁਰੂ ਹੋਣ ਤੋਂ ਅੱਠ ਤੋਂ ਸੋਲ੍ਹਾਂ ਹਫ਼ਤੇ ਪਹਿਲਾਂ ਤੱਕ ਹਰ ਦਿਨ ਜੀਭ ਦੇ ਹੇਠ ਇੱਕ ਗੋਲੀ ਲੈਣੀ ਚਾਹੀਦੀ ਹੈ। ਸੋਲ੍ਹਾਂ ਹਫ਼ਤੇ ਪਹਿਲਾਂ ਤੋਂ ਦਵਾਈ ਸ਼ੁਰੂ ਕਰਨ 'ਤੇ ਲਗਭਗ 85 ਫੀਸਦੀ ਮਰੀਜ਼ਾਂ ਵਿੱਚ ਗਰਮੀਆਂ ਦੌਰਾਨ ਲੱਛਣਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਇਸ ਨੂੰ ਤਿੰਨ ਸਾਲ ਤੱਕ, ਸਾਲ ਭਰ ਲੈਂਦੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਡਰਹਮ ਕਹਿੰਦੇ ਹਨ, ''ਜੇਕਰ ਤੁਸੀਂ ਲੋਕਾਂ ਦਾ ਤਿੰਨ ਸਾਲ ਤੱਕ ਇਲਾਜ ਕਰਦੇ ਹੋ ਤਾਂ ਤੁਸੀਂ ਲੰਬੇ ਸਮੇਂ ਤੱਕ ਬੀਮਾਰੀ ਤੋਂ ਰਾਹਤ ਦਿਵਾ ਸਕਦੇ ਹੋ।''

ਉਨ੍ਹਾਂ ਵੱਲੋਂ ਕੀਤੇ ਗਏ ਇੱਕ ਕਲੀਨੀਕਲ ਟਰਾਇਲ ਵਿੱਚ ਘਾਹ ਦੇ ਪਰਾਗ ਤੋਂ ਐਲਰਜੀ ਵਾਲੇ ਜਿਨ੍ਹਾਂ ਪ੍ਰਤੀਭਾਗੀਆਂ ਨੂੰ ਪਲੇਸੀਬੋ ਦਿੱਤਾ ਗਿਆ ਸੀ, ਉਨ੍ਹਾਂ ਨੇ ਐਲਰਜੀ ਦੇ ਮੌਸਮ ਦੌਰਾਨ 16 ਫੀਸਦੀ ਦਿਨਾਂ ਵਿੱਚ ਗੰਭੀਰ ਹੇ ਫੀਵਰ ਦੇ ਲੱਛਣਾਂ ਦੀ ਸ਼ਿਕਾਇਤ ਕੀਤੀ; ਜਿਨ੍ਹਾਂ ਲੋਕਾਂ ਨੂੰ ਸਬਲਿੰਗੂਅਲ ਡਰਾਪਲੇਟਸ ਦਿੱਤੇ ਗਏ ਸਨ, ਉਨ੍ਹਾਂ ਨੇ 6 ਫੀਸਦੀ ਦਿਨਾਂ ਵਿੱਚ ਇਸ ਦੀ ਸ਼ਿਕਾਇਤ ਕੀਤੀ।

ਲੰਬੇ ਸਮੇਂ ਲਈ ਰਾਹਤ

ਇਸ ਤੋਂ ਵੀ ਜ਼ਿਆਦਾ ਉਤਸ਼ਾਹਜਨਕ ਗੱਲ ਇਹ ਹੈ ਕਿ ਉਹ ਕਹਿੰਦੇ ਹਨ, ਇਸ ਗੱਲ ਦੇ ਪ੍ਰਮਾਣ ਹਨ ਕਿ ਇਹ ਪਰਿਵਰਤਨ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ। ਜਪਾਨ ਵਿੱਚ 1,000 ਤੋਂ ਜ਼ਿਆਦਾ ਪ੍ਰਤੀਭਾਗੀਆਂ 'ਤੇ ਕੀਤੇ ਗਏ ਇੱਕ ਪ੍ਰੀਖਣ ਸਮੇਤ ਕਈ ਟੈਸਟਾਂ ਵਿੱਚ ਦੇਖਿਆ ਗਿਆ ਕਿ ਸਬਲਿੰਗੂਅਲ ਇਮਯੂਨੋਥੈਰੇਪੀ ਬੰਦ ਕਰਨ ਦੇ ਦੋ ਸਾਲ ਬਾਅਦ ਤੱਕ ਲੱਛਣਾਂ ਵਿੱਚ ਸੁਧਾਰ ਕਰਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਸਬਲਿੰਗੂਅਲ ਥੈਰੇਪੀ ਦੀ ਮੁੱਖ ਸਮੱਸਿਆ ਇਹ ਹੈ ਕਿ ਇਸ ਨਾਲ ਇਲਾਜ ਕੀਤੀ ਜਾ ਸਕਣ ਵਾਲੀ ਐਲਰਜੀ ਦੀ ਕਿਸਮ ਅਜੇ ਵੀ ਸੀਮਤ ਹੈ। ਅਮਰੀਕੀ ਖਾਦ ਅਤੇ ਔਸ਼ਧੀ ਪ੍ਰਸ਼ਾਸਨ (ਐੱਫਡੀਏ) ਵੱਲੋਂ ਸਿਫਾਰਸ਼ ਇੱਕਮਾਤਰ ਸਬਲਿੰਗੂਅਲ ਇਮਯੂਨੋਥੈਰੇਪੀ ਧੂੜ ਦੇ ਕਣ, ਰੈਗਵੀਡ ਪਰਾਗ ਅਤੇ ਘਾਹ ਦੇ ਪਰਾਗ ਲਈ ਹੈ।

ਕੋਹੇਨ ਕਹਿੰਦੇ ਹਨ, ''ਮੇਰੇ ਕਈ ਮਰੀਜ਼ਾਂ ਨੂੰ ਦਰੱਖਤ ਦੇ ਪਰਾਗ ਤੋਂ ਐਲਰਜੀ ਹੈ। ਜੇਕਰ ਮੈਂ ਐੱਫਡੀਏ ਵੱਲੋਂ ਸਿਫਾਰਸ਼ ਉਤਪਾਦ ਦਾ ਉਪਯੋਗ ਕਰਨਾ ਚਾਹਾਂ ਤਾਂ ਮੈਂ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੀ।'' ਇਸ ਲਈ, ਉਹ ਅਕਸਰ ਐਲਰਜੀ ਇਮਯੂਨੋਥੈਰੇਪੀ ਦਾ ਇੰਜੈਕਸ਼ਨ ਲਗਾਉਣ ਦੀ ਸਲਾਹ ਦਿੰਦੇ ਹਨ।

ਚਾਹੇ ਮੂੰਹ ਤੋਂ ਲਈਆਂ ਜਾਣ ਵਾਲੀਆਂ ਬੂੰਦਾਂ ਜ਼ਰੀਏ ਹੋਵੇ ਜਾਂ ਇੰਜੈਕਸ਼ਨ ਰਾਹੀਂ, ਐਲਰਜਨ ਇਮਯੂਨੋਥੈਰੇਪੀ ਹਜ਼ਾਰਾਂ ਰੋਗੀਆਂ ਲਈ ਪ੍ਰਭਾਵੀ ਸਾਬਤ ਹੋਈ ਹੈ।

ਇੱਕ ਅਧਿਐਨ ਵਿੱਚ 2007 ਤੋਂ 2017 ਤੱਕ 45,000 ਤੋਂ ਜ਼ਿਆਦਾ ਐਲਰਜਿਨ ਇਮਯੂਨੋਥੈਰੇਪੀ ਰੋਗੀਆਂ ਦੇ ਮੈਡੀਕਲ ਰਿਕਾਰਡ ਦੀ ਤੁਲਨਾ ਉਨ੍ਹਾਂ ਲੋਕਾਂ ਦੇ ਰਿਕਾਰਡ ਨਾਲ ਕੀਤੀ ਗਈ ਜਿਨ੍ਹਾਂ ਨੂੰ ਐਲਰਜਿਕ ਰਾਈਨਾਈਟਿਸ ਦਾ ਨਿਦਾਨ ਹੋਇਆ ਸੀ, ਪਰ ਕਿਸੇ ਵੀ ਪ੍ਰਕਾਰ ਦੀ ਇਮਯੂਨੋਥੈਰੇਪੀ ਨਹੀਂ ਮਿਲੀ ਸੀ।

ਇਸ ਅਧਿਐਨ ਵਿੱਚ ਪਾਇਆ ਗਿਆ ਕਿ ਇਮਯੂਨੋਥੈਰੇਪੀ ਰੋਗੀਆਂ ਵਿੱਚ ਹੇ ਫੀਵਰ ਅਤੇ ਅਸਥਮਾ ਨਾਲ ਸਬੰਧਿਤ ਦਵਾਈਆਂ ਦੀ ਮਾਤਰਾ ਵਿੱਚ ਨਿਯੰਤਰਣ ਸਮੂਹ ਦੀ ਤੁਲਨਾ ਵਿੱਚ ਜ਼ਿਆਦਾ ਕਮੀ ਆਈ। ਨਾਲ ਹੀ, ਉਨ੍ਹਾਂ ਵਿੱਚ ਨਿਮੋਨੀਆ ਹੋਣ ਦੀ ਸੰਭਾਵਨਾ ਵੀ ਘੱਟ ਸੀ।

ਐਲਰਜਿਨ ਇਮਯੂਨੋਥੈਰੇਪੀ ਅਸਥਮਾ ਦੀ ਸ਼ੁਰੂਆਤ ਨੂੰ ਵੀ ਰੋਕ ਸਕਦੀ ਹੈ। ਘਾਹ ਦੇ ਪਰਾਗ ਤੋਂ ਐਲਰਜੀ ਵਾਲੇ 5 ਤੋਂ 12 ਸਾਲ ਦੀ ਉਮਰ ਦੇ 800 ਤੋਂ ਜ਼ਿਆਦਾ ਬੱਚਿਆਂ 'ਤੇ ਕੀਤੇ ਗਏ ਇੱਕ ਬੇਤਰਤੀਬ, ਡਬਲ-ਬਲਾਇੰਡ ਟਰਾਇਲ ਵਿੱਚ ਸਬਲਿੰਗੂਅਲ ਇਮਯੂਨੋਥੈਰੇਪੀ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਤੁਲਨਾ ਪਲੇਸੀਬੋ ਪ੍ਰਾਪਤ ਕਰਨ ਵਾਲੇ ਬੱਚਿਆਂ ਨਾਲ ਕੀਤੀ ਗਈ।

ਦੋ ਸਾਲ ਦੇ ਫੋਲੋਅਪ ਵਿੱਚ ਐਲਰਜਿਨ ਡ੍ਰਾਪਸ ਪ੍ਰਾਪਤ ਕਰਨ ਵਾਲੇ ਬੱਚਿਆਂ ਵਿੱਚ ਪਲੇਸੀਬੋ ਸਮੂਹ ਦੀ ਤੁਲਨਾ ਵਿੱਚ ਅਸਥਮਾ ਦੇ ਲੱਛਣ ਵਿਕਸਤ ਹੋਣ ਜਾਂ ਅਸਥਮਾ ਦੀ ਦਵਾਈ ਲੈਣ ਦੀ ਸੰਭਾਵਨਾ ਲਗਭਗ 29 ਫੀਸਦੀ ਘੱਟ ਸੀ।

ਹਾਲਾਂਕਿ, ਅਸਥਮਾ ਹੋਣ 'ਤੇ ਐਲਰਜਿਨ ਇਮਯੂਨੋਥੈਰੇਪੀ ਕਰਾਉਣਾ ਇੱਕ ਰੁਕਾਵਟ ਬਣ ਸਕਦਾ ਹੈ, ਖਾਸ ਕਰਕੇ ਜੇਕਰ ਅਸਥਮਾ ਗੰਭੀਰ ਜਾਂ ਕੰਟਰੋਲ ਤੋਂ ਬਾਹਰ ਹੋਵੇ। ਅਜਿਹਾ ਇਸ ਲਈ ਹੈ ਕਿਉਂਕਿ ਐਨਾਫਾਈਲੈਕਟਿਕ ਸਦਮੇ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ, ਪਰ ਵਾਯੂ ਮਾਰਗ ਵਿੱਚ ਸੋਜ ਹੋਣ 'ਤੇ ਇਸ ਦਾ ਖਤਰਾ ਵਧ ਜਾਂਦਾ ਹੈ।

ਅਜਿਹੇ ਮਰੀਜ਼ਾਂ ਲਈ ਜਾਂ ਜਿਨ੍ਹਾਂ ਲਈ ਸਿਰਫ਼ ਐਲਰਜਿਨ ਇਮਯੂਨੋਥੈਰੇਪੀ ਕਾਰਗਰ ਨਹੀਂ ਹੁੰਦੀ, ਇੱਕ ਹੋਰ ਵਿਕਲਪ ਹੈ: ਬਾਇਓਲੋਜਿਕਸ, ਜੋ ਦਵਾਈਆਂ ਦਾ ਇੱਕ ਵਰਗ ਹੈ ਜੋ ਐਲਰਜੀ ਪ੍ਰਤੀਕਿਰਿਆਵਾਂ ਵਿੱਚ ਸ਼ਾਮਲ ਪ੍ਰਮੁੱਖ ਪ੍ਰਤੀਰੋਧੀ ਮਾਰਗਾਂ ਨੂੰ ਟੀਚਾਗਤ ਕਰਕੇ ਸਰੀਰ ਦੀ ਸੋਜ ਪ੍ਰਤੀਕਿਰਿਆ ਨੂੰ ਰੋਕਦੀਆਂ ਹਨ।

ਕੁਝ ਮਾਮਲਿਆਂ ਵਿੱਚ ਐਲਰਜਿਨ ਇਮਯੂਨੋਥੈਰੇਪੀ ਨਾਲ ਬਾਇਓਲੋਜਿਕਸ ਵੀ ਦਿੱਤੀਆਂ ਜਾ ਸਕਦੀਆਂ ਹਨ। ਇਹ ਦੇਖਿਆ ਗਿਆ ਹੈ ਕਿ ਇਕੱਲੇ ਇਮਯੂਨੋਥੈਰੇਪੀ ਦੀ ਤੁਲਨਾ ਵਿੱਚ ਬਾਇਓਲੋਜਿਕਸ ਦੇ ਮਿਸ਼ਰਣ ਨਾਲ ਨੱਕ ਦੇ ਗੰਭੀਰ ਲੱਛਣਾਂ ਦੀ ਸੰਭਾਵਨਾ ਲਗਭਗ 59 ਫੀਸਦੀ ਤੱਕ ਘੱਟ ਹੋ ਜਾਂਦੀ ਹੈ।

ਡਰਹਮ ਕਹਿੰਦੇ ਹਨ, ''ਪਰ ਇਹ ਇਮਯੂਨੋਥੈਰੇਪੀ ਦੀ ਤਰ੍ਹਾਂ ਲੰਬੇ ਸਮੇਂ ਤੱਕ ਬੀਮਾਰੀ ਤੋਂ ਰਾਹਤ ਨਹੀਂ ਦਿਵਾਉਂਦੇ ਅਤੇ ਇਨ੍ਹਾਂ ਦੀ ਲਾਗਤ ਪ੍ਰਤੀ ਸਾਲ 12,000 ਤੋਂ 20,000 ਪੌਂਡ ਤੱਕ ਹੁੰਦੀ ਹੈ, ਜਦੋਂਕਿ ਉਦਾਹਰਨ ਲਈ ਜਿਸ ਇਮਯੂਨੋਥੈਰੇਪੀ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਦੀਆਂ ਗੋਲੀਆਂ ਦੀ ਕੀਮਤ ਪ੍ਰਤੀ ਸਾਲ 1,000 ਪੌਂਡ (1,300 ਡਾਲਰ) ਤੋਂ ਘੱਟ ਹੈ।''

ਦਵਾਈਆਂ ਦੀ ਚੋਣ ਕਿਵੇਂ ਕਰੀਏ ਅਤੇ ਟ੍ਰਿਗਰਜ਼ ਨੂੰ ਕਿਵੇਂ ਘੱਟ ਕਰੀਏ

ਇਨ੍ਹਾਂ ਇਲਾਜਾਂ ਦੀਆਂ ਕੀਮਤਾਂ ਅਤੇ ਸਮਾਂ ਕਈ ਰੋਗੀਆਂ ਲਈ ਇੱਕ ਵੱਡੀ ਰੁਕਾਵਟ ਬਣ ਸਕਦਾ ਹੈ। ਤਾਂ ਹੋਰ ਵਿਕਲਪ ਕੀ ਹਨ?

ਸਕੈਡਿੰਗ ਕਹਿੰਦੇ ਹਨ, ''ਸਾਡੇ ਕੋਲ ਜੋ ਸਭ ਤੋਂ ਪ੍ਰਭਾਵੀ ਇਲਾਜ ਉਪਲੱਬਧ ਹੈ ਅਤੇ ਜਿਸ ਨੂੰ ਮਰੀਜ਼ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ, ਉਹ ਇੱਕ ਸਪ੍ਰੇਅ ਹੈ ਜਿਸ ਵਿੱਚ ਐਂਟੀਹਿਸਟਾਮਾਈਨ ਅਤੇ ਕੋਰਟਿਕੋਸਟੇਰਾਇਡ ਦੋਵੇਂ ਮੌਜੂਦ ਹਨ।''

ਉਹ ਅੱਗੇ ਕਹਿੰਦੇ ਹਨ ਕਿ ਇਹ ਸਪ੍ਰੇਅ ਇਕੱਲੀ ਕਿਸੇ ਵੀ ਦਵਾਈ ਤੋਂ ਬਿਹਤਰ ਕੰਮ ਕਰਦੀ ਹੈ।

ਡਰਹਮ ਵੀ ਇਸ ਗੱਲ ਨਾਲ ਸਹਿਮਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਅਤੇ ਇਸ ਨੂੰ ਨਿਯਮਤ ਰੂਪ ਨਾਲ ਲਿਆ ਜਾਵੇ, ਇੱਥੋਂ ਤੱਕ ਕਿ ਉਨ੍ਹਾਂ ਦਿਨਾਂ ਵਿੱਚ ਵੀ ਜਦੋਂ ਤੁਹਾਨੂੰ ਕੋਈ ਲੱਛਣ ਨਾ ਹੋਣ।

ਉਹ ਕਹਿੰਦੇ ਹਨ, ''ਜੇਕਰ ਅਜਿਹਾ ਕੀਤਾ ਜਾਵੇ, ਤਾਂ ਇਹ ਨਾ ਸਿਰਫ਼ ਲੱਛਣਾਂ ਦੇ ਇਲਾਜ ਵਿੱਚ, ਬਲਕਿ ਬੀਮਾਰੀ ਦੇ ਹਮਲਿਆਂ ਨੂੰ ਰੋਕਣ ਵਿੱਚ ਵੀ ਬੇਹੱਦ ਕਾਰਗਰ ਸਾਬਤ ਹੁੰਦਾ ਹੈ।''

ਐਲਰਜੀ ਮਾਹਿਰਾਂ ਦਾ ਕਹਿਣਾ ਹੈ ਕਿ ਸਪ੍ਰੇਅ ਦਾ ਸਹੀ ਤਰੀਕੇ ਨਾਲ ਪ੍ਰਯੋਗ ਕਰਨਾ ਵੀ ਬੇਹੱਦ ਮਹੱਤਵਪੂਰਨ ਹੈ।

ਸਕੈਡਿੰਗ ਦਾ ਕਹਿਣਾ ਹੈ ਕਿ ਮੂੰਹ ਤੋਂ ਲਈਆਂ ਜਾਣ ਵਾਲੀਆਂ ਐਂਟੀਹਿਸਟਾਮਾਈਨ ਦਵਾਈਆਂ ਆਮ ਤੌਰ 'ਤੇ ਓਨੀਆਂ ਪ੍ਰਭਾਵੀ ਨਹੀਂ ਹੁੰਦੀਆਂ। ਇਨ੍ਹਾਂ ਨੂੰ ਸਿੱਧੇ ਨੱਕ ਦੀਆਂ ਕੋਸ਼ਿਕਾਵਾਂ 'ਤੇ ਨਹੀਂ ਲਗਾਇਆ ਜਾਂਦਾ, ਜਿੱਥੇ ਐਲਰਜੀ ਦੀ ਪ੍ਰਤੀਕਿਰਿਆ ਹੁੰਦੀ ਹੈ। ਇਸ ਲਈ ਇਹ ਕਮਜ਼ੋਰ ਹੁੰਦੀਆਂ ਹਨ ਅਤੇ ਅਸਰ ਦਿਖਾਉਣ ਵਿੱਚ ਜ਼ਿਆਦਾ ਸਮਾਂ ਲੈਂਦੀਆਂ ਹਨ।

ਪਰ ਜੇਕਰ ਤੁਸੀਂ ਅਜਿਹੀ ਕੋਈ ਦਵਾਈ ਲੈਂਦੇ ਹੋ ਤਾਂ ਯਕੀਨੀ ਬਣਾਓ ਕਿ ਇਹ ਨਵੀਆਂ (ਸੈਕਿੰਡ ਜਨਰੇਸ਼ਨ) ਦਵਾਈਆਂ ਵਿੱਚੋਂ ਇੱਕ ਹੋਵੇ ਜਿਵੇਂ ਕਿ ਸੇਟਿਰਿਜ਼ਿਨ ਜਾਂ ਲੋਰਾਟਾਈਡਾਇਨ। ਇਹ ਜ਼ਿਆਦਾ ਪ੍ਰਭਾਵੀ ਹੋਣ ਦੇ ਨਾਲ ਨਾਲ ਘੱਟ ਨੀਂਦ ਲਿਆਉਣ ਵਾਲੀਆਂ ਵੀ ਹੁੰਦੀਆਂ ਹਨ। ਪਹਿਲੀ ਪੀੜ੍ਹੀ ਦੀਆਂ ਦਵਾਈਆਂ ਇੰਨੀ ਥਕਾਵਟ ਪੈਦਾ ਕਰ ਸਕਦੀਆਂ ਹਨ ਕਿ ਇਨ੍ਹਾਂ ਵਿੱਚ ਕਾਰ ਦੁਰਘਟਨਾ ਦਾ ਖਤਰਾ ਵਧ ਸਕਦਾ ਹੈ।

''ਵਿਸ਼ੇਸ਼ ਕਰਕੇ ਜੇਕਰ ਤੁਸੀਂ ਗੰਭੀਰ ਲੱਛਣਾਂ ਤੋਂ ਪੀੜਤ ਹੋ, ਤਾਂ ਲੱਛਣਾਂ ਵਿੱਚ ਕਮੀ ਦੀ ਇੱਕ ਸੀਮਾ ਹੀ ਸੰਭਵ ਹੈ।''

ਐਲਰਜੀ ਪੈਦਾ ਕਰਨ ਵਾਲੇ ਕਾਰਕਾਂ ਨੂੰ ਘੱਟ ਕਰਨਾ ਵੀ ਮਹੱਤਵਪੂਰਨ ਹੈ। ਐਲਰਜੀ ਮਾਹਿਰ ਖਿੜਕੀਆਂ ਬੰਦ ਰੱਖਣ, ਏਅਰ ਪਿਊਰੀਫਾਇਰ ਦਾ ਉਪਯੋਗ ਕਰਨ ਅਤੇ ਬਾਹਰ ਜਾਂਦੇ ਸਮੇਂ ਧੁੱਪ ਦਾ ਚਸ਼ਮਾ ਜਾਂ ਮਾਸਕ ਪਹਿਨਣ ਦੀ ਸਲਾਹ ਦਿੰਦੇ ਹਨ।

ਕੋਹੇਨ ਕਹਿੰਦੇ ਹਨ ਕਿ ਘਰ ਆਉਣ 'ਤੇ ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ, ਹੱਥ, ਚਿਹਰਾ ਅਤੇ ਅੱਖਾਂ ਦੇ ਆਸ-ਪਾਸ ਦੀ ਚਮੜੀ ਨੂੰ ਧੋਣਾ ਅਤੇ ਹੋ ਸਕੇ ਤਾਂ ਵਾਲਾਂ ਸਮੇਤ ਇਸ਼ਨਾਨ ਕਰਨਾ ਵੀ ਮਦਦਗਾਰ ਹੋ ਸਕਦਾ ਹੈ। ''ਜੇਕਰ ਤੁਸੀਂ ਸਿਰਹਾਣੇ 'ਤੇ ਮੌਜੂਦ ਪਰਾਗ ਕਣਾਂ ਵਿੱਚ ਸੌਂ ਰਹੇ ਹੋ ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਨ੍ਹਾਂ ਨੂੰ ਸਾਹ ਰਾਹੀਂ ਆਪਣੇ ਅੰਦਰ ਲੈ ਜਾਣਾ ਕਿੰਨਾ ਹਾਨੀਕਾਰਕ ਹੈ।''

ਫਿਰ ਵੀ ਵਿਸ਼ੇਸ਼ ਰੂਪ ਨਾਲ ਜੇਕਰ ਤੁਸੀਂ ਗੰਭੀਰ ਲੱਛਣਾਂ ਤੋਂ ਪੀੜਤ ਹੋ ਤਾਂ ਇਸ ਵਿੱਚ ਕਮੀ ਦੀ ਇੱਕ ਹੀ ਸੀਮਾ ਹੈ। ਅਤੇ ਇਹ ਦੇਖਦੇ ਹੋਏ ਕਿ ਟਹਿਲਣਾ, ਕੰਮ 'ਤੇ ਸਾਈਕਲ ਰਾਹੀਂ ਜਾਣਾ ਜਾਂ ਬਾਹਰ ਗੇਂਦ ਖੇਡਣਾ ਵਰਗੀਆਂ ਰੋਜ਼ਾਨਾ ਦੀਆਂ ਖੁਸ਼ੀਆਂ ਸਾਡੇ ਜੀਵਨ ਦੀ ਗੁਣਵੱਤਾ ਨੂੰ ਵਧਾਉਂਦੀਆਂ ਹਨ, ਖਾਸ ਕਰਕੇ ਜਦੋਂ ਮੌਸਮ ਗਰਮ ਹੁੰਦਾ ਹੈ ਤਾਂ ਇਹ ਹਮੇਸ਼ਾ ਸਰਵੋਤਮ ਵਿਕਲਪ ਵੀ ਨਹੀਂ ਹੁੰਦਾ।

ਡਰਹਮ ਕਹਿੰਦੇ ਹਨ, ''ਸਾਡੇ ਕੋਲ ਜ਼ਿਆਦਾ ਰੋਗੀਆਂ ਲਈ ਬਹੁਤ ਪ੍ਰਭਾਵੀ ਇਲਾਜ ਮੌਜੂਦ ਹਨ।''

''ਸੰਦੇਸ਼ ਇਹ ਹੈ ਕਿ ਇਸ ਨੂੰ ਤੁੱਛ ਸਮਝਿਆ ਜਾਂਦਾ ਹੈ ਅਤੇ ਲੋਕ ਇਹ ਨਹੀਂ ਸਮਝਦੇ ਕਿ ਇਸ ਦਾ ਸਹੀ ਇਲਾਜ ਕਿਵੇਂ ਕੀਤਾ ਜਾਵੇ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)