ਪੁਲਾੜ ਯਾਤਰੀ ਕਿਵੇਂ ਬਣਦੇ ਹਨ ਅਤੇ ਇਸ ਦੇ ਲਈ ਕੀ ਪੜ੍ਹਾਈ ਕਰਨੀ ਪੈਂਦੀ ਹੈ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਸਾਲ ਭਾਰਤ ਦੇ ਸ਼ੁਭਾਂਸ਼ੂ ਸ਼ੁਕਲਾ ਐਕਸੀਅਮ-4 ਮਿਸ਼ਨ ਦੇ ਤਹਿਤ ਇੰਟਰਨੈਸ਼ਨਲ ਸਪੇਸ ਸਟੇਸ਼ਨ ਗਏ ਸਨ, ਇਹ ਨਾਸਾ ਦੀ ਹਮਾਇਤ ਹਾਸਲ ਇੱਕ ਕਾਰੋਬਾਰੀ ਪੁਲਾੜ ਮੁਹਿੰਮ ਸੀ
ਪੜ੍ਹਨ ਦਾ ਸਮਾਂ: 8 ਮਿੰਟ

ਸੁਨੀਤਾ ਵਿਲੀਅਮਜ਼ ਅਤੇ ਸ਼ੁਭਾਂਸ਼ੂ ਸ਼ੁਕਲਾ।

ਇਹ ਦੋ ਅਜਿਹੇ ਨਾਮ, ਜੋ ਸਾਹਮਣੇ ਆਉਂਦੇ ਹਨ ਤਾਂ ਅਸਮਾਨ ਦਿਖਾਈ ਦੇਣ ਲੱਗਦਾ ਹੈ। ਅਤੇ ਉਸ ਅਸਮਾਨ ਨੂੰ ਛੂਹਣ ਦੀ ਇੱਛਾ ਵੀ ਹਕੀਕਤ ਵਰਗੀ ਲੱਗਣ ਲੱਗਦੀ ਹੈ।

ਇਸਦੇ ਨਾਲ ਹੀ ਮਨ ਵਿੱਚ ਇਹ ਸਵਾਲ ਵੀ ਤੈਰਨ ਲੱਗਦਾ ਹੈ ਕਿ ਕੀ ਅਸੀਂ ਵੀ ਪੁਲਾੜ ਤੱਕ ਪਹੁੰਚ ਸਕਦੇ ਹਾਂ? ਪੁਲਾੜ ਯਾਤਰੀ ਜਾਂ ਐਸਟ੍ਰੋਨੋਟ ਕਿਸੇ ਵੀ ਹਿਊਮਨ ਸਪੇਸ ਮਿਸ਼ਨ ਦੀ ਸਭ ਤੋਂ ਅਹਿਮ ਕੜੀ ਹੁੰਦੇ ਹਨ।

ਸ਼ੁਭਾਂਸ਼ੂ ਸ਼ੁਕਲਾ ਨੇ ਭਾਰਤੀ ਹਵਾਈ ਸੈਨਾ ਦੇ ਕਾਕਪਿਟ ਤੋਂ ਲੈ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਦਾ ਸਫ਼ਰ ਤੈਅ ਕੀਤਾ। ਉੱਥੇ ਹੀ ਸੁਨੀਤਾ ਵਿਲੀਅਮਜ਼ ਦੀ ਯਾਤਰਾ ਇੱਕ ਨੇਵੀ ਪਾਇਲਟ ਦੇ ਰੂਪ ਵਿੱਚ ਸ਼ੁਰੂ ਹੋਈ ਸੀ, ਜੋ ਉਨ੍ਹਾਂ ਨੂੰ ਨਾਸਾ ਅਤੇ ਫਿਰ ਤੱਕ ਲੈ ਕੇ ਗਈ।

ਜ਼ਾਹਿਰ ਹੈ, ਦਿਮਾਗ ਵਿੱਚ ਸਵਾਲ ਆ ਸਕਦਾ ਹੈ ਕਿ ਕੀ ਪੁਲਾੜ ਤੱਕ ਪਹੁੰਚਣ ਦਾ ਰਸਤਾ ਸਿਰਫ਼ ਫ਼ੌਜ ਰਾਹੀਂ ਹੀ ਜਾਂਦਾ ਹੈ? ਕੀ ਕੋਈ ਆਮ ਇਨਸਾਨ ਵੀ ਐਸਟ੍ਰੋਨੋਟ ਬਣਨ ਦਾ ਸੁਪਨਾ ਦੇਖ ਕੇ ਉਸ ਨੂੰ ਪੂਰਾ ਕਰ ਸਕਦਾ ਹੈ?

ਅੱਜ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ ਕਿ ਭਾਰਤ ਵਿੱਚ ਐਸਟ੍ਰੋਨੋਟ ਕਿਵੇਂ ਬਣਦੇ ਹਨ, ਇਸ ਦੇ ਲਈ ਕਿਸ ਤਰ੍ਹਾਂ ਦੀ ਪੜ੍ਹਾਈ ਦੀ ਲੋੜ ਹੁੰਦੀ ਹੈ, ਕਿਵੇਂ ਦੀ ਤਿਆਰੀ ਕਰਨੀ ਪੈਂਦੀ ਹੈ?

Sorry, we can’t display this part of the story on this lightweight mobile page.

ਕੌਣ ਹੁੰਦੇ ਹਨ ਐਸਟ੍ਰੋਨੋਟ ਅਤੇ ਕੀ ਕਰਦੇ ਹਨ?

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸ਼ੁਭਾਂਸ਼ੂ ਸ਼ੁਕਲਾ (ਖੱਬੇ) ਐਕਸੀਅਮ-4 ਮਿਸ਼ਨ ਦੇ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ

ਐਸਟ੍ਰੋਨੋਟ ਬਣਦੇ ਕਿਵੇਂ ਹਨ, ਉਸ ਤੋਂ ਪਹਿਲਾਂ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਇਹ ਹੁੰਦੇ ਕੌਣ ਹਨ।

ਪੁਲਾੜ ਯਾਤਰੀ ਉਹ ਹੁੰਦੇ ਹਨ, ਜਿਨ੍ਹਾਂ ਨੂੰ ਪੁਲਾੜ ਵਿੱਚ ਜਾਣ, ਉੱਥੇ ਕੰਮ ਕਰਨ ਅਤੇ ਮਿਸ਼ਨ ਨੂੰ ਸਫ਼ਲ ਬਣਾਉਣ ਲਈ ਖ਼ਾਸ ਤੌਰ 'ਤੇ ਸਿਖਲਾਈ ਦਿੱਤੀ ਜਾਂਦੀ ਹੈ। ਇਹ ਸਪੇਸਵਾਕ (ਯਾਨ ਵਿੱਚੋਂ ਬਾਹਰ ਨਿਕਲਣਾ) ਵੀ ਕਰਦੇ ਹਨ।

ਨਾਲ ਹੀ ਸਾਇੰਸ, ਟੈਕਨਾਲੋਜੀ ਅਤੇ ਇਨਸਾਨਾਂ ਦੇ ਭਵਿੱਖ ਨਾਲ ਜੁੜੇ ਬੇਹੱਦ ਅਹਿਮ ਕੰਮਾਂ ਨੂੰ ਅੰਜਾਮ ਦਿੰਦੇ ਹਨ।

ਭਾਰਤ ਦੀ ਸਪੇਸ ਏਜੰਸੀ ਇਸਰੋ ਯਾਨੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ ਨੇ ਸਪੇਸ ਨਾਲ ਜੁੜੀ ਸਿੱਖਿਆ ਅਤੇ ਜਾਣਕਾਰੀ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਦੇਸ ਭਰ ਵਿੱਚ 237 ਟਿਊਟਰ ਚੁਣੇ ਹਨ। ਇਨ੍ਹਾਂ ਵਿੱਚ ਕਈ ਗੈਰ-ਸਰਕਾਰੀ ਸੰਗਠਨ ਜਾਂ ਨਿੱਜੀ ਸੰਸਥਾਵਾਂ ਸ਼ਾਮਲ ਹਨ।

ਜਿਹੜੇ ਸਟੂਡੈਂਟਸ ਸਪੇਸ ਸਾਇੰਸ ਅਤੇ ਟੈਕਨਾਲੋਜੀ ਬਾਰੇ ਪੜ੍ਹਨਾ ਚਾਹੁੰਦੇ ਹਨ, ਉਹ ਇਨ੍ਹਾਂ ਟਿਊਟਰਾਂ ਕੋਲ ਰਜਿਸਟਰ ਕਰ ਸਕਦੇ ਹਨ।

ਇਨ੍ਹਾਂ ਵਿੱਚੋਂ ਇੱਕ 'ਨਿੰਬਸ ਐਜੂਕੇਸ਼ਨ' ਦੇ ਫਾਊਂਡਰ ਅਤੇ ਡਾਇਰੈਕਟਰ ਮਨੀਸ਼ ਪੁਰੋਹਿਤ ਖ਼ੁਦ ਵੀ ਇਸਰੋ ਨਾਲ ਸਾਇੰਟਿਸਟ ਵਜੋਂ ਕੰਮ ਕਰ ਚੁੱਕੇ ਹਨ।

ਮਨੀਸ਼ ਪੁਰੋਹਿਤ ਕਹਿੰਦੇ ਹਨ ਕਿ ਐਸਟ੍ਰੋਨੋਟ ਇੱਕ ਪੇਸ਼ਾ ਹੈ, ਜਿਵੇਂ ਸਾਫ਼ਟਵੇਅਰ ਇੰਜੀਨੀਅਰ ਹੁੰਦੇ ਹਨ, ਡਾਕਟਰ ਹੁੰਦੇ ਹਨ।

ਉਨ੍ਹਾਂ ਕਿਹਾ, "ਐਸਟ੍ਰੋਨੋਟ ਸ਼ਬਦ ਅਮਰੀਕਾ, ਕੈਨੇਡਾ, ਯੂਰਪ ਅਤੇ ਜਾਪਾਨ ਦੇ ਪੁਲਾੜ ਯਾਤਰੀਆਂ ਲਈ ਵਰਤਿਆ ਜਾਂਦਾ ਹੈ। ਉੱਥੇ ਹੀ, ਸੋਵੀਅਤ ਸੰਘ ਅਤੇ ਬਾਅਦ ਵਿੱਚ ਰੂਸ ਦੇ ਸਪੇਸ ਟ੍ਰੈਵਲਰ 'ਕੌਸਮੋਨੋਟ' ਕਹੇ ਜਾਂਦੇ ਹਨ। ਚੀਨ ਦੇ ਪੁਲਾੜ ਯਾਤਰੀਆਂ ਨੂੰ 'ਤਾਈਕੋਨੋਟ' ਕਿਹਾ ਜਾਂਦਾ ਹੈ। ਭਾਰਤ ਦੇ ਪੁਲਾੜ ਯਾਤਰੀ 'ਗਗਨਯਾਤਰੀ' ਕਹੇ ਜਾਂਦੇ ਹਨ।"

ਹੁਣ ਸਵਾਲ ਇਹ ਕਿ ਐਸਟ੍ਰੋਨੋਟ, ਕੋਸਮੋਨੋਟ, ਤਾਈਕੋਨੋਟ ਜਾਂ ਫਿਰ ਗਗਨਯਾਤਰੀ। ਇਨ੍ਹਾਂ ਦਾ ਕੰਮ ਕੀ ਹੁੰਦਾ ਹੈ।

Sorry, we can’t display this part of the story on this lightweight mobile page.

ਐਜੂਟੈਕ ਕੰਪਨੀ 'ਸਾਇਸਟ੍ਰਾ' ਨਾਲ ਜੁੜੀ ਰਿਸਰਚ ਸਾਇੰਟਿਸਟ ਯਸ਼ਿਕਾ ਪੰਡਿਤਾ ਦਾ ਕਹਿਣਾ ਹੈ ਕਿ ਐਸਟ੍ਰੋਨੋਟ ਦੀਆਂ ਜ਼ਿੰਮੇਵਾਰੀਆਂ ਵੱਖ-ਵੱਖ ਹੁੰਦੀਆਂ ਹਨ।

ਉਹ ਕਹਿੰਦੇ ਹਨ, "ਕੁਝ ਦੇ ਜ਼ਿੰਮੇ ਐਕਸਪੈਰੀਮੈਂਟ, ਸੈਟੇਲਾਈਟ ਲਾਂਚ ਕਰਨਾ ਅਤੇ ਸਪੇਸਕ੍ਰਾਫਟ-ਉਪਕਰਨਾਂ ਦੀ ਦੇਖਭਾਲ ਹੁੰਦੀ ਹੈ, ਜਦਕਿ ਸਪੇਸ ਸ਼ਟਲ ਦੇ ਕਮਾਂਡਰ ਯਾਨੀ ਇਸ ਨੂੰ ਚਲਾਉਣ ਵਾਲੇ ਪਾਇਲਟ ਐਸਟ੍ਰੋਨੋਟ ਹੁੰਦੇ ਹਨ।"

(ਮਨੀਸ਼ ਪੁਰੋਹਿਤ ਐਸਟ੍ਰੋਨੋਟ ਹੋਣ ਨੂੰ ਇੱਕ ਫੁੱਲ-ਟਾਈਮ ਜੌਬ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਐਸਟ੍ਰੋਨੋਟ ਸਪੇਸ ਵਿੱਚ ਨਹੀਂ ਰਹਿੰਦੇ, ਉਦੋਂ ਵੀ ਉਹ ਐਸਟ੍ਰੋਨੋਟ ਹੀ ਰਹਿੰਦੇ ਹਨ।)

ਉਨ੍ਹਾਂ ਕਿਹਾ, "ਇਸ ਨੂੰ ਇੰਝ ਸਮਝੋ ਕਿ ਫਾਈਟਰ ਪਾਇਲਟ ਹਨ। ਹੁਣ ਹਰ ਰੋਜ਼ ਤਾਂ ਜੰਗ ਹੋ ਨਹੀਂ ਰਹੀ। ਤਾਂ ਉਹ ਕੀ ਕਰ ਰਹੇ ਹਨ? ਉਹ ਆਪਣੇ-ਆਪ ਨੂੰ ਟ੍ਰੇਨ ਕਰ ਰਹੇ ਹਨ, ਖ਼ੁਦ ਨੂੰ ਅਪਗ੍ਰੇਡ ਕਰ ਰਹੇ ਹਨ। ਉਹ ਗ੍ਰਾਊਂਡ ਸਪੋਰਟ ਸਟਾਫ਼ ਨੂੰ ਬਿਹਤਰ ਬਣਾ ਰਹੇ ਹਨ। ਨਵੀਂ ਤਕਨੀਕ ਸਿੱਖ ਰਹੇ ਹਨ, ਉਸ ਬਾਰੇ ਪੜ੍ਹ ਰਹੇ ਹਨ।"

ਐਸਟ੍ਰੋਨੋਟ ਕਿਵੇਂ ਬਣ ਸਕਦੇ ਹਾਂ?

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਗਗਨਯਾਨ ਮਿਸ਼ਨ ਲਈ ਚੁਣੇ ਗਏ ਹਵਾਈ ਸੈਨਾ ਦੇ ਅਧਿਕਾਰੀਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਭਾਰਤ 2027 ਤੱਕ ਪਹਿਲੀ ਮਨੁੱਖੀ ਮੁਹਿੰਮ 'ਗਗਨਯਾਨ' ਲਾਂਚ ਕਰਨ ਦੀ ਤਿਆਰੀ ਵਿੱਚ ਲੱਗਿਆ ਹੋਇਆ ਹੈ। ਇਸ ਦੇ ਲਈ ਚਾਰ ਪਾਇਲਟ ਚੁਣੇ ਵੀ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਇੱਕ ਸ਼ੁਭਾਂਸ਼ੂ ਸ਼ੁਕਲਾ ਵੀ ਹਨ।

ਉਨ੍ਹਾਂ ਤੋਂ ਇਲਾਵਾ ਜੋ ਤਿੰਨ ਲੋਕ ਇਸ ਮੁਹਿੰਮ 'ਤੇ ਜਾਣਗੇ, ਉਹ ਵੀ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਹਨ। ਇਨ੍ਹਾਂ ਦੇ ਨਾਮ ਹਨ- ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਨਨ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ ਅਤੇ ਗਰੁੱਪ ਕੈਪਟਨ ਅੰਗਦ ਪ੍ਰਤਾਪ।

ਇਨ੍ਹਾਂ ਅਧਿਕਾਰੀਆਂ ਨੂੰ ਮੁਸ਼ਕਲ ਸਰੀਰਕ ਅਤੇ ਮਾਨਸਿਕ ਪ੍ਰੀਖਿਆਵਾਂ ਵਿੱਚੋਂ ਲੰਘੇ ਏਅਰਫੋਰਸ ਪਾਇਲਟਾਂ ਦੇ ਇੱਕ ਵੱਡੇ ਸਮੂਹ ਵਿੱਚੋਂ ਚੁਣਿਆ ਗਿਆ। ਇਸ ਤੋਂ ਬਾਅਦ ਚੁਣੇ ਗਏ ਇਨ੍ਹਾਂ ਅਧਿਕਾਰੀਆਂ ਨੇ ਰੂਸ ਵਿੱਚ 13 ਮਹੀਨਿਆਂ ਤੱਕ ਸਖ਼ਤ ਟ੍ਰੇਨਿੰਗ ਕੀਤੀ।

ਲੇਕਿਨ ਜੇਕਰ ਕਿਸੇ ਆਮ ਬੰਦੇ ਨੇ ਐਸਟ੍ਰੋਨੋਟ ਬਣਨਾ ਹੋਵੇ ਤਾਂ ਕੀ ਕਰਨਾ ਪੈਂਦਾ ਹੈ?

ਇਸ ਦੇ ਲਈ ਕੋਈ ਇੱਕ ਤੈਅ ਕੋਰਸ ਜਾਂ ਪ੍ਰੋਗਰਾਮ ਜਾਂ ਫਿਰ ਸਿਖਲਾਈ ਨਹੀਂ ਹੈ। ਹਾਲਾਂਕਿ, ਕੁਝ ਕਦਮ ਜ਼ਰੂਰ ਹਨ ਜਿਨ੍ਹਾਂ ਨੂੰ ਦੀ ਪਾਲਣਾ ਕਰਦਿਆਂ ਕੋਈ ਵੀ ਐਸਟ੍ਰੋਨੋਟ ਬਣ ਸਕਦਾ ਹੈ।

ਮਨੀਸ਼ ਪੁਰੋਹਿਤ ਕਹਿੰਦੇ ਹਨ, "ਇਸ ਦੀ ਸ਼ੁਰੂਆਤ 10ਵੀਂ ਦੇ ਨਤੀਜੇ ਤੋਂ ਬਾਅਦ ਹੀ ਹੋ ਜਾਂਦੀ ਹੈ। ਪਹਿਲਾ ਕਦਮ ਇਹ ਕਿ 11ਵੀਂ ਵਿੱਚ ਸਾਇੰਸ ਪੜ੍ਹਨੀ ਪੈਂਦੀ ਹੈ, ਜਿਸ ਵਿੱਚ ਰਸਾਇਣ ਵਿਗਿਆਨ, ਭੌਤਿਕ ਵਿਗਿਆਨ ਅਤੇ ਗਣਿਤ ਮੁੱਖ ਵਿਸ਼ੇ ਹੋਣੇ ਚਾਹੀਦੇ ਹਨ। ਫਿਰ 12ਵੀਂ ਪਾਸ ਕਰਨ ਤੋਂ ਬਾਅਦ ਬੈਚਲਰਸ ਵੀ ਇਸੇ ਖੇਤਰ ਵਿੱਚ ਕਰਨਾ ਜ਼ਰੂਰੀ ਹੈ।

ਐਸਟ੍ਰੋਨੋਟ ਬਣਨ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਮਾਸਟਰਜ਼ ਜਾਂ ਡਾਕਟਰੇਟ, ਖ਼ਾਸ ਕਰਕੇ ਗਣਿਤ, ਜੀਵ-ਵਿਗਿਆਨ, ਰਸਾਇਣ ਵਿਗਿਆਨ. ਭੌਤਿਕ ਵਿਗਿਆਨ ਜਾਂ ਐਰੋਸਪੇਸ ਇੰਜੀਨੀਅਰਿੰਗ ਵਰਗੇ ਵਿਸ਼ਿਆਂ ਵਿੱਚ ਵੀ ਕਰਨਾ ਜ਼ਰੂਰੀ ਹੈ।

ਇਸ ਤੋਂ ਬਾਅਦ ਇਸਰੋ ਜਾਂ ਕਿਸੇ ਵੀ ਪੁਲਾੜ ਏਜੰਸੀ ਵੱਲੋਂ ਜਾਰੀ ਨੌਕਰੀਆਂ ਨਾਲ ਜੁੜੀਆਂ ਪ੍ਰੀਖਿਆਵਾਂ ਦੇਣੀਆਂ ਪੈਂਦੀਆਂ ਹਨ।

ਨਾਸਾ ਵੀ ਇਹੀ ਕਰਦਾ ਹੈ ਕਿ ਉਹ ਐਸਟ੍ਰੋਨੋਟ ਦੇ ਬੈਚ ਲਈ ਅਰਜ਼ੀਆਂ ਮੰਗਦਾ ਹੈ। ਇਸ ਦੇ ਤਹਿਤ ਜ਼ਰੂਰੀ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਨਾਸਾ ਦਾ ਹਿੱਸਾ ਬਣ ਸਕਦੇ ਹਨ।

ਮੈਡੀਕਲ ਫਿਟਨੈੱਸ ਹੈ ਜ਼ਰੂਰੀ

ਤਸਵੀਰ ਸਰੋਤ, X/@AstroPeggy

ਤਸਵੀਰ ਕੈਪਸ਼ਨ, ਇੰਟਰਨੈਸ਼ਨਲ ਪੁਲਾੜ ਸਟੇਸ਼ਨ ਉੱਤੇ ਸਾਥੀਆਂ ਦੇ ਨਾਲ ਸ਼ੁਭਾਂਸ਼ੂ ਸ਼ੁਕਲਾ (ਵਿਚਕਾਰ)

ਜੇਕਰ ਕੋਈ ਐਸਟ੍ਰੋਨੋਟ ਬਣਨ ਦੀ ਤਿਆਰੀ ਵਿੱਚ ਹੈ ਤਾਂ ਇਸ ਦੇ ਲਈ ਸਰੀਰਕ ਤੰਦਰੁਸਤੀ ਅਹਿਮ ਹੈ। ਮਨੀਸ਼ ਪੁਰੋਹਿਤ ਇਸ ਨੂੰ ਕਾਰਨ ਦੱਸਦੇ ਹਨ, ਜਿਸ ਕਰਕੇ ਫ਼ੌਜ ਦੇ ਪਾਇਲਟਾਂ ਨੂੰ ਚੋਣ ਸਮੇਂ ਤਰਜੀਹ ਦਿੱਤੀ ਜਾਂਦੀ ਹੈ।

ਉਹ ਕਹਿੰਦੇ ਹਨ, "ਫ਼ੌਜ ਦੇ ਪਾਇਲਟਾਂ ਦੀ ਸਖ਼ਤ ਸਿਖਲਾਈ ਹੁੰਦੀ ਹੈ। ਵੱਡੇ, ਵੱਖ-ਵੱਖ ਤਰ੍ਹਾਂ ਦੇ ਹੈਲੀਕਾਪਟਰ ਅਤੇ ਦੂਜੇ ਜਹਾਜ਼ ਚਲਾਉਣਾ ਸੌਖਾ ਨਹੀਂ ਹੈ, ਜੋ ਉਹ ਕਰਦੇ ਹਨ। ਉਨ੍ਹਾਂ ਨੂੰ ਸਿਖਲਾਈ ਮਿਲਦੀ ਹੈ ਕਿ ਕਿਵੇਂ ਕਿਸੇ ਵੀ ਵਕਤ ਬਦਲਣ ਵਾਲੀ ਸਥਿਤੀ ਨੂੰ ਸੰਭਾਲਿਆ ਜਾ ਸਕਦਾ ਹੈ, ਉਨ੍ਹਾਂ ਨੂੰ ਖ਼ਤਰਿਆਂ ਦੇ ਵਿਚਕਾਰ ਵੀ ਦਿਮਾਗ ਸ਼ਾਂਤ ਰੱਖਣਾ ਆਉਂਦਾ ਹੈ।"

ਉਨ੍ਹਾਂ ਕਿਹਾ, "ਅਜੇ ਆਪਣੇ ਸਾਰੇ ਪੁਲਾੜ ਯਾਤਰੀ ਫਾਈਟਰ ਪਾਇਲਟ ਹਨ। ਕਿਉਂ? ਕਿਉਂਕਿ ਫਿਜ਼ੀਕਲ ਫਿਟਨੈੱਸ ਦੇ ਮਾਮਲੇ ਵਿੱਚ ਇਹ ਦੁਨੀਆ ਵਿੱਚ ਸਭ ਤੋਂ ਬਿਹਤਰੀਨ ਵਿੱਚ ਸ਼ਾਮਲ ਹਨ। ਉਨ੍ਹਾਂ ਦੀ ਜੋ ਪ੍ਰੈਸ਼ਰ ਅਤੇ ਸਟ੍ਰੈਸ ਨੂੰ ਹੈਂਡਲ ਕਰਨ ਦੀ ਸਮਰੱਥਾ ਹੈ, ਉਹ ਬਹੁਤ ਜ਼ਿਆਦਾ ਹੈ। ਮਾਨਸਿਕ ਤੌਰ 'ਤੇ ਉਹ ਸਖ਼ਤ ਹੋ ਚੁੱਕੇ ਹਨ। ਉਨ੍ਹਾਂ ਨੂੰ ਕੋਈ ਤੋੜ ਨਹੀਂ ਸਕਦਾ। ਫਾਈਟਰ ਪਾਇਲਟ ਬਣਨ ਤੋਂ ਹੀ ਉਨ੍ਹਾਂ ਨੂੰ ਪਤਾ ਹੈ ਕਿ ਹਾਈ ਰਿਸਕ, ਹਾਈ ਸਟ੍ਰੈਸ ਜੌਬ ਕੀ ਹੁੰਦੀ ਹੈ। ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਸਥਿਤੀਆਂ ਕੀ ਹੁੰਦੀਆਂ ਹਨ। ਅਤੇ ਪਲਕ ਝਪਕਦੇ ਹੀ ਕੋਈ ਫ਼ੈਸਲਾ ਕਿਵੇਂ ਲੈਣਾ ਹੁੰਦਾ ਹੈ।

"ਇਨ੍ਹਾਂ ਲੋਕਾਂ ਨੂੰ ਤੇਜ਼ ਰਫ਼ਤਾਰ ਵਿੱਚ ਜਹਾਜ਼ ਉਡਾਉਣਾ ਆਉਂਦਾ ਹੈ। ਇਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ ਕਿ ਇੱਕ ਝਟਕੇ ਵਿੱਚ ਸਪੀਡ ਤੇਜ਼ ਹੋ ਜਾਵੇ ਜਾਂ ਘੱਟ ਹੋ ਜਾਵੇ, ਜਾਂ ਜੈੱਟ ਅਸੰਤੁਲਿਤ ਹੋ ਕੇ ਹੇਠਾਂ ਹੀ ਡਿੱਗਣ ਲੱਗੇ ਤਾਂ ਇਨ੍ਹਾਂ ਲੋਕਾਂ ਨੂੰ ਸੰਭਾਲਣਾ ਆਉਂਦਾ ਹੈ। ਅੱਠ-ਨੌਂ ਲੱਖ ਕਰੋੜ ਕਿਲੋ ਦਾ ਰਾਕਟ ਉੱਡਦਾ ਹੈ, ਹੇਠਾਂ ਅੱਗ ਹੁੰਦੀ ਹੈ। ਸਪੇਸਕ੍ਰਾਫਟ ਬਹੁਤ ਤੇਜ਼ ਜਾਂਦਾ ਹੈ। ਇਸ ਨੂੰ ਸੰਭਾਲਣ ਲਈ ਅਜੇ ਤੱਕ ਫਾਈਟਰ ਪਾਇਲਟਾਂ ਨੂੰ ਹੀ ਸਹੀ ਚੋਣ ਮੰਨਿਆ ਜਾਂਦਾ ਹੈ।"

(ਉਨ੍ਹਾਂ ਕਿਹਾ, "ਹੋ ਸਕਦਾ ਹੈ ਕਿਸੇ ਨੂੰ ਅਚਾਨਕ ਬਲੱਡ ਪ੍ਰੈਸ਼ਰ ਵਧਣ ਜਾਂ ਇਸੇ ਤਰ੍ਹਾਂ ਦੀਆਂ ਦੂਜੀਆਂ ਦਿੱਕਤਾਂ ਹੋਣ। ਪਰ ਮੈਡੀਕਲ ਐਗਜ਼ਾਮ ਵਿੱਚ ਐਂਡਿਓਰੈਂਸ (ਸਹਿਣਸ਼ੀਲਤਾ) ਦੇਖੀ ਜਾਂਦੀ ਹੈ ਕਿ ਕੋਈ ਕਿੰਨਾ ਸਹਿਣ ਕਰ ਸਕਦਾ ਹੈ ਅਤੇ ਇਸ ਦੌਰਾਨ ਉਹ ਕਿੰਨਾ ਨਾਰਮਲ ਵਿਵਹਾਰ ਕਰ ਸਕਦੇ ਹਨ।")

ਇਸਰੋ ਨਾਲ ਜੁੜਨ ਲਈ ਕੀ ਜ਼ਰੂਰੀ ਹੈ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਭਾਰਤੀ ਸਨ

ਭਾਰਤ ਦੀ ਨਾਗਰਿਕਤਾ।

ਜਾਣੀ-ਪਛਾਣੀ ਯੂਨੀਵਰਸਿਟੀ ਜਾਂ ਕਾਲਜ ਤੋਂ ਇੰਜੀਨੀਅਰਿੰਗ, ਮਕੈਨੀਕਲ, ਕੰਪਿਊਟਰ ਸਾਇੰਸ, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਜਾਂ ਮੈਥੇਮੈਟਿਕਸ ਵਿੱਚ ਬੈਚਲਰਸ ਦੀ ਡਿਗਰੀ।

ਐਰੋਨੌਟੀਕਲ ਇੰਜੀਨੀਅਰਿੰਗ ਜਾਂ ਐਰੋਸਪੇਸ ਇੰਜੀਨੀਅਰਿੰਗ ਵਿੱਚ ਡਾਕਟਰੇਟ ਜਾਂ ਮਾਸਟਰ ਡਿਗਰੀ ਹੋਵੇ। ਭਾਰਤੀ ਹਵਾਈ ਸੈਨਾ ਦੇ ਪਾਇਲਟ ਨੂੰ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਉਨ੍ਹਾਂ ਕੋਲ ਜਹਾਜ਼ ਉਡਾਉਣ ਦਾ ਤਜਰਬਾ ਹੁੰਦਾ ਹੈ।

ਇਨ੍ਹਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਐਸਟ੍ਰੋਨੋਟ ਬਣ ਸਕਦੇ ਹਨ। ਲੇਕਿਨ ਉਦੋਂ ਜਦੋਂ ਇਸਰੋ ਤੁਹਾਡੀ ਅਰਜੀ ਨੂੰ ਮਨਜ਼ੂਰ ਕਰੇ ਅਤੇ ਤੁਹਾਡੀ ਸਿਖਲਾਈ ਹੋਵੇ। ਇਹ ਸਿਖਲਾਈ ਕਰੀਬ ਦੋ ਸਾਲ ਤੱਕ ਚੱਲਦੀ ਹੈ।

ਮਾਹਿਰਾਂ ਮੁਤਾਬਕ, ਅਜੇ ਭਾਰਤ ਵਿੱਚ ਅਜਿਹੀ ਭਰਤੀ ਨਹੀਂ ਹੋਈ ਹੈ। ਪਰ ਗਗਨਯਾਨ ਦੇ ਲਾਂਚ ਹੋਣ ਤੋਂ ਬਾਅਦ ਹੋਵੇਗੀ।

ਲੇਕਿਨ ਜੋ ਵਿਸ਼ਵ ਵਿਆਪੀ ਸਥਿਤੀਆਂ ਹਨ, ਉਸ ਦੇ ਹਿਸਾਬ ਨਾਲ ਐਸਟ੍ਰੋਨੋਟ ਬਣਨ ਲਈ ਉਮਰ 35 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਮਨੀਸ਼ ਪੁਰੋਹਿਤ ਮੁਤਾਬਕ, ਕੱਦ ਦੀ ਵੀ ਇੱਕ ਸੀਮਾ ਹੈ। ਨਜ਼ਰ ਵੀ ਚੰਗੀ ਹੋਣੀ ਚਾਹੀਦੀ ਹੈ।

ਜੇਕਰ ਸੁਪਨਾ ਨਾਸਾ ਹੋਵੇ ਤਾਂ...

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਦਸੰਬਰ 2025 ਵਿੱਚ 27 ਸਾਲ ਦੀ ਸੇਵਾ ਤੋਂ ਬਾਅਦ ਨਾਸਾ ਤੋਂ ਰਿਟਾਇਰ ਹੋਈ ਹੈ।

ਅਮਰੀਕੀ ਪੁਲਾੜ ਏਜੰਸੀ 'ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟਰੇਸ਼ਨ' ਯਾਨੀ ਨਾਸਾ ਵਿੱਚ ਉਹੀ ਪੁਲਾੜ ਯਾਤਰੀ ਬਣ ਸਕਦੇ ਹਨ, ਜੋ ਅਮਰੀਕਾ ਦੇ ਨਾਗਰਿਕ ਹੋਣ। ਯਸ਼ਿਕਾ ਪੰਡਿਤ ਮੁਤਾਬਕ, ਐਸਟੀਈਐਮ ਫੀਲਡ ਦੀ ਡਿਗਰੀ ਉੱਥੇ ਵੀ ਚਾਹੀਦੀ ਹੈ।

ਲੇਕਿਨ ਜੇਕਰ ਕੋਈ ਭਾਰਤੀ ਨਾਸਾ ਨਾਲ ਜੁੜਨਾ ਚਾਹੇ ਤਾਂ? ਯਸ਼ਿਕਾ ਪੰਡਿਤ ਦੱਸਦੀ ਹੈ, "ਨਾਸਾ, ਰੂਸ ਦਾ ਰੋਸਕੋਸਮੋਸ ਜਾਂ ਯੂਰਪੀਅਨ ਸਪੇਸ ਏਜੰਸੀ.... ਇਹ ਸਭ ਰਣਨੀਤਿਕ ਸੰਸਥਾਵਾਂ ਹਨ। ਇੱਥੇ ਜੋ ਕੰਮ ਕਰ ਰਹੇ ਹਨ, ਉਹ ਦੇਸ ਦੀ ਬਹੁਤ ਹੀ ਅਹਿਮ ਤਕਨੀਕ 'ਤੇ ਕੰਮ ਕਰ ਰਹੇ ਹਨ। ਮੈਂ ਇਸਰੋ ਵਿੱਚ ਕੰਮ ਕਰਾਂ ਅਤੇ ਮੈਂ ਭਾਰਤੀ ਹਾਂ, ਤਾਂ ਕੀ ਮੈਂ ਇੰਝ ਹੀ ਕਿਸੇ ਅਮਰੀਕੀ ਨੂੰ ਆ ਕੇ ਇਸਰੋ ਵਿੱਚ ਕੰਮ ਕਰਨ ਦਿਆਂਗੀ? ਹਾਂ, ਜੇਕਰ ਕੋਈ ਅਮਰੀਕੀ-ਭਾਰਤੀ ਹੈ ਤਾਂ ਫਿਰ ਉਨ੍ਹਾਂ ਲਈ ਨਾਸਾ ਨਾਲ ਕੰਮ ਕਰਨਾ ਆਮ ਗੱਲ ਹੈ।

ਇਨ੍ਹਾਂ ਸਭ ਤੋਂ ਇਲਾਵਾ ਜੋ ਕੌਸ਼ਲ ਕਿਸੇ ਵੀ ਦੇਸ ਦਾ ਪੁਲਾੜ ਯਾਤਰੀ ਬਣਨ ਲਈ ਚਾਹੀਦੀਆਂ ਹਨ, ਉਹ ਹਨ- ਅਗਵਾਈ ਦੇ ਗੁਣ, ਸਮੂਹ ਵਿੱਚ ਕੰਮ ਕਰ ਸਕਣਾ ਅਤੇ ਸੰਚਾਰ ਦੀ ਯੋਗਤਾ।

ਅਖ਼ੀਰ ਵਿੱਚ ਕਿ ਇੱਕ ਪੁਲਾੜ ਯਾਤਰੀ ਦੀ ਤਨਖਾਹ ਕਿੰਨੀ ਹੁੰਦੀ ਹੈ? ਤਾਂ ਇਸ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ ਪਰ ਤਨਖ਼ਾਹ ਨਾਲ ਜੁੜੇ ਡੇਟਾ ਰੱਖਣ ਵਾਲੀ ਅਤੇ ਉਸ ਦਾ ਵਿਸ਼ਲੇਸ਼ਣ ਕਰਨ ਵਾਲੇ 'ਇਕਨਾਮਿਕ ਰਿਸਰਚ ਇੰਸਟੀਚਿਊਟ' ਮੁਤਾਬਕ, ਭਾਰਤ ਵਿੱਚ ਇੱਕ ਐਸਟ੍ਰੋਨੋਟ ਨੂੰ ਔਸਤਨ ਹਰ ਮਹੀਨੇ 90 ਹਜ਼ਾਰ ਦੇ ਆਸ-ਪਾਸ ਤਨਖਾਹ ਮਿਲਦੀ ਹੈ। ਇਸ ਤੋਂ ਇਲਾਵਾ ਬੋਨਸ ਅਤੇ ਦੂਜੀਆਂ ਸਹੂਲਤਾਂ ਵੀ ਹੁੰਦੀਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)