You’re viewing a text-only version of this website that uses less data. View the main version of the website including all images and videos.
ਜਦੋਂ ਇੱਕ ਮੌਸਮੀ ਰਾਕੇਟ ਨੇ ਲਗਭਗ ਪਰਮਾਣੂ ਜੰਗ ਛੇੜ ਹੀ ਦਿੱਤੀ ਸੀ
- ਲੇਖਕ, ਗ੍ਰੈਗ ਮੈਕਵਿਟ
- ਰੋਲ, ਬੀਬੀਸੀ ਨਿਊਜ਼
- ਪੜ੍ਹਨ ਦਾ ਸਮਾਂ: 8 ਮਿੰਟ
25 ਜਨਵਰੀ 1995 ਨੂੰ ਨਾਰਵੇ ਵੱਲੋਂ ਉੱਤਰੀ ਰੋਸ਼ਨੀਆਂ (ਨੌਰਦਰ ਲਾਈਟਸ) ਦੇ ਅਧਿਐਨ ਲਈ ਇੱਕ ਰਾਕੇਟ ਲਾਂਚ ਕੀਤਾ ਗਿਆ ਸੀ। ਪਰ ਰੂਸ ਨੇ ਇਸਨੂੰ ਮਾਸਕੋ ਵੱਲ ਸਿੱਧੇ ਰਸਤੇ 'ਤੇ ਆ ਰਹੀ ਨਿਊਕਲੀਅਰ ਮਿਜਾਈਲ ਸਮਝ ਲਿਆ।
ਕੜਾਕੇ ਦੀ ਠੰਢ ਵਾਲੀ ਸਰਦੀਆਂ ਦੇ ਇੱਕ ਦਿਨ, ਲਗਭਗ ਇੱਕ ਘੰਟੇ ਤੋਂ ਥੋੜ੍ਹਾ ਵੱਧ ਸਮੇਂ ਲਈ, ਦੁਨੀਆ ਕੋਲਡ ਵਾਰ ਦੇ ਸਭ ਤੋਂ ਡਰਾਉਣੇ ਸੁਪਨੇ ਦੇ ਬਹੁਤ ਨੇੜੇ ਪਹੁੰਚ ਗਈ।
ਇੱਕ ਆਮ ਬੁੱਧਵਾਰ ਦੁਪਹਿਰ ਨੂੰ ਉੱਤਰੀ ਰੂਸ ਵਿੱਚ ਰਾਡਾਰ ਸਟੇਸ਼ਨਾਂ 'ਤੇ ਡਿਊਟੀ ਕਰ ਰਹੇ ਫੌਜੀ ਤਕਨੀਕੀ ਕਰਮਚਾਰੀਆਂ ਨੇ ਆਪਣੀਆਂ ਸਕ੍ਰੀਨਾਂ 'ਤੇ ਇੱਕ ਸ਼ੱਕੀ ਨਿਸ਼ਾਨ ਦੇਖਿਆ। ਨਾਰਵੇ ਦੇ ਤਟ ਨੇੜੇ ਕਿਤਿਓਂ ਇੱਕ ਰਾਕੇਟ ਲਾਂਚ ਹੋਇਆ ਸੀ ਅਤੇ ਤੇਜ਼ੀ ਨਾਲ ਉੱਚਾਈ ਵੱਲ ਵੱਧ ਰਿਹਾ ਸੀ।
ਸਵਾਲ ਇਹ ਸੀ ਕਿ ਇਹ ਕਿੱਥੇ ਜਾ ਰਿਹਾ ਹੈ ਅਤੇ ਕੀ ਇਹ ਕੋਈ ਖ਼ਤਰਾ ਹੈ।
ਆਖਿਰਕਾਰ, ਬਹੁਤ ਸਾਰੇ ਲੋਕ ਮੰਨਦੇ ਸਨ ਕਿ ਬਰਲਿਨ ਦੀ ਕੰਧ ਡਿੱਗਣ ਤੋਂ ਬਾਅਦ ਇਸ ਤਰ੍ਹਾਂ ਦੇ ਨਿਊਕਲੀਅਰ ਤਣਾਅ ਖ਼ਤਮ ਹੋ ਚੁੱਕੇ ਹਨ।
ਆਕਾਸ਼ ਦੀ ਨਿਗਰਾਨੀ ਕਰ ਰਹੇ ਅਧਿਕਾਰੀਆਂ ਲਈ ਇਸਦੇ ਨਤੀਜੇ ਬਹੁਤ ਡਰਾਉਣੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਇਨ੍ਹਾਂ ਪਾਣੀਆਂ ਵਿੱਚ ਮੌਜੂਦ ਅਮਰੀਕੀ ਸਬਮਰੀਨ ਤੋਂ ਦਾਗ਼ੀ ਗਈ ਇੱਕ ਵੀ ਮਿਜ਼ਾਈਲ 15 ਮਿੰਟਾਂ ਦੇ ਅੰਦਰ ਮਾਸਕੋ 'ਤੇ ਅੱਠ ਨਿਊਕਲੀਅਰ ਵਾਰਹੈੱਡ ਪਹੁੰਚਾ ਸਕਦੀ ਹੈ।
ਇਹ ਜਾਣਕਾਰੀ ਤੁਰੰਤ ਕਮਾਂਡ ਚੇਨ ਰਾਹੀਂ ਰੂਸ ਦੇ ਰਾਸ਼ਟਰਪਤੀ ਬੋਰਿਸ ਯੇਲਤਸਿਨ ਤੱਕ ਪਹੁੰਚਾਈ ਗਈ।
ਉਹ ਪਹਿਲੇ ਵਿਸ਼ਵ ਨੇਤਾ ਬਣੇ ਜਿਨ੍ਹਾਂ ਨੇ "ਨਿਊਕਲੀਅਰ ਬ੍ਰੀਫਕੇਸ" ਨੂੰ ਸਰਗਰਮ ਕੀਤਾ। ਇਹ ਇੱਕ ਅਜਿਹਾ ਬਕਸਾ ਹੁੰਦਾ ਹੈ ਜਿਸ ਵਿੱਚ ਨਿਊਕਲੀਅਰ ਬੰਬ ਚਲਾਉਣ ਨਾਲ ਸਬੰਧਿਤ ਹਦਾਇਤਾਂ ਅਤੇ ਤਕਨਾਲੋਜੀ ਹੁੰਦੀ ਹੈ।
ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਨਿਊਕਲੀਅਰ ਹਥਿਆਰਾਂ ਵਾਲੇ ਦੇਸ਼ਾਂ ਨੇ ਡਿਟਰੈਂਸ ਦੀ ਨੀਤੀ ਅਪਣਾਈ ਹੋਈ ਹੈ, ਜੋ ਇਸ ਵਿਚਾਰ 'ਤੇ ਅਧਾਰਿਤ ਹੈ ਕਿ ਜੇ ਲੜ ਰਹੇ ਦੇਸ਼ ਵੱਡੇ ਪੱਧਰ 'ਤੇ ਨਿਊਕਲੀਅਰ ਹਮਲੇ ਕਰਦੇ ਹਨ ਤਾਂ ਇਸ ਨਾਲ ਦੋਵਾਂ ਪਾਸਿਆਂ ਦੀ ਪੂਰੀ ਤਬਾਹੀ ਯਕੀਨੀ ਹੋ ਜਾਵੇਗੀ।
ਉਸ ਤਣਾਅਪੂਰਨ ਪਲ਼ ਵਿੱਚ, ਯੇਲਤਸਿਨ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੂੰ ਤੁਰੰਤ ਇਹ ਫ਼ੈਸਲਾ ਕਰਨਾ ਸੀ ਕਿ ਕੀ ਜਵਾਬੀ ਕਾਰਵਾਈ ਕੀਤੀ ਜਾਵੇ।
ਜਿਵੇਂ ਕਿ ਅਸੀਂ ਸਭ ਅੱਜ ਜਾਣਦੇ ਹਾਂ, ਘਬਰਾਹਟ ਪੈਦਾ ਕਰਨ ਵਾਲਾ ਇਹ ਘਟਨਾਕ੍ਰਮ ਤਬਾਹੀ 'ਤੇ ਖ਼ਤਮ ਨਹੀਂ ਹੋਇਆ। ਸਾਰੇ ਵਧੇ ਹੋਏ ਤਣਾਅ ਦੇ ਬਾਵਜੂਦ, ਇਹ ਕਹਾਣੀ ਉਸ ਸ਼ਾਮ ਦੇਰ ਨਾਲ ਆਉਣ ਵਾਲੇ ਖ਼ਬਰਾਂ ਦੇ ਪ੍ਰੋਗਰਾਮ ਦੇ ਅਖੀਰ 'ਚ ਇੱਕ ਹਲਕੇ-ਫੁਲਕੇ ਆਈਟਮ ਵਜੋਂ ਖ਼ਤਮ ਹੋ ਗਈ ਸੀ।
ਦੁਨੀਆ ਭਰ ਦੇ ਕਰੰਸੀ ਬਾਜ਼ਾਰ ਹਿੱਲ ਗਏ, ਜਦਕਿ ਸਿਆਸੀ ਨੇਤਾ, ਫੌਜੀ ਅਧਿਕਾਰੀ ਅਤੇ ਪੱਤਰਕਾਰ ਜਾਣਕਾਰੀ ਇਕੱਠੀ ਕਰਨ ਲਈ ਇੱਕ ਘੰਟੇ ਤੱਕ ਹੜਬੜਾਹਟ ਵਿੱਚ ਲੱਗੇ ਰਹੇ।
ਇੱਕ ਘੰਟੇ ਦੀ ਘਬਰਾਹਟ
ਬੀਬੀਸੀ ਦੇ ਨਿਊਜ਼ਨਾਈਟ ਪ੍ਰੋਗਰਾਮ ਦੇ ਪ੍ਰੇਜ਼ੈਂਟਰ ਜੈਰੇਮੀ ਪੈਕਸਮੈਨ ਨੇ ਕਿਹਾ, "ਜਾਣ ਤੋਂ ਪਹਿਲਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਰੂਸੀ ਨਿਊਜ਼ ਏਜੰਸੀ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਨਿਊਕਲੀਅਰ ਜੰਗ ਨਹੀਂ ਛਿੜੀ।"
"13:46 ਵਜੇ, ਮਾਸਕੋ ਦੀ ਨਿਊਜ਼ ਏਜੰਸੀ ਇੰਟਰਫੈਕਸ ਦੇ ਹਵਾਲੇ ਨਾਲ ਖ਼ਬਰਾਂ ਆਉਣ ਲੱਗੀਆਂ ਕਿ ਰੂਸ ਨੇ ਆ ਰਹੀ ਇੱਕ ਮਿਜ਼ਾਈਲ ਨੂੰ ਮਾਰ ਸੁੱਟਿਆ ਹੈ। ਪੱਤਰਕਾਰ, ਇਹ ਸਮਝ ਕੇ ਕਿ ਉਹ ਕਿਆਮਤ ਦੇ ਮੰਜ਼ਰ ਨੂੰ ਨੇੜਿਓਂ ਦੇਖਣ ਵਾਲੇ ਹਨ, ਤੁਰੰਤ ਰੱਖਿਆ ਮੰਤਰਾਲੇ ਨੂੰ ਫੋਨ ਕਰਨ ਲੱਗ ਪਏ। ਹਲਕਾ ਜਿਹਾ ਘਬਰਾਇਆ ਪਰ ਅਡਿੱਗ ਬੁਲਾਰੇ ਨੇ ਦਲੇਰੀ ਨਾਲ ਕਿਹਾ, 'ਮੈਨੂੰ ਪੂਰਾ ਭਰੋਸਾ ਹੈ ਕਿ ਬ੍ਰਿਟੇਨ ਨੇ ਰੂਸ 'ਤੇ ਕੋਈ ਮਿਜ਼ਾਈਲ ਨਹੀਂ ਚਲਾਈ'।"
ਪੈਂਟਾਗਨ ਦੇ ਬੁਲਾਰੇ ਨੂੰ ਵੀ ਕੋਈ ਸਪਸ਼ਟ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਕਿਹਾ, "ਸਾਡੇ ਕੋਲ ਤਾਂ ਸਿਰਫ਼ ਰਿਪੋਰਟਾਂ ਬਾਰੇ ਆ ਰਹੀਆਂ ਰਿਪੋਰਟਾਂ ਹੀ ਹਨ।"
ਦੁਨੀਆ ਭਰ ਦੇ ਕਰੰਸੀ ਬਾਜ਼ਾਰ ਡੋਲ ਗਏ, ਜਦਕਿ ਸਿਆਸੀ ਨੇਤਾ, ਫੌਜੀ ਮੁਖੀ ਅਤੇ ਪੱਤਰਕਾਰ ਇੱਕ ਘੰਟੇ ਤੱਕ ਬੇਚੈਨ ਹਾਲਤ ਵਿੱਚ ਜਾਣਕਾਰੀ ਖੋਜਦੇ ਰਹੇ।
14:52 ਜੀਐੱਮਟੀ 'ਤੇ, ਜਿਹੜੇ ਲੋਕ ਇਸ ਸੰਭਾਵਿਤ ਸੰਕਟ ਤੋਂ ਜਾਣੂ ਸਨ, ਉਨ੍ਹਾਂ ਨੇ ਸੁੱਖ ਦਾ ਸਾਹ ਲਿਆ। ਇੰਟਰਫੈਕਸ ਨੇ ਆਪਣੀ ਰਿਪੋਰਟ ਠੀਕ ਕਰਦਿਆਂ ਕਿਹਾ ਕਿ ਹਾਲਾਂਕਿ ਰੂਸ ਦੀ ਅਗਲੇਰੀ ਪ੍ਰਣਾਲੀ ਨੇ ਇੱਕ ਮਿਜ਼ਾਈਲ ਲਾਂਚ ਹੋਣ ਨੂੰ ਦਰਜ ਕੀਤਾ ਸੀ, ਪਰ ਉਹ ਰਾਕੇਟ ਨਾਰਵੇ ਦੇ ਖੇਤਰ ਵਿੱਚ ਜਾ ਕੇ ਡਿੱਗਿਆ ਸੀ।
ਬਾਅਦ ਵਿੱਚ ਨਾਰਵੇ ਦੇ ਇੱਕ ਰੱਖਿਆ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਹ ਲਾਂਚ ਸ਼ਾਂਤੀਪੂਰਨ ਮਕਸਦ ਲਈ ਕੀਤਾ ਗਿਆ ਸੀ।
ਇਹ ਇੱਕ ਨਾਗਰਿਕ ਰਾਕੇਟ ਰੇਂਜ 'ਤੇ ਚੱਲ ਰਹੇ ਨਿਯਮਿਤ ਵਿਗਿਆਨਕ ਖੋਜ ਪ੍ਰੋਗਰਾਮ ਦਾ ਹਿੱਸਾ ਸੀ, ਜਿਸਦਾ ਮਕਸਦ ਨੌਰਦਨ ਰੌਸ਼ਨੀਆਂ ਬਾਰੇ ਜਾਣਕਾਰੀ ਇਕੱਠੀ ਕਰਨਾ ਸੀ, ਇਹ ਵਿਲੱਖਣ ਮੌਸਮੀ ਪ੍ਰਕਿਰਿਆ ਔਰੋਰਾ ਬੋਰੀਆਲਿਸ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ।
ਰਾਕੇਟ ਯੋਜਨਾ ਮੁਤਾਬਕ ਆਰਕਟਿਕ ਦੇ ਦੂਰ-ਦਰਾਜ ਟਾਪੂ ਸਪਿਟਜ਼ਬਰਗਨ ਨੇੜੇ ਸਮੁੰਦਰ ਵਿੱਚ ਡਿੱਗਿਆ, ਜੋ ਰੂਸ ਦੇ ਹਵਾਈ ਖੇਤਰ ਤੋਂ ਕਾਫ਼ੀ ਦੂਰ ਸੀ। ਰਿਪੋਰਟ ਗ਼ਲਤ ਸਾਬਤ ਹੋਣ ਤੋਂ ਘੰਟਿਆਂ ਬਾਅਦ ਵੀ, ਰੂਸ ਦੇ ਰੱਖਿਆ ਸੂਤਰਾਂ ਨੇ ਇੰਟਰਫੈਕਸ ਨੂੰ ਕਿਹਾ ਕਿ ਇਹ ਕਹਿਣਾ "ਹਾਲੇ ਜਲਦੀ ਹੈ" ਕਿ ਕੀ ਇਹ ਲਾਂਚ ਉਨ੍ਹਾਂ ਦੀ ਅਗਲੇਰੀ ਰਾਡਾਰ ਪ੍ਰਣਾਲੀ ਦੀ ਜਾਂਚ ਲਈ ਕੀਤਾ ਗਿਆ ਸੀ।
1987 ਤੋਂ ਬਾਅਦ ਰੂਸ ਆਪਣੀ ਹਵਾਈ ਰੱਖਿਆ ਸਮਰੱਥਾ ਨੂੰ ਲੈ ਕੇ ਕਾਫ਼ੀ ਸੰਵੇਦਨਸ਼ੀਲ ਰਿਹਾ ਹੈ।
ਉਸ ਸਾਲ ਪੱਛਮੀ ਜਰਮਨੀ ਦੇ ਕਿਸ਼ੋਰ ਮੈਥਿਆਸ ਰਸਟ ਨੇ ਇੱਕ ਛੋਟੇ ਇੰਜਣ ਜਹਾਜ਼ ਰਾਹੀਂ ਸੋਵੀਅਤ ਯੂਨੀਅਨ ਦੀਆਂ ਸਾਰੀਆਂ ਰੱਖਿਆ ਪਰਤਾਂ ਨੂੰ ਲੰਘਦਿਆਂ ਹੋਏ 500 ਮੀਲ (750 ਕਿਲੋਮੀਟਰ) ਤੋਂ ਵੱਧ ਦਾ ਸਫ਼ਰ ਤੈਅ ਕਰਕੇ ਕ੍ਰੇਮਲਿਨ ਦੇ ਦਰਵਾਜ਼ਿਆਂ ਕੋਲ ਲੈਂਡ ਕਰ ਦਿੱਤਾ ਸੀ। ਉਸ ਸਮੇਂ ਤੱਕ ਕੋਲਡ ਵਾਰ ਖ਼ਤਮ ਹੋ ਚੁੱਕੀ ਸੀ, ਪਰ ਇਹ ਘਟਨਾ ਇਸ ਗੱਲ ਦਾ ਇਸ਼ਾਰਾ ਸੀ ਕਿ ਕੁਝ ਰੂਸੀ ਅਧਿਕਾਰੀ ਅਜੇ ਵੀ ਪਰਮਾਣੂ ਖ਼ਤਰੇ ਨੂੰ ਲੈ ਕੇ ਘਬਰਾਏ ਰਹਿੰਦੇ ਸਨ।
ਨਾਰਵੇ ਦੇ ਵਿਗਿਆਨੀ ਕੋਲਬਯੋਰਨ ਐਡੋਲਫਸਨ ਨੇ ਕਿਹਾ, "ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੀ ਰੁਟੀਨ ਫਾਇਰਿੰਗ ਨੂੰ ਲੈ ਕੇ ਇੰਨੀ ਹਲਚਲ ਮਚ ਗਈ ਹੈ, ਤਾਂ ਮੈਂ ਡਰ ਗਿਆ ਸੀ।"
ਉਹ ਉਸ ਵੇਲੇ ਇੱਕ ਮੀਟਿੰਗ ਵਿੱਚ ਸਨ, ਜਦੋਂ ਘਬਰਾਏ ਹੋਏ ਲੋਕਾਂ ਦੇ ਫ਼ੋਨ ਆਉਣ ਲੱਗੇ।
ਇਸ ਤੋਂ ਵੀ ਅਜੀਬ ਗੱਲ ਇਹ ਸੀ ਕਿ ਇਸ ਤੋਂ ਕਈ ਹਫ਼ਤੇ ਪਹਿਲਾਂ ਹੀ ਨਾਰਵੇ ਵੱਲੋਂ ਮਾਸਕੋ ਨੂੰ ਇਸ ਯੋਜਨਾਬੱਧ ਲਾਂਚ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ।
ਐਡੋਲਫਸਨ ਦਾ ਕਹਿਣਾ ਹੈ ਕਿ ਸੰਭਵ ਹੈ ਰੂਸ ਵੱਲੋਂ ਪ੍ਰਤੀਕਿਰਿਆ ਇਸ ਲਈ ਕੀਤੀ ਗਈ ਹੋਵੇ ਕਿਉਂਕਿ ਇਹ ਪਹਿਲੀ ਵਾਰ ਸੀ ਕਿ ਔਰੋਰਾ ਬੋਰੀਆਲਿਸ ਨਾਲ ਸੰਬੰਧਿਤ ਰਾਕੇਟ ਇੰਨੀ ਉੱਚੀ ਬੈਲਿਸਟਿਕ ਟਰਾਜੈਕਟਰੀ 'ਤੇ ਗਿਆ ਸੀ, ਜੋ 908 ਮੀਲ ਦੀ ਉਚਾਈ ਤੱਕ ਪਹੁੰਚ ਗਿਆ।
ਉਹ ਕਹਿੰਦੇ ਹਨ, "14 ਦਸੰਬਰ ਨੂੰ ਵਿਦੇਸ਼ ਮੰਤਰਾਲੇ ਰਾਹੀਂ ਸਾਰੇ ਸਬੰਧਤ ਦੇਸ਼ਾਂ ਨੂੰ ਸੁਨੇਹਾ ਭੇਜਿਆ ਗਿਆ ਸੀ ਕਿ ਅਸੀਂ ਇਹ ਫਾਇਰਿੰਗ ਕਰਨ ਜਾ ਰਹੇ ਹਾਂ।"
ਫਿਰ ਵੀ, ਕਿਸੇ ਤਰੀਕੇ ਨਾਲ ਇਹ ਚੇਤਾਵਨੀ ਸਹੀ ਡੈਸਕਾਂ ਤੱਕ ਨਹੀਂ ਪਹੁੰਚ ਸਕੀ। ਇਹ ਘਟਨਾ ਇਸ ਗੱਲ ਦੀ ਸਖ਼ਤ ਯਾਦ ਦਿਵਾਉਂਦੀ ਹੈ ਕਿ ਇੱਕੋ ਇੱਕ ਅਣਗੌਲਿਆ ਹੋਇਆ ਸੁਨੇਹਾ ਕਿਵੇਂ ਸੰਭਾਵਿਤ ਤੌਰ 'ਤੇ ਭਿਆਨਕ ਨਤੀਜੇ ਪੈਦਾ ਕਰ ਸਕਦਾ ਸੀ।
ਪਰਮਾਣੂ ਯੁੱਗ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਅਜਿਹੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਬਾਰੇ ਸੋਚਣਾ ਵੀ ਮਨ ਨੂੰ ਅਸਹਿਜ ਕਰ ਦਿੰਦਾ ਹੈ। ਇਹ ਸਿਰਫ਼ 1962 ਦੀ ਕਿਊਬਾ ਮਿਜਾਈਲ ਸੰਕਟ ਵਰਗੀਆਂ ਵੱਡੀਆਂ ਘਟਨਾਵਾਂ ਹੀ ਨਹੀਂ ਸਨ, ਜਦੋਂ ਗੱਲ ਅਮਰੀਕਾ ਅਤੇ ਸੋਵੀਅਤ ਯੂਨੀਅਨ ਦਰਮਿਆਨ ਪੂਰਨ ਪਰਮਾਣੂ ਜੰਗ ਛਿੜਨ ਦੇ ਬਹੁਤ ਨੇੜੇ ਪਹੁੰਚ ਗਈ ਸੀ।
2020 ਵਿੱਚ ਬੀਬੀਸੀ ਫਿਊਚਰ ਨੇ ਰਿਪੋਰਟ ਕੀਤਾ ਸੀ ਕਿ ਝੂਠੇ ਪਰਮਾਣੂ ਅਲਾਰਮ ਕਦੇ ਪਰਦੇਸੀ ਹੰਸਾਂ, ਕਦੇ ਚੰਦਰਮਾ, ਕਦੇ ਕੰਪਿਊਟਰ ਖ਼ਰਾਬੀ ਅਤੇ ਕਦੇ ਪੁਲਾੜ ਮੌਸਮ ਕਾਰਨ ਵੀ ਵੱਜ ਚੁੱਕੇ ਹਨ।
1958 ਵਿੱਚ ਇੱਕ ਜਹਾਜ਼ ਗ਼ਲਤੀ ਨਾਲ ਇੱਕ ਪਰਿਵਾਰ ਦੇ ਵਿਹੜੇ ਵਿੱਚ ਪਰਮਾਣੂ ਬੰਬ ਸੁੱਟ ਬੈਠਾ ਸੀ, ਜਿਸ ਨਾਲ ਉਨ੍ਹਾਂ ਦੀਆਂ ਮੁਰਗੀਆਂ ਹੀ ਮਰੀਆਂ ਸਨ।
1966 ਵਿੱਚ ਅਮਰੀਕੀ ਫੌਜ ਦੇ ਦੋ ਜਹਾਜ਼ ਸਪੇਨ ਦੇ ਇੱਕ ਦੂਰ-ਦੁਰਾਢੇ ਪਿੰਡ ਦੇ ਉੱਪਰ ਟਕਰਾ ਗਏ, ਜਿਨ੍ਹਾਂ ਵਿੱਚੋਂ ਇੱਕ ਚਾਰ ਪਰਮਾਣੂ ਹਥਿਆਰ ਲੈ ਕੇ ਜਾ ਰਿਹਾ ਸੀ। ਇੰਨਾ ਹੀ ਨਹੀਂ, 2010 ਵਿੱਚ ਅਮਰੀਕੀ ਏਅਰ ਫੋਰਸ ਕੁਝ ਸਮੇਂ ਲਈ 50 ਮਿਜ਼ਾਈਲਾਂ ਨਾਲ ਸੰਪਰਕ ਗੁਆ ਬੈਠੀ ਸੀ, ਜਿਸ ਕਾਰਨ ਆਪਣੇ ਆਪ ਹੋ ਸਕਣ ਵਾਲੀ ਲਾਂਚ ਨੂੰ ਨਾਂ ਪਛਾਣਨ ਜਾਂ ਨਾਂ ਰੋਕਣ ਦਾ ਕੋਈ ਤਰੀਕਾ ਨਹੀਂ ਰਿਹਾ ਸੀ।
ਖ਼ਤਰਨਾਕ ਪਲ਼
ਉਸ ਸਮੇਂ ਰੂਸ ਵਿੱਚ ਕਈ ਲੋਕਾਂ ਨੇ ਰਾਸ਼ਟਰਪਤੀ ਬੋਰਿਸ ਯੇਲਤਸਿਨ ਵੱਲੋਂ ਇਹ ਐਲਾਨ ਕਰਨ ਨੂੰ ਕਿ ਉਨ੍ਹਾਂ ਨੇ ਪਹਿਲੀ ਵਾਰ ਪਰਮਾਣੂ ਬ੍ਰੀਫਕੇਸ ਵਰਤਿਆ ਸੀ, ਸਿਰਫ਼ ਦਿਖਾਵਾ ਕਰਾਰ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਚੱਲ ਰਹੀ ਜੰਗ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਸੀ।
ਯੇਲਤਸਿਨ ਨੇ ਅਗਲੇ ਦਿਨ ਇੰਟਰਫੈਕਸ ਨਿਊਜ਼ ਏਜੰਸੀ ਨੂੰ ਕਿਹਾ, "ਮੈਂ ਕੱਲ੍ਹ ਪਹਿਲੀ ਵਾਰ ਆਪਣਾ 'ਕਾਲਾ ਬ੍ਰੀਫਕੇਸ' ਵਰਤਿਆ, ਜਿਸ ਵਿੱਚ ਉਹ ਬਟਨ ਹੁੰਦਾ ਹੈ ਜੋ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ।"
ਉਨ੍ਹਾਂ ਨੇ ਹੋਰ ਕਿਹਾ, "ਸ਼ਾਇਦ ਕਿਸੇ ਨੇ ਸਾਡੀ ਪਰਖ ਕਰਨ ਦਾ ਫ਼ੈਸਲਾ ਕੀਤਾ, ਕਿਉਂਕਿ ਮੀਡੀਆ ਹਰ ਸਮੇਂ ਕਹਿੰਦਾ ਰਹਿੰਦਾ ਹੈ ਕਿ ਸਾਡੀ ਫੌਜ ਕਮਜ਼ੋਰ ਹੈ।"
ਇੱਕ ਸਾਬਕਾ ਸੀਆਈਏ ਅਧਿਕਾਰੀ ਦੇ ਮਤਾਬਕ, ਇਹ "ਪਰਮਾਣੂ ਮਿਜ਼ਾਈਲ ਯੁੱਗ ਦਾ ਸਭ ਤੋਂ ਖ਼ਤਰਨਾਕ ਪਲ" ਸੀ।
ਨਾਰਵੇਈਅਨ ਰਾਕੇਟ ਘਟਨਾ 'ਤੇ ਬੀਬੀਸੀ ਨਿਊਜ਼ਨਾਈਟ ਦੀ ਰਿਪੋਰਟ ਭਾਵੇਂ ਹਲਕੇ-ਫੁਲਕੇ ਅੰਦਾਜ਼ ਵਿੱਚ ਸੀ, ਪਰ ਇਸ ਘਟਨਾ ਦੀ ਗੰਭੀਰਤਾ ਨੂੰ ਲੈ ਕੇ ਰਾਏ ਵੱਖ-ਵੱਖ ਹਨ। ਇੱਕ ਸਾਬਕਾ ਸੀਆਈਏ ਅਧਿਕਾਰੀ ਲਈ ਇਹ "ਪਰਮਾਣੂ ਮਿਜ਼ਾਈਲ ਯੁੱਗ ਦਾ ਸਭ ਤੋਂ ਖ਼ਤਰਨਾਕ ਪਲ" ਸੀ।
ਸੈਨਾ ਸਲਾਹਕਾਰ ਪੀਟਰ ਪ੍ਰਾਈ ਨੇ ਲਿਖਿਆ, "ਇਸ ਤੋਂ ਪਹਿਲਾਂ ਕਦੇ ਵੀ ਕਿਸੇ ਪਰਮਾਣੂ ਤਾਕਤ ਦੇ ਨੇਤਾ ਨੇ ਆਪਣੇ ਦੇਸ਼ ਦੇ 'ਰੂਸੀ ਪਰਮਾਣੂ ਬ੍ਰੀਫਕੇਸ' ਦੇ ਬਰਾਬਰ ਕਿਸੇ ਪ੍ਰਣਾਲੀ ਨੂੰ ਇੰਨੀ ਗੰਭੀਰ ਸਥਿਤੀ ਵਿੱਚ ਖੋਲ੍ਹਿਆ ਨਹੀਂ ਸੀ, ਜਿੱਥੇ ਅਸਲ ਖ਼ਤਰਾ ਮਹਿਸੂਸ ਕੀਤਾ ਜਾ ਰਿਹਾ ਹੋਵੇ ਅਤੇ ਜਿੱਥੇ ਤੁਰੰਤ ਹੀ ਕਿਆਮਤ ਵਰਗੀ ਪਰਮਾਣੂ ਜੰਗ ਛੇੜਨ ਦਾ ਫ਼ੈਸਲਾ ਹੋ ਸਕਦਾ ਸੀ।"
ਹਾਲਾਂਕਿ, ਸੰਯੁਕਤ ਰਾਸ਼ਟਰ ਨਾਲ ਜੁੜੇ ਪਰਮਾਣੂ ਨਿਸ਼ਸਤਰੀਕਰਨ ਖੋਜਕਾਰ ਪਾਵੇਲ ਪੋਡਵਿਗ ਕਹਿੰਦੇ ਹਨ, "ਜੇ ਮੈਂ ਇਨ੍ਹਾਂ ਮਾਮਲਿਆਂ ਦੀ ਰੈਂਕਿੰਗ ਕਰਾਂ, ਤਾਂ ਮੈਂ ਇਸਨੂੰ 10 ਵਿੱਚੋਂ 3 ਦਿਆਂਗਾ। ਕੋਲਡ ਵਾਰ ਦੌਰਾਨ ਇਸ ਤੋਂ ਕਈ ਜ਼ਿਆਦਾ ਗੰਭੀਰ ਘਟਨਾਵਾਂ ਹੋਈਆਂ ਸਨ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਭਵ ਹੈ ਕਿ ਅਗਲੇ ਦਿਨ ਯੇਲਤਸਿਨ ਲਈ ਇਹ ਪਰਮਾਣੂ ਬ੍ਰੀਫਕੇਸ ਵਾਲਾ ਦ੍ਰਿਸ਼ ਰਚਿਆ ਗਿਆ ਹੋਵੇ।
ਰੂਸੀ ਪਰਮਾਣੂ ਮਾਹਰ ਵਲਾਦੀਮੀਰ ਦਵੋਰਕਿਨ ਨੇ ਕਿਹਾ ਕਿ ਨਾਰਵੇ ਵਾਲੀ ਚੇਤਾਵਨੀ ਨਾਲ "ਕੋਈ ਵੀ ਖ਼ਤਰਾ ਨਹੀਂ ਸੀ, ਬਿਲਕੁਲ ਵੀ ਨਹੀਂ।"
ਉਨ੍ਹਾਂ ਨੇ 1998 ਵਿੱਚ ਵਾਸ਼ਿੰਗਟਨ ਪੋਸਟ ਨੂੰ ਦੱਸਿਆ, "ਭਾਵੇਂ ਚੇਤਾਵਨੀ ਪ੍ਰਣਾਲੀ ਤੁਹਾਨੂੰ ਵੱਡੇ ਹਮਲੇ ਦਾ ਸੰਕੇਤ ਵੀ ਦੇਵੇ, ਪਰ ਕੋਈ ਵੀ ਨੇਤਾ ਭਾਵੇਂ ਉਹ ਘਬਰਾਇਆ ਹੋਇਆ ਹੀ ਕਿਉਂ ਨਾ ਹੋਵੇ ਸਿਰਫ਼ ਇੱਕ ਮਿਜ਼ਾਈਲ ਚਲਣ 'ਤੇ ਪਰਮਾਣੂ ਜੰਗ ਛੇੜਣ ਦਾ ਫ਼ੈਸਲਾ ਨਹੀਂ ਕਰਦਾ। ਮੇਰੇ ਵਿਚਾਰ ਵਿੱਚ ਇਹ ਸਿਰਫ਼ ਇੱਕ ਖਾਲ੍ਹੀ ਅਲਾਰਮ ਸੀ।"
ਘਟਨਾ ਤੋਂ ਪੰਜ ਦਿਨ ਬਾਅਦ, ਬੀਬੀਸੀ ਰੇਡੀਓ ਬੁਲੇਟਿਨਜ਼ ਵਿੱਚ ਰਿਪੋਰਟ ਕੀਤਾ ਗਿਆ ਕਿ ਰੂਸ ਨੇ ਇਸ ਚੇਤਾਵਨੀ ਲਈ "ਗ਼ਲਤਫ਼ਹਮੀ" ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਨੂੰ ਦੁਬਾਰਾ ਨਹੀਂ ਹੋਣਾ ਚਾਹੀਦਾ।
ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਕਿ ਨਾਰਵੇ ਨੇ ਆਮ ਕਾਰਵਾਈ ਅਨੁਸਾਰ ਕੰਮ ਕੀਤਾ ਸੀ ਅਤੇ ਉਸਦੇ ਪ੍ਰਤੀ ਕੋਈ ਵੀ ਦੁਸ਼ਮਣੀ ਨਹੀਂ ਹੋਣੀ ਚਾਹੀਦੀ।
ਹਾਲਾਂਕਿ ਤਬਾਹੀ ਟਲ ਗਈ, ਪਰ ਇਹ ਗੱਲ ਅਜੇ ਵੀ ਚਿੰਤਾਜਨਕ ਹੈ ਕਿ ਇੱਕ ਨਿਰਦੋਸ਼ ਮੌਸਮੀ ਰਾਕੇਟ ਕਿਵੇਂ ਇੰਨੀ ਵੱਡੀ ਘਬਰਾਹਟ ਦਾ ਕਾਰਨ ਬਣ ਸਕਦਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ