ਜਿਨਸੀ ਸਬੰਧਾਂ ਕਰਕੇ ਫੈਲਣ ਵਾਲਾ ਇਨਫੈਕਸ਼ਨ ਜਾਂ ਫਿਰ ਸਨੇਲ ਫੀਵਰ?, ਜਾਣੋ ਘੋਗੇ ਮਨੁੱਖਾਂ 'ਚ ਕਿਵੇਂ ਦਾਖ਼ਲ ਹੁੰਦੇ ਹਨ?

    • ਲੇਖਕ, ਕੇਟ ਬੋਵੀ
    • ਰੋਲ, ਗਲੋਬਲ ਹੈਲਥ, ਬੀਬੀਸੀ ਵਰਲਡ ਸਰਵਿਸ
  • ਪੜ੍ਹਨ ਦਾ ਸਮਾਂ: 7 ਮਿੰਟ

ਇਹ ਚਮੜੀ ਰਾਹੀਂ ਸਰੀਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਖੂਨ ਵਿੱਚ ਲੁਕ ਜਾਂਦਾ ਹੈ। ਫਿਰ ਇਸ ਦੇ ਅੰਡੇ ਜਿਗਰ, ਫੇਫੜਿਆਂ ਅਤੇ ਜਿਨਸੀ ਅੰਗਾਂ ਵਿੱਚ ਫਸ ਜਾਂਦੇ ਹਨ ਅਤੇ ਹੋ ਸਕਦਾ ਹੈ ਕਿ ਕਈ ਸਾਲਾਂ ਤੱਕ ਬਿਨਾਂ ਪਤਾ ਲੱਗੇ ਹੀ ਸਰੀਰ ਅੰਦਰ ਰਹਿੰਦਾ ਰਹੇ।

ਵਿਗਿਆਨੀ ਚੇਤਾਵਨੀ ਦੇ ਰਹੇ ਹਨ ਕਿ ਘੋਗਾ ਬੁਖਾਰ (ਸਨੇਲ ਫੀਵਰ), ਜੋ ਕਿ ਇੱਕ ਨਜ਼ਰਅੰਦਾਜ਼ ਕੀਤੀ ਗਈ ਪਰਜੀਵੀ ਬਿਮਾਰੀ ਹੈ, ਸ਼ਾਇਦ ਅਜਿਹੇ ਤਰੀਕਿਆਂ ਨਾਲ ਵਿਕਸਿਤ ਹੋ ਰਹੀ ਹੈ, ਜਿਸ ਨਾਲ ਇਸ 'ਤੇ ਕਾਬੂ ਪਾਉਣਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ।

ਹਰ ਸਾਲ ਲਗਭਗ 25 ਕਰੋੜ ਲੋਕ ਇਸ ਬਿਮਾਰੀ ਲਈ ਇਲਾਜ ਕਰਵਾਉਂਦੇ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਅਫ਼ਰੀਕਾ ਵਿੱਚ ਰਹਿੰਦੀ ਹੈ, ਜਿੱਥੇ ਅਜਿਹੇ ਘੋਗਿਆਂ ਦੀਆਂ ਖਾਸ ਕਿਸਮਾਂ ਮੂਲ ਰੂਪ ਵਿੱਚ ਪਾਈਆਂ ਜਾਂਦੀਆਂ ਹਨ ਜਿਨ੍ਹਾਂ 'ਤੇ ਪਰਜੀਵੀ ਰਹਿੰਦੇ ਹਨ।

ਪਰ ਪਰਜੀਵੀ ਦੇ ਫੈਲਾਅ ਜਾਂ ਟ੍ਰਾਂਸਮਿਸ਼ਨ ਦੇ ਮਾਮਲੇ ਦੁਨੀਆਂ ਭਰ ਦੇ 78 ਦੇਸ਼ਾਂ ਵਿੱਚ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਚੀਨ, ਵੇਨੇਜ਼ੁਏਲਾ ਅਤੇ ਇੰਡੋਨੇਸ਼ੀਆ ਵੀ ਸ਼ਾਮਲ ਹਨ।

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦਾ ਕਹਿਣਾ ਹੈ ਕਿ ਇਹ ਇੱਕ "ਵਿਸ਼ਵ ਪੱਧਰੀ ਚਿੰਤਾ" ਹੈ, ਕਿਉਂਕਿ ਖੋਜ ਤੋਂ ਪਤਾ ਲੱਗਿਆ ਹੈ ਕਿ ਇਸ ਪਰਜੀਵੀ ਵਿੱਚ ਅਜਿਹਾ ਬਦਲਾਅ ਆਇਆ ਹੈ ਜਿਸ ਨਾਲ ਇਹ ਨਵੇਂ ਖੇਤਰਾਂ ਤੱਕ ਫੈਲ ਸਕਦਾ ਹੈ।

ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਹਰ ਸਾਲ ਦੀ ਤਰ੍ਹਾਂ ਡਬਲਯੂਐਚਓ 30 ਜਨਵਰੀ ਨੂੰ ਵਰਲਡ ਨਿਗਲੈਕਟਿਡ ਟ੍ਰੋਪਿਕਲ ਡਿਜ਼ੀਸਿਸ ਡੇਅ (ਨਜ਼ਰਅੰਦਾਜ਼ ਕੀਤੀਆਂ ਗਈਆਂ ਉਸ਼ਨਕਟੀਬੰਧੀ ਬਿਮਾਰੀਆਂ ਦਿਵਸ) ਮਨਾ ਰਿਹਾ ਸੀ। ਜਿਸ ਦਾ ਮਕਸਦ ਉਨ੍ਹਾਂ ਬਿਮਾਰੀਆਂ ਵੱਲ ਧਿਆਨ ਖਿੱਚਣਾ ਹੈ ਜੋ ਵਾਇਰਸਾਂ, ਬੈਕਟੀਰੀਆ, ਪਰਜੀਵੀਆਂ ਅਤੇ ਫੰਗਸ ਕਾਰਨ ਹੁੰਦੀਆਂ ਹਨ ਅਤੇ ਜੋ ਗਰੀਬ ਖੇਤਰਾਂ ਵਿੱਚ ਰਹਿੰਦੇ ਇੱਕ ਅਰਬ ਤੋਂ ਵੱਧ ਲੋਕਾਂ ਨੂੰ ਬੇਤਰਤੀਬੇ ਢੰਗ ਨਾਲ ਪ੍ਰਭਾਵਿਤ ਕਰਦੀਆਂ ਹਨ।

ਘੋਗਾ ਬੁਖਾਰ ਕੀ ਹੈ?

ਘੋਗਾ ਬੁਖ਼ਾਰ ਉਸ ਸਮੇਂ ਹੁੰਦਾ ਹੈ ਜਦੋਂ ਮਨੁੱਖ ਜਾਂ ਜਾਨਵਰ ਉਸ ਪਾਣੀ ਨਾਲ ਸੰਪਰਕ ਵਿੱਚ ਆਉਂਦੇ ਹਨ ਜਿਸ ਵਿੱਚ ਘੋਗਿਆਂ ਵੱਲੋਂ ਛੱਡੇ ਗਏ ਲਾਰਵਾ ਮੌਜੂਦ ਹੁੰਦੇ ਹਨ। ਇਹ ਲਾਰਵਾ ਐਨਜ਼ਾਈਮ ਛੱਡਦੇ ਹਨ ਜੋ ਚਮੜੀ ਨੂੰ ਹਜ਼ਮ ਕਰ ਲੈਂਦੇ ਹਨ ਅਤੇ ਫਿਰ ਸਰੀਰ ਵਿੱਚ ਦਾਖ਼ਲ ਹੋ ਜਾਂਦੇ ਹਨ।

ਇਹ ਲਾਰਵਾ ਵੱਡੇ ਕੀੜੇ ਬਣ ਜਾਂਦੇ ਹਨ ਜੋ ਖੂਨ ਦੀਆਂ ਨਸਾਂ ਵਿੱਚ ਰਹਿਣ ਲੱਗ ਪੈਂਦੇ ਹਨ, ਫਿਰ ਇਨ੍ਹਾਂ ਵਿੱਚੋਂ ਮਾਦਾ ਕੀੜੇ ਆਂਡੇ ਦਿੰਦੀਆਂ ਹਨ। ਕਈ ਵਾਰ ਇਹ ਅੰਡੇ ਮਲ ਜਾਂ ਪਿਸ਼ਾਬ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ, ਪਰ ਇਹ ਟਿਸ਼ੂਜ਼ ਵਿੱਚ ਵੀ ਫਸ ਸਕਦੇ ਹਨ। ਇਨ੍ਹਾਂ ਆਂਡਿਆਂ ਪ੍ਰਤੀ ਸਰੀਰ ਦੀ ਰੋਗ ਪ੍ਰਤੀਰੋਧੀ ਪ੍ਰਤੀਕਿਰਿਆ ਆਖ਼ਰਕਾਰ ਆਲੇ-ਦੁਆਲੇ ਦੇ ਸਿਹਤਮੰਦ ਟਿਸ਼ੂਆਂ ਨੂੰ ਨਸ਼ਟ ਕਰ ਦਿੰਦੀ ਹੈ, ਜਿਸ ਨਾਲ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ।

ਇਹ ਆਂਡੇ ਪੈਲਵਿਕ ਅੰਗਾਂ ਦੇ ਅੰਦਰ ਜਾਂ ਆਲੇ-ਦੁਆਲੇ ਵੀ ਫਸ ਸਕਦੇ ਹਨ, ਜਿਸ ਹਾਲਤ ਨੂੰ ਯੂਰੋਜੈਨੀਟਲ ਸਕਿਸਟੋਸੋਮਾਇਸਿਸ ਕਿਹਾ ਜਾਂਦਾ ਹੈ। ਇਹ ਬਿਮਾਰੀ ਪੇਟ ਦਰਦ, ਕੈਂਸਰ ਅਤੇ ਗੰਭੀਰ ਮਾਮਲਿਆਂ ਵਿੱਚ ਮੌਤ ਦਾ ਕਾਰਨ ਵੀ ਬਣ ਸਕਦੀ ਹੈ।

ਘੋਗਾ ਬੁਖ਼ਾਰ ਦਾ ਇਲਾਜ ਇੱਕ ਪਰਜੀਵੀ-ਵਿਰੋਧੀ (ਐਂਟੀ ਪੈਰਾਸਿਟਿਕ) ਦਵਾਈ ਨਾਲ ਕੀਤਾ ਜਾ ਸਕਦਾ ਹੈ, ਜਿਸ ਬਾਰੇ ਡਬਲਯੂਐਚਓ ਦੀ ਸਲਾਹ ਹੈ ਕਿ ਇਸ ਨੂੰ ਖ਼ਤਰੇ ਵਾਲੇ ਸਮੂਹਾਂ - ਜਿਵੇਂ ਕਿ ਛੋਟੇ ਬੱਚੇ ਜਾਂ ਖੇਤੀਬਾੜੀ ਅਤੇ ਮੱਛੀਆਂ ਫੜ੍ਹਨ ਵਾਲੇ ਮਜ਼ਦੂਰ - ਨੂੰ ਕਈ ਸਾਲਾਂ ਤੱਕ ਹਰ ਸਾਲ ਦੇਣੀ ਚਾਹੀਦੀ ਹੈ।

ਪਰ ਵਿਗਿਆਨੀਆਂ, ਜਿਵੇਂ ਕਿ ਪ੍ਰੋਫੈਸਰ ਜੈਨੇਲਿਸਾ ਮੁਸਾਇਆ, ਜੋ ਮਲਾਵੀ ਲਿਵਰਪੂਲ ਵੈਲਕਮ ਕਲੀਨੀਕਲ ਰਿਸਰਚ ਪ੍ਰੋਗਰਾਮ ਦੇ ਸਹਾਇਕ ਡਾਇਰੈਕਟਰ ਹਨ, ਕਹਿੰਦੇ ਹਨ ਕਿ ਹੋ ਸਕਦਾ ਹੈ ਕਿ ਪਰਜੀਵੀ ਦੇ ਨਵੇਂ ਰੂਪਾਂ ਨੂੰ ਮੌਜੂਦਾ ਇਲਾਜ ਪ੍ਰਣਾਲੀਆਂ ਨਾਲ ਪਛਾਣਿਆ ਨਾ ਜਾ ਸਕੇ।

ਕੀ ਪਤਾ ਸਮੱਸਿਆ ਪਹਾੜ ਜਿੰਨੀ ਵੱਡੀ ਹੋਵੇ

ਤਾਂ ਫਿਰ ਸਥਾਨਕ ਪੱਧਰ 'ਤੇ ਲਗਾਤਾਰ ਫੈਲ ਰਹੇ ਮਾਮਲਿਆਂ ਦੇ ਪਿੱਛੇ ਕਾਰਨ ਕੀ ਹੈ? ਖੋਜ ਦੱਸਦੀ ਹੈ ਕਿ ਮਨੁੱਖੀ ਅਤੇ ਜਾਨਵਰੀ ਪਰਜੀਵੀ ਆਪਸ ਵਿੱਚ ਮਿਲ ਰਹੇ ਹਨ, ਜਿਸ ਨਾਲ ਨਵੇਂ "ਹਾਈਬ੍ਰਿਡ" ਰੂਪ ਬਣ ਰਹੇ ਹਨ।

ਇਹ ਹਾਈਬ੍ਰਿਡ ਰੂਪ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਨੂੰ ਸੰਕਰਮਿਤ ਕਰ ਸਕਦੇ ਹਨ, ਜਿਸ ਨਾਲ ਫੈਲਾਅ 'ਤੇ ਕਾਬੂ ਪਾਉਣਾ ਹੋਰ ਔਖਾ ਹੋ ਜਾਂਦਾ ਹੈ।

ਵਿਗਿਆਨੀ ਪਹਿਲਾਂ ਤੋਂ ਜਾਣਦੇ ਸਨ ਕਿ ਜਾਨਵਰਾਂ ਅਤੇ ਮਨੁੱਖਾਂ ਵਿੱਚ ਪਾਈਆਂ ਜਾਣ ਵਾਲੀਆਂ ਪਰਜੀਵੀ ਕਿਸਮਾਂ ਆਪਸ ਵਿੱਚ ਪ੍ਰਜਨਨ ਕਰ ਰਹੀਆਂ ਹਨ, ਪਰ ਇਹ ਪੱਕਾ ਨਹੀਂ ਸੀ ਕਿ ਇਹ ਹਾਈਬ੍ਰਿਡ ਆਂਡੇ ਆਪਣੀ ਹੋਸਟ ਬਾਡੀ (ਜਿਸ ਸਰੀਰ ਵਿੱਚ ਉਹ ਰਹਿ ਰਹੇ ਹਨ) ਤੋਂ ਬਾਹਰ ਨਿਕਲ ਕੇ ਸਫ਼ਲਤਾਪੂਰਕ ਫੁੱਟਦੇ ਅਤੇ ਜਿਉਂਦੇ ਰਹਿੰਦੇ ਹਨ ਜਾਂ ਨਹੀਂ।

ਇਹ ਸਾਬਤ ਕਰਨ ਲਈ ਵਿਗਿਆਨੀਆਂ ਨੇ ਮਲਾਵੀ ਦੇ ਕੁਝ ਚੋਣਵੇਂ ਭਾਈਚਾਰਿਆਂ ਦੇ ਲੋਕਾਂ ਅਤੇ ਜਾਨਵਰਾਂ ਤੋਂ ਨਮੂਨੇ ਇਕੱਠੇ ਕੀਤੇ। ਉਨ੍ਹਾਂ ਨੂੰ ਪਤਾ ਲੱਗਿਆ ਕਿ ਟੈਸਟ ਕੀਤੇ ਗਏ ਪਰਜੀਵੀਆਂ ਵਿੱਚੋਂ 7% ਬਦਲੇ ਹੋਏ ਹਾਈਬ੍ਰਿਡ ਸਨ, ਜੋ ਉਨ੍ਹਾਂ ਦੀ ਉਮੀਦ ਤੋਂ ਕਾਫ਼ੀ ਵੱਧ ਸੀ।

ਇਸਦਾ ਮਤਲਬ ਹੈ ਕਿ ਇਹ ਬਦਲੇ ਹੋਏ ਪਰਜੀਵੀ ਸਫ਼ਲਤਾਪੂਰਕ ਵਧ ਰਹੇ ਹਨ ਅਤੇ ਆਖ਼ਰਕਾਰ ਫੈਲਣਗੇ ਵੀ।

ਮੁਸਾਇਆ ਨੇ ਬੀਬੀਸੀ ਨੂੰ ਦੱਸਿਆ, "ਜੇ ਕੁਦਰਤ ਵਿੱਚ ਫੈਲਾਅ ਜਾਰੀ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ।"

ਕਿਉਂਕਿ ਉਨ੍ਹਾਂ ਦੀ ਟੀਮ ਨੇ ਸਿਰਫ਼ ਕੁਝ ਖੇਤਰਾਂ ਵਿੱਚ ਹੀ ਟੈਸਟ ਕੀਤਾ, ਸਗੋਂ ਉਹ ਚੇਤਾਵਨੀ ਦਿੰਦੇ ਹਨ ਕਿ ਹੋ ਸਕਦਾ ਹੈ ਕਿ ਅਜੇ ਸਾਨੂੰ ਸਿਰਫ਼ ਇਸ ਦਾ ਇੱਕ ਸਿਰਾ ਹੀ ਨਜ਼ਰ ਆ ਰਿਹਾ ਹੋਵੇ ਅਤੇ ਪੂਰਾ ਪਹਾੜ ਸਾਡੀ ਅੱਖੋਂ ਉਹਲੇ ਹੋਵੇ। ਖ਼ਾਸ ਕਰਕੇ ਇਸ ਕਾਰਨ ਕਿਉਂਕਿ ਟੈਸਟ ਹਮੇਸ਼ਾ ਇਸ ਦੀ ਪਛਾਣ ਨਹੀਂ ਕਰ ਪਾ ਰਹੇ।

ਮੁਸਾਇਆ ਚੇਤਾਵਨੀ ਦਿੰਦੇ ਹਨ ਕਿ ਭਵਿੱਖ ਵਿੱਚ ਇਹ ਅਸਲੀ ਪਰਜੀਵੀ ਕਿਸਮਾਂ ਨੂੰ ਪਿੱਛੇ ਛੱਡ ਸਕਦੇ ਹਨ।

ਇਹ ਇੱਕ ਵੱਡੀ ਸਮੱਸਿਆ ਬਣ ਸਕਦੀ ਹੈ, ਕਿਉਂਕਿ ਡਾਕਟਰਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਹਾਈਬ੍ਰਿਡ ਪਰਜੀਵੀ ਵਾਲੇ ਮਰੀਜ਼ਾਂ ਦਾ ਇਲਾਜ ਕਿਵੇਂ ਕਰਨਾ ਹੈ।

ਉਨ੍ਹਾਂ ਕਿਹਾ, "ਇਹ ਸਾਡੇ ਵੱਲੋਂ ਨੀਤੀ-ਨਿਰਧਾਰਕਾਂ ਨੂੰ ਇੱਕ ਅਪੀਲ ਹੈ ਕਿ 'ਜਾਗ ਜਾਓ... ਕੀ ਆਪਾਂ ਜਲਦੀ ਕੁਝ ਕਰ ਸਕਦੇ ਹਾਂ, ਇਸ ਤੋਂ ਪਹਿਲਾਂ ਕਿ ਇਹ ਇੱਕ ਵੱਡੀ ਸਮੱਸਿਆ ਬਣ ਜਾਵੇ?'"

ਟੈਸਟਾਂ ਵਿੱਚ ਜੇਨਿਟਲ ਮਾਮਲਿਆਂ ਦੀ ਪਛਾਣ ਨਹੀਂ ਹੁੰਦੀ

ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹਾਈਬ੍ਰਿਡ ਪਰਜੀਵੀ ਮਨੁੱਖਾਂ ਦੇ ਜੇਨਿਟਲ ਅੰਗਾਂ (ਜਣਨ ਅੰਗਾਂ) ਨੂੰ ਸੰਕਰਮਿਤ ਕਰ ਰਹੇ ਹਨ। ਹਾਲਾਂਕਿ ਹਾਈਬ੍ਰਿਡ ਸਨੇਲ ਫੀਵਰ ਜਾਂ ਘੋਗਾ ਬੁਖਾਰ ਦੇ ਮਾਮਲਿਆਂ ਦੀ ਪਛਾਣ ਕਰਨਾ ਹੋਰ ਵੀ ਮੁਸ਼ਕਲ ਹੈ, ਕਿਉਂਕਿ ਉਨ੍ਹਾਂ ਦੇ ਆਂਡੇ ਮਾਈਕ੍ਰੋਸਕੋਪ ਹੇਠ ਆਮ ਪਰਜੀਵੀ ਆਂਡਿਆਂ ਵਰਗੇ ਨਹੀਂ ਨਜ਼ਰ ਆਉਂਦੇ।

ਹੈਲਥਕੇਅਰ ਵਰਕਰ ਲੱਛਣਾਂ ਨੂੰ ਜਿਨਸੀ ਤੌਰ 'ਤੇ ਫੈਲਣ ਵਾਲੇ ਇਨਫੈਕਸ਼ਨ (Sexually Transmitted Infection) ਵੀ ਸਮਝ ਸਕਦੇ ਹਨ।

ਜੇ ਇਲਾਜ ਨਾ ਕੀਤਾ ਜਾਵੇ ਤਾਂ ਯੂਰੋਜਿਨੇਟਲ ਸਕਿਸਟੋਸੋਮਿਆਸਿਸ ਨਾਲ ਜੇਨਿਟਲ ਜ਼ਖ਼ਮ, ਬਾਂਝਪਨ ਅਤੇ ਐਚਆਈਵੀ ਦਾ ਖ਼ਤਰਾ ਵਧ ਸਕਦਾ ਹੈ। ਮਹਿਲਾਵਾਂ ਲਈ ਇਸ ਦੇ ਡਾਕਟਰੀ, ਸਮਾਜਿਕ ਅਤੇ ਪ੍ਰਜਨਣ ਨਾਲ ਜੁੜੇ ਨਤੀਜੇ ਹੋਰ ਵੀ ਗੰਭੀਰ ਮੰਨੇ ਜਾਂਦੇ ਹਨ।

ਮੁਸਾਇਆ ਕਹਿੰਦੇ ਹਨ, "ਜ਼ਰਾ ਸੋਚੋ ਜੇ ਕੋਈ ਮਹਿਲਾ ਬੱਚੇ ਪੈਦਾ ਨਹੀਂ ਕਰ ਸਕਦੀ... ਸਾਡੀ ਸਥਾਨਕ ਸੰਸਕ੍ਰਿਤੀ ਵਿੱਚ ਬੱਚਾ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਲੋਕ ਤੁਹਾਨੂੰ ਤਾਅਨੇ ਮਾਰਨ ਲੱਗ ਪੈਂਦੇ ਹਨ। ਇਹ ਸੱਚਮੁੱਚ ਇੱਕ ਬਹੁਤ ਹੀ ਭੈੜੀ ਅਤੇ ਦੁਖਦਾਈ ਬਿਮਾਰੀ ਹੈ।"

'ਇਸ ਨਵੇਂ ਖ਼ਤਰੇ ਨਾਲ ਨਜਿੱਠਣਾ ਬਹੁਤ ਜ਼ਰੂਰੀ'

ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਹਾਈਬ੍ਰਿਡ ਪਰਜੀਵੀ ਬਿਮਾਰੀ ਨੂੰ ਨਵੇਂ ਖੇਤਰਾਂ ਤੱਕ ਫੈਲਣ ਵਿੱਚ ਮਦਦ ਕਰ ਸਕਦੇ ਹਨ।

ਜਲਵਾਯੂ ਤਬਦੀਲੀ, ਯਾਤਰਾ ਅਤੇ ਪਰਵਾਸ - ਇਹ ਸਭ ਸਨੇਲ ਫੀਵਰ ਦੇ ਫੈਲਾਅ ਵਿੱਚ ਯੋਗਦਾਨ ਪਾ ਸਕਦੇ ਹਨ ਅਤੇ ਹਾਈਬ੍ਰਿਡ ਕਿਸਮਾਂ ਇਸ 'ਤੇ ਕਾਬੂ ਪਾਉਣਾ ਹੋਰ ਵੀ ਔਖਾ ਬਣਾ ਦਿੰਦੀਆਂ ਹਨ। ਦੱਖਣੀ ਯੂਰਪ ਦੇ ਕੁਝ ਹਿੱਸਿਆਂ ਵਿੱਚ ਪਹਿਲਾਂ ਹੀ ਹਾਈਬ੍ਰਿਡ ਕਿਸਮਾਂ ਦੇ ਫੈਲਣ ਦੀਆਂ ਖ਼ਬਰਾਂ ਆ ਚੁੱਕੀਆਂ ਹਨ।

ਡਾਕਟਰ ਅਮਾਦੋ ਗਰਬਾ ਜਿਰਮੇ ਡਬਲਯੂਐਚਓ ਦੇ ਸਕਿਸਟੋਸੋਮਿਆਸਿਸ ਕੰਟਰੋਲ ਪ੍ਰੋਗਰਾਮ ਦੀ ਅਗਵਾਈ ਕਰਦੇ ਹਨ ਅਤੇ ਕਹਿੰਦੇ ਹਨ ਕਿ "ਇਹ ਇੱਕ ਵਿਸ਼ਵ ਪੱਧਰੀ ਚਿੰਤਾ ਹੈ।''

ਅੰਤਰਰਾਸ਼ਟਰੀ ਸਿਹਤ ਸੰਸਥਾ ਨੂੰ ਚਿੰਤਾ ਹੈ ਕਿ ਇਹ ਬਿਮਾਰੀ ਇਸਨੂੰ ਖ਼ਤਮ ਕਰਨ ਦੇ ਟੀਚਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਉਹ ਕਹਿੰਦੇ ਹਨ, "ਸਾਡੇ ਕੋਲ ਅਜਿਹੇ ਦੇਸ਼ ਵੀ ਹਨ ਜਿੱਥੇ ਮਨੁੱਖਾਂ ਵਿੱਚ ਕੋਈ ਟ੍ਰਾਂਸਮਿਸ਼ਨ ਨਹੀਂ ਹੈ, ਪਰ ਪਰਜੀਵੀ ਜਾਨਵਰਾਂ ਵਿੱਚ ਮੌਜੂਦ ਹੈ ਅਤੇ ਇਹ ਮਨੁੱਖਾਂ ਲਈ ਖ਼ਤਰਾ ਬਣ ਸਕਦਾ ਹੈ।"

ਡਬਲਯੂਐਚਓ ਇਸ ਨਵੇਂ ਖ਼ਤਰੇ ਨਾਲ ਨਜਿੱਠਣ ਲਈ ਆਪਣਾ ਤਰੀਕਾ ਬਦਲ ਰਿਹਾ ਹੈ। ਇਸ ਸਾਲ, ਇਹ ਜਾਨਵਰਾਂ ਵਿੱਚ ਬਿਮਾਰੀ 'ਤੇ ਕਾਬੂ ਪਾਉਣ ਬਾਰੇ ਨਵੀਂ ਗਾਈਡੈਂਸ ਜਾਰੀ ਕਰੇਗਾ ਅਤੇ ਇਸ ਨੇ ਪਹਿਲਾਂ ਹੀ ਦੇਸ਼ਾਂ ਨੂੰ ਹਾਈਬ੍ਰਿਡ ਬਾਰੇ ਚੇਤਾਵਨੀ ਸਬੰਧੀ ਅੰਤਰਰਾਸ਼ਟਰੀ ਅਲਰਟ ਭੇਜੇ ਹਨ।

ਵੱਡੇ ਪੱਧਰ 'ਤੇ ਐਂਟੀ-ਪਰਜੀਵੀ ਦਵਾਈਆਂ ਦੇ ਪ੍ਰੋਗਰਾਮਾਂ ਨਾਲ 2006 ਅਤੇ 2024 ਦਰਮਿਆਨ ਸਨੇਲ ਫੀਵਰ ਦੇ ਮਾਮਲਿਆਂ ਵਿੱਚ 60% ਦੀ ਕਮੀ ਆਈ ਹੈ।

ਪਰ ਇਸ ਤਰੱਕੀ ਲਈ ਲਗਾਤਾਰ ਫੰਡਿੰਗ ਦੀ ਲੋੜ ਹੈ। ਡਬਲਯੂਐਚਓ ਦਾ ਕਹਿਣਾ ਹੈ ਕਿ 2018 ਅਤੇ 2023 ਦਰਮਿਆਨ ਨਜ਼ਰਅੰਦਾਜ਼ ਕੀਤੀਆਂ ਗਈਆਂ ਟ੍ਰਾਪਿਕਲ ਬਿਮਾਰੀਆਂ ਲਈ ਮਦਦ ਵਿੱਚ 41% ਦੀ ਕਮੀ ਨਾਲ ਇਹ ਵਿਕਾਸ ਖ਼ਤਰੇ ਵਿੱਚ ਪੈ ਸਕਦਾ ਹੈ।

ਮੁਸਾਇਆ ਨੇ ਇਸ ਬਾਰੇ ਅਜੇ ਉਮੀਦ ਨਹੀਂ ਛੱਡੀ ਹੈ ਕਿ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ, "ਅਸੀਂ ਇਸ ਬਿਮਾਰੀ ਨੂੰ ਖ਼ਤਮ ਕਰ ਸਕਦੇ ਹਾਂ, ਪਰ ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਹੈ... ਸਾਡੇ ਲਈ, ਅਸੀਂ ਪ੍ਰੋਐਕਟਿਵ ਹਾਂ। ਅਸੀਂ ਕਹਿ ਰਹੇ ਹਾਂ, 'ਸਾਡੇ ਕੋਲ ਇਹ ਸਮੱਸਿਆ ਹੈ, ਚਲੋ ਇਸ ਨੂੰ ਹੁਣੇ ਠੀਕ ਕਰੀਏ।'"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)