ਲਾਲਜੀਤ ਸਿੰਘ ਭੁੱਲਰ ਦੇ ਅਸਤੀਫ਼ੇ ਮਗਰੋਂ ਪੰਜਾਬ ਮੰਤਰੀ ਮੰਡਲ ਵਿੱਚ ਕਿਸ ਕੋਲ ਕਿਹੜਾ ਮਹਿਕਮਾ, ਜਾਣੋ ਹੁਣ ਤੱਕ ਕਿੰਨਾ ਵਾਰ ਹੋਇਆ ਫੇਰਬਦਲ

ਪੜ੍ਹਨ ਦਾ ਸਮਾਂ: 5 ਮਿੰਟ

ਡੀਐੱਮ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਵਿੱਚ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।

ਇਸ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕੈਬਨਿਟ ਵਿੱਚ ਇੱਕ ਵਾਰ ਮੁੜ ਤੋਂ ਫ਼ੇਰਬਦਲ ਕਰਨਾ ਪਿਆ।

ਲਾਲਜੀਤ ਭੁੱਲਰ ਕੋਲ ਪੰਜਾਬ ਦਾ ਟਰਾਂਸਪੋਰਟ ਮਹਿਕਮਾ ਸੀ ਜੋ ਉਨ੍ਹਾਂ ਦੇ ਅਸਤੀਫ਼ੇ ਮਗਰੋਂ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਸੌਂਪ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਇਹ ਕੈਬਨਿਟ ਫੇਰਬਦਲ ਨੌਵੀਂ ਵਾਰ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਪੰਜਾਬ ਕੈਬਨਿਟ ਵਿੱਚ 8 ਜਨਵਰੀ 2026 ਨੂੰ ਫੇਰਬਦਲ ਕੀਤਾ ਗਿਆ, ਜਦੋਂ ਡਾ. ਰਵਜੋਤ ਤੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਸੀ।

ਕਿਹੜੇ ਮੰਤਰੀ ਕੋਲ ਕਿਹੜਾ ਮਹਿਕਮਾ

ਭਗਵੰਤ ਮਾਨ- ਸਿਵਲ ਏਵੀਏਸ਼ਨ, ਜਨਰਲ ਐਡਮਿਨਿਸਟ੍ਰੇਸ਼ਨ, ਗ੍ਰਹਿ ਮਾਮਲੇ ਅਤੇ ਨਿਆਂ, ਪਰਸੋਨਲ, ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਅਤੇ ਖੇਡਾਂ ਅਤੇ ਯੁਵਕ ਸੇਵਾਵਾਂ

ਹਰਪਾਲ ਸਿੰਘ ਚੀਮਾ- ਵਿੱਤ ਮੰਤਰਾਲਾ, ਟਰਾਂਸਪੋਰਟ ਮਹਿਕਮਾ, ਯੋਜਨਾ, ਪ੍ਰੋਗਰਾਮ ਲਾਗੂ ਕਰਨਾ ਅਤੇ ਆਬਕਾਰੀ ਅਤੇ ਕਰ

ਅਮਨ ਅਰੋੜਾ- ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰਾਲੇ, ਪ੍ਰਿੰਟਿੰਗ ਤੇ ਸਟੇਸ਼ਨਰੀ, ਪ੍ਰਸ਼ਾਸਨ ਸੁਧਾਰ ਅਤੇ ਸ਼ਿਕਾਇਤਾਂ ਨੂੰ ਦੂਰ ਕਰਨਾ ਸਬੰਧ ਮਾਮਲੇ ਅਤੇ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਮੰਤਰਾਲੇ

ਡਾ. ਬਲਜੀਤ ਕੌਰ- ਸਮਾਜਿਕ ਨਿਆਂ ਸ਼ਕਤੀਕਰਨ ਤੇ ਘੱਟ ਗਿਣਤੀਆਂ ਅਤੇ ਸਮਾਜਿਕ ਸੁਰੱਖਿਆ, ਔਰਤਾਂ ਤੇ ਬਾਲ ਵਿਕਾਸ ਮੰਤਰਾਲੇ

ਸੰਜੀਵ ਅਰੋੜਾ - ਐੱਨਆਰਆਈ ਮਾਮਲੇ ਅਤੇ ਪ੍ਰਬੰਧਕੀ ਸੁਧਾਰ, ਨਿਵੇਸ਼ ਪ੍ਰਮੋਸ਼ਨ, ਉਦਯੋਗ ਤੇ ਵਣਜ ਅਤੇ ਸਥਾਨਕ ਸਰਕਾਰਾਂ

ਡਾ. ਬਲਬੀਰ ਸਿੰਘ- ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ

ਹਰਦੀਪ ਸਿੰਘ ਮੁੰਡੀਆਂ-ਮਾਲੀਆ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਪਾਣੀ ਦੀ ਸਪਲਾਈ ਤੇ ਸੈਨੀਟੇਸ਼ਨ ਅਤੇ ਰਿਹਾਇਸ਼ ਤੇ ਸ਼ਹਿਰੀ ਵਿਕਾਸ

ਲਾਲ ਸਿੰਘ ਕਟਾਰੂਚੱਕ- ਭੋਜਨ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਮਹਿਕਮਾ ਅਤੇ ਜੰਗਲੀ ਜੀਵ

ਹਰਜੋਤ ਸਿੰਘ ਬੈਂਸ- ਉੱਚ ਸਿੱਖਿਆ ਮੰਤਰਾਲੇ, ਸਕੂਲ ਸਿੱਖਿਆ ਮੰਤਰਾਲੇ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰਾਲੇ ਅਤੇ ਸੂਚਨਾ ਅਤੇ ਲੋਕ ਸੰਪਰਕ

ਹਰਭਜਨ ਸਿੰਘ- ਪਬਲਿਕ ਵਰਕਸ ਅਤੇ ਪਾਵਰ ਮੰਤਰਾਲੇ

ਬਰਿੰਦਰ ਕੁਮਾਰ ਗੋਇਲ- ਖਾਣਾਂ ਅਤੇ ਭੂ-ਵਿਗਿਆਨ, ਪਾਣੀ ਦੇ ਸਰੋਤ ਅਤੇ ਜ਼ਮੀਨ ਅਤੇ ਪਾਣੀ ਦੀ ਸੰਭਾਲ

ਤਰੁਨਪ੍ਰੀਤ ਸਿੰਘ ਸੋਂਦ- ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਸਬੰਧੀ ਮਹਿਕਮਾ, ਲੇਬਰ ਮੰਤਰਾਲੇ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ

ਡਾ. ਰਵਜੋਤ ਸਿੰਘ- ਸੰਸਦੀ ਮਾਮਲੇ

ਗੁਰਮੀਤ ਖੁੱਡੀਆਂ- ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰਾਲੇ ਅਤੇ ਫੂਡ ਪ੍ਰੋਸੈਸਿੰਗ

ਮੋਹਿੰਦਰ ਭਗਤ- ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਏ ਅਤੇ ਬਾਗ਼ਬਾਨੀ

ਪਹਿਲਾਂ ਕਦੋਂ ਹੋਇਆ ਕੈਬਨਿਟ ਵਿੱਚ ਫ਼ੇਰਬਦਲ

ਪੰਜਾਬ ਵਜ਼ਾਰਤ ਵਿੱਚ ਹੁਣ ਤੱਕ 9 ਵਾਰ ਫੇਰਬਦਲ ਹੋ ਚੁੱਕਿਆ ਹੈ।

ਪੰਜਾਬ ਵਿੱਚ ਸਾਲ 2022 ਵਿੱਚ 'ਆਪ' ਸਰਕਾਰ ਬਣਨ ਤੋਂ ਬਾਅਦ ਮਾਰਚ ਵਿੱਚ ਪਹਿਲਾਂ 10 ਮੰਤਰੀ ਚੁਣੇ ਗਏ ਸਨ।

ਇਨ੍ਹਾਂ ਵਿੱਚੋਂ ਬਾਅਦ ਵਿੱਚ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲੱਗੇ ਇਲਜ਼ਾਮਾਂ ਕਾਰਨ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਜੁਲਾਈ, 2022 ਵਿੱਚ ਕੁੱਲ ਪੰਜ ਵਿਧਾਇਕਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਸੀ।

ਜਿਨ੍ਹਾਂ ਵਿੱਚ ਡਾਕਟਰ ਇੰਦਰਬੀਰ ਸਿੰਘ ਨਿੱਜਰ, ਅਨਮੋਲ ਗਗਨ ਮਾਨ, ਅਮਨ ਅਰੋੜਾ, ਚੇਤਨ ਸਿੰਘ ਜੌੜਾ ਮਾਜਰਾ ਅਤੇ ਫੌਜਾ ਸਿੰਘ ਸਰਾਰੀ ਸ਼ਾਮਲ ਸਨ।

ਫਿਰ ਮਈ 2023 ਬਦਲ ਦੌਰਾਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲਜੀਤ ਸਿੰਘ ਭੁੱਲਰ ਦੇ ਮੰਤਰਾਲਿਆਂ ਵਿੱਚ ਬਦਲਾਅ ਹੋਇਆ ਸੀ।

ਇਸ ਤੋਂ ਇਲਾਵਾ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਮੰਤਰਾਲੇ ਸੌਂਪੇ ਗਏ ਸਨ।

ਪਿਛਲੀ ਵਾਰ ਸਤੰਬਰ, 2024 ਨੂੰ ਪੰਜਾਬ ਵਜ਼ਾਰਤ ਵਿੱਚ ਫੇਰਬਦਲ ਕੀਤਾ ਗਿਆ ਸੀ। ਜਿਸ ਦੌਰਾਨ 5 ਨਵੇਂ ਚਿਹਰਿਆਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਸੀ।

ਇਸ ਵਿੱਚ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾਕਟਰ ਰਵੀਜੋਤ ਸਿੰਘ, ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਜਲੰਧਰ ਪੱਛਮੀ ਤੋਂ ਮਹਿੰਦਰ ਭਗਤ ਅਤੇ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੂੰ ਕੈਬਨਿਟ ਵਿੱਚ ਥਾਂ ਮਿਲੀ ਸੀ।

ਇਹ ਪੰਜ ਨਵੇਂ ਚਿਹਰੇ ਪਹਿਲੀ ਵਾਰ ਦੇ ਵਿਧਾਇਕ ਹਨ।

ਜਦਕਿ ਕੁਝ ਮੰਤਰੀਆਂ ਦੀ ਛੁੱਟੀ ਕੀਤੀ ਗਈ ਸੀ ਜਿਨ੍ਹਾਂ ਵਿੱਚ ਚੇਤਨ ਸਿੰਘ ਜੌੜਾਮਾਜਰਾ, ਅਨਮੋਲ ਗਗਨ ਮਾਨ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ ਦਾ ਨਾਮ ਸ਼ਾਮਲ ਹੈ।

8 ਜਨਵਰੀ 2026 ਨੂੰ ਫੇਰਬਦਲ ਹੋਇਆ, ਜਦੋਂ ਡਾ. ਰਵਜੋਤ ਤੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਸੀ।

ਤਰਨਪ੍ਰੀਤ ਸਿੰਘ ਸੌਂਦ: ਤਰਨਪ੍ਰੀਤ ਸਿੰਘ ਸੌਂਦ 2022 ਵਿੱਚ ਖੰਨਾ ਤੋਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਦੇ ਨਾਲ ਜ਼ਿਲ੍ਹਾ ਲੁਧਿਆਣਾ ਨੂੰ ਪਹਿਲੀ ਵਾਰ ਕੈਬਨਿਟ ਵਿੱਚ ਨੁਮਾਇੰਦਗੀ ਮਿਲੀ।

ਹਰਦੀਪ ਸਿੰਘ ਮੁੰਡੀਆਂ: ਹਰਦੀਪ ਸਿੰਘ ਮੁੰਡੀਆਂ ਦਾ ਸਬੰਧ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਹੈ। ਹਰਦੀਪ ਸਿੰਘ ਮੁੰਡੀਆਂ ਹਲਕਾ ਸਾਹਨੇਵਾਲ ਤੋਂ 2022 ਵਿੱਚ ਵਿਧਾਇਕ ਚੁਣੇ ਗਏ।

ਮੋਹਿੰਦਰ ਪਾਲ ਭਗਤ: ਮੋਹਿੰਦਰ ਪਾਲ ਭਗਤ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਭਗਤ ਚੂੰਨੀ ਲਾਲ ਦੇ ਪੁੱਤਰ ਹਨ। ਭਗਤ ਚੂੰਨੀ ਭਾਜਪਾ ਦੇ ਸੀਨੀਅਰ ਆਗੂ ਰਹੇ ਹਨ। ਦਸਵੀਂ ਪਾਸ ਮੋਹਿੰਦਰ ਭਗਤ ਬਚਪਨ ਤੋਂ ਹੀ ਆਰਐੱਸਐੱਸ ਨਾਲ ਜੁੜੇ ਹੋਏ ਸਨ ਅਤੇ ਉਹ 1997 ਤੋਂ 1999 ਤੱਕ ਭਾਰਤੀ ਜਨਤਾ ਪਾਰਟੀ ਐੱਸਸੀਮੋਰਚਾ ਦੇ ਜਨਰਲ ਸਕੱਤਰ ਵੀ ਰਹੇ ਹਨ ਅਤੇ ਪੇਸ਼ੇ ਵਜੋਂ ਉਹ ਖੇਡਾਂ ਦਾ ਸਮਾਨ ਤਿਆਰ ਕਰਦੇ ਹਨ।

ਬਰਿੰਦਰ ਕੁਮਾਰ ਗੋਇਲ: ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਹਨ। ਬਰਿੰਦਰ ਕੁਮਾਰ ਗੋਇਲ ਪੇਸ਼ੇ ਤੋਂ ਵਕੀਲ ਅਤੇ ਕਾਰੋਬਾਰੀ ਹਨ।

ਬਰਿੰਦਰ ਕੁਮਾਰ ਗੋਇਲ ਬਾਰ ਐਸੋਸੀਏਸ਼ਨ ਸੁਨਾਮ ਦੇ 2 ਵਾਰ ਪ੍ਰਧਾਨ ਰਹੇ ਹਨ ਅਤੇ 1992 ਵਿੱਚ ਉਨ੍ਹਾਂ ਪਹਿਲੀ ਵਾਰ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਲਹਿਰਾਗਾਗਾ ਵਿਧਾਨ ਸਭਾ ਦੀ ਚੋਣ ਲੜੀ ਸੀ ਪਰ ਸਫ਼ਲਤਾ ਨਹੀਂ ਮਿਲੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)