ਇੱਕ ਔਰਤ, ਜਿਸ ਨੇ ਆਪਣੇ ਪਤੀ ਦੀ ਮੌਤ 'ਤੇ ਕਿਤਾਬ ਲਿਖੀ, ਹੁਣ ਉਸੇ 'ਤੇ ਹੀ ਪਤੀ ਦੇ ਕਤਲ ਦੇ ਇਲਜ਼ਾਮ ਲੱਗੇ, ਕੀ ਹੈ ਪੂਰਾ ਮਾਮਲਾ

    • ਲੇਖਕ, ਬੀਬੀਸੀ ਮੁੰਡੋ
  • ਪੜ੍ਹਨ ਦਾ ਸਮਾਂ: 4 ਮਿੰਟ

ਅਮਰੀਕਾ ਦੇ ਯੂਟਾਹ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਬੱਚਿਆਂ ਲਈ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ, ਜਿਸ 'ਚ ਉਸਨੇ ਆਪਣੇ ਪਤੀ ਦੀ ਅਚਨਚੇਤ ਮੌਤ ਤੋਂ ਬਾਅਦ ਆਪਣੇ ਦੁਖਦਾਈ ਤਜ਼ਰਬੇ ਨੂੰ ਸਾਂਝਾ ਕੀਤਾ।

ਅਤੇ ਹੁਣ ਸੋਮਵਾਰ ਤੋਂ ਉਹ ਆਪਣੇ ਹੀ ਪਤੀ ਦੇ ਕਤਲ ਦੇ ਕਥਿਤ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਹੈ।

ਤਿੰਨ ਬੱਚਿਆਂ ਦੀ ਮਾਂ, ਕੂਰੀ ਰਿਚਿਨਸ ਨੇ ਮਾਰਚ 2022 ਦੀ ਇੱਕ ਰਾਤ ਪੁਲਿਸ ਨੂੰ ਫੋਨ 'ਤੇ ਸੂਚਿਤ ਕੀਤਾ ਕਿ ਉਸਦੇ ਪਤੀ ਐਰਿਕ ਰਿਚਿਨਸ ਦਾ 'ਸਰੀਰ ਠੰਡਾ ਪੈ ਗਿਆ' ਹੈ।

ਉਸਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ ਆਪਣੇ ਪਤੀ ਲਈ ਵੋਡਕਾ ਕੋਕਟੇਲ ਤਿਆਰ ਕੀਤਾ ਸੀ ਅਤੇ ਕੁਝ ਘੰਟਿਆਂ ਬਾਅਦ ਉਹ ਬੇਹੋਸ਼ੀ ਦੀ ਹਾਲਤ 'ਚ ਮਿਲਿਆ।

ਬਾਅਦ 'ਚ ਡਾਕਟਰੀ ਰਿਪੋਰਟ 'ਚ ਸਾਹਮਣੇ ਆਇਆ ਕਿ ਰਿਚਿਨਸ ਦੀ ਮੌਤ ਫੇਂਟਾਨਾਇਲ ਦੀ ਓਵਰਡੋਜ਼ ਕਾਰਨ ਹੋਈ ਸੀ।

ਡਾਕਟਰਾਂ ਮੁਤਾਬਿਕ ਉਸ ਦੇ ਸਰੀਰ 'ਚ ਫੇਂਟਾਨਿਲ ਘਾਤਕ ਮੰਨੇ ਜਾਣ ਦੀ ਤੈਅ ਮਾਤਰਾ ਤੋਂ ਪੰਜ ਗੁਣਾ ਵੱਧ ਪਾਇਆ ਗਿਆ।

ਫੇਂਟਾਨਿਲ ਡਰੱਗ ਕਿੰਨਾ ਖ਼ਤਰਨਾਕ

ਦੋਸ਼-ਪੱਤਰ ਮੁਤਾਬਕ, ਦਸੰਬਰ 2021 ਤੋਂ ਫਰਵਰੀ 2022 ਵਿਚਾਲੇ, ਮਹਿਲਾ ਨੇ ਇੱਕ ਸ਼ਖਸ਼ (ਜਿਸਦਾ ਡਰੱਗ ਨਾਲ ਜੁੜੇ ਅਪਰਾਧਿਕ ਮਾਮਲਿਆਂ ਦਾ ਇਤਿਹਾਸ ਸੀ) ਨੂੰ ਟੈਕਸਟ ਮੈਸੇਜ ਜ਼ਰੀਏ ਕੁਝ ਪੇਨਕਿਲਰ ਬਾਰੇ ਜਾਣਕਾਰੀ ਮੰਗੀ ਸੀ।

ਕੋਰਟ ਦੇ ਦਸਤਾਵੇਜ਼ਾਂ ਮੁਤਾਬਕ, "ਐਰਿਕ ਨੂੰ ਵਿਸ਼ਵਾਸ ਸੀ ਕਿ ਉਸਨੂੰ ਜ਼ਹਿਰ ਦਿੱਤਾ ਗਿਆ ਹੈ। ਉਸਨੇ ਆਪਣੇ ਇੱਕ ਦੋਸਤ ਨੂੰ ਕਿਹਾ ਸੀ ਕਿ ਉਸਨੂੰ ਯਕੀਨ ਹੈ ਕਿ ਉਸਦੀ ਪਤਨੀ ਉਸਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।"

ਸਰਕਾਰੀ ਵਕੀਲਾਂ ਮੁਤਾਬਕ, ਮਹਿਲਾ ਨੇ ਕਥਿਤ ਤੌਰ 'ਤੇ ਹੋਰ ਫੇਂਟਾਨਿਲ ਹਾਸਲ ਕੀਤਾ।

ਇਸ ਕੇਸ ਨਾਲ ਜੁੜੇ ਸਰਕਾਰੀ ਵਕੀਲਾਂ ਮੁਤਾਬਕ, 4 ਮਾਰਚ 2022 ਨੂੰ ਰਿਚਿਨਸ ਨੇ ਅੱਧੀ ਰਾਤ ਨੂੰ ਪੁਲਿਸ ਨੂੰ ਫੋਨ ਕਰ ਦੱਸਿਆ ਕਿ ਉਸਦਾ ਪਤੀ ਬੇਹੋਸ਼ ਹੈ।

ਮਹਿਲਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ ਆਪਣੇ ਪਤੀ ਨੂੰ ਬੈੱਡ 'ਤੇ ਹੀ ਮੋਸਕੋਅ ਮਿਊਲ (ਇੱਕ ਵੋਡਕਾ ਕੋਕਟੇਲ) ਲਿਆ ਕੇ ਦਿੱਤੀ ਸੀ, ਜਿਸਤੋਂ ਬਾਅਦ ਉਹ ਆਪਣੇ ਇੱਕ ਬੱਚੇ ਦੇ ਕਮਰੇ 'ਚ ਸੌਣ ਚਲੀ ਗਈ, ਕਿਉਂਕਿ ਉਸਨੇ ਇੱਕ ਬੁਰਾ ਸੁਪਨਾ ਵੇਖਿਆ ਸੀ।

ਬਾਅਦ 'ਚ ਜਦੋਂ ਉਹ ਆਪਣੇ ਕਮਰੇ 'ਚ ਆਈ ਤਾਂ ਦੇਖਿਆ ਕਿ ਉਸਦੇ ਪਤੀ ਦਾ "ਸਰੀਰ ਠੰਡਾ ਪੈ ਚੁੱਕਿਆ ਸੀ।"

ਕੂਰੀ ਰਿਚਿਨਸ ਦੀ ਕਿਤਾਬ

ਮੁਲਜ਼ਮ ਮਹਿਲਾ ਖਿਲਾਫ ਇਹ ਇਲਜ਼ਾਮ ਉਸ ਵੱਲੋਂ ਬੱਚਿਆਂ ਲਈ ਪ੍ਰਕਾਸ਼ਿਤ ਕਿਤਾਬ ਲਿਖਣ ਦੇ ਦੋ ਮਹੀਨੇ ਬਾਅਦ ਲੱਗੇ, ਜਿਸ ਦਾ ਸਿਰਲੇਖ ਸੀ "ਆਰ ਯੂ ਵਿਦ ਮੀ? (ਕੀ ਤੁਸੀਂ ਮੇਰੇ ਨਾਲ ਹੋ ?)" ਇਸ ਕਿਤਾਬ 'ਚ ਬੱਚਿਆਂ ਨੂੰ ਕਿਸੇ ਆਪਣੇ ਦੀ ਮੌਤ ਤੋਂ ਬਾਅਦ ਸੰਭਲਣ ਦੇ ਤਰੀਕੇ ਦੱਸੇ ਗਏ ਸਨ।

ਸਥਾਨਕ ਰੇਡੀਓ ਸਟੇਸ਼ਨ ਕੇਪੀਸੀਡਬਲਿਊ (KPCW) ਨਾਲ ਗੱਲ ਕਰਦਿਆਂ ਰਿਚਿਨਸ ਨੇ ਕਿਹਾ ਕਿ ਇਹ ਕਿਤਾਬ ਉਸਨੂੰ ਅਤੇ ਉਸਦੇ ਤਿੰਨ ਬੱਚਿਆਂ ਦੇ ਮਨ ਨੂੰ "ਸਕੂਨ" ਦੇਣ 'ਚ ਮਦਦਗਾਰ ਹੋਵੇਗੀ।

KPCW ਨੂੰ ਦਿੱਤੇ ਇੱਕ ਇੰਟਰਵਿਊ 'ਚ ਉਨ੍ਹਾਂ ਕਿਹਾ, "ਅਸੀਂ ਇਹ ਕਿਤਾਬ ਇਸ ਉਮੀਦ 'ਚ ਲਿਖੀ ਕਿ ਇਹ ਕਿਤਾਬ ਨਾ ਸਿਰਫ਼ ਸਾਡੇ ਪਰਿਵਾਰ ਨੂੰ ਸਗੋਂ ਹੋਰਾਂ ਪਰਿਵਾਰਾਂ ਜੋ ਅਜਿਹੇ ਹੀ ਹਾਲਾਤਾਂ 'ਚੋਂ ਗੁਜ਼ਰ ਰਹੇ ਹਨ, ਉਨ੍ਹਾਂ ਲਈ ਵੀ ਸਹਾਈ ਸਾਬਿਤ ਹੋਵੇਗੀ। "

ਉਨ੍ਹਾਂ ਨੇ ਇਹ ਕਿਤਾਬ ਆਪਣੇ ਪਤੀ ਨੂੰ ਸਮਰਪਿਤ ਕੀਤੀ, ਜਿਸਨੂੰ ਉਨ੍ਹਾਂ "ਬੇਹੱਦ ਅਦਭੁੱਤ ਪਤੀ ਅਤੇ ਸ਼ਾਨਦਾਰ ਪਿਤਾ" ਦੱਸਿਆ।

ਇਸ ਸੋਮਵਾਰ, ਟ੍ਰਾਇਲ ਦੀ ਸ਼ੁਰੂਆਤ ਹੋਣ 'ਤੇ, ਸਰਕਾਰੀ ਵਕੀਲ ਨੇ ਜੱਜਾਂ ਨੂੰ ਦੱਸਿਆ ਕਿ ਰਿਚਿਨਸ 'ਤੇ 4.5 ਮਿਲੀਅਨ ਅਮਰੀਕੀ ਡਾਲਰ ਦਾ ਕਰਜ਼ਾ ਸੀ ਅਤੇ ਜੇਕਰ ਉਸਦਾ ਪਤੀ ਮਰ ਜਾਂਦਾ ਤਾਂ ਉਹ ਉਸਦੀ ਕਰੀਬ 4 ਮਿਲੀਅਨ ਅਮਰੀਕੀ ਡਾਲਰ ਦੀ ਜਾਇਦਾਦ ਦੀ ਮਾਲਕਣ ਬਣ ਜਾਂਦੀ।

ਸਰਕਾਰੀ ਵਕੀਲ ਵੱਲੋਂ ਦਲੀਲ ਦਿੱਤੀ ਗਈ ਕਿ ਮਹਿਲਾ ਆਪਣੇ ਪ੍ਰੇਮੀ ਨਾਲ ਆਉਣ ਵਾਲੀ ਜ਼ਿੰਦਗੀ ਬਿਤਾਉਣ ਦੇ ਸੁਪਨੇ ਸਜਾ ਰਹੀ ਸੀ, ਜਿਸ ਨਾਲ ਉਸਦੇ ਵਿਆਹ ਦੌਰਾਨ ਹੀ ਨਜਾਇਜ਼ ਸਬੰਧ ਸਨ।

ਮਹਿਲਾ ਦੇ ਵਕੀਲਾਂ ਦਾ ਕਹਿਣਾ ਸੀ ਕਿ ਐਰਿਕ ਰਿਚਿਨਸ ਲਾਈਮ ਰੋਗ ਨਾਲ ਗ੍ਰਸਤ ਸੀ, ਜਿਸ ਕਰਕੇ ਉਸਨੂੰ ਪੇਨਕਿਲਰ ਲੈਣ ਦੀ ਆਦਤ ਸੀ ਅਤੇ ਓਵਰਡੋਜ਼ ਕਰਕੇ ਉਸਦੀ ਮੌਤ ਹੋਈ।

ਰਿਚਿਨਸ 'ਤੇ ਤਿੰਨ ਦਰਜਨ ਤੋਂ ਵੱਧ ਚਾਰਜ ਲੱਗੇ ਹਨ, ਜਿਨ੍ਹਾਂ 'ਚ ਇਰਾਦਤਨ ਕਤਲ, ਕਤਲ ਦੀ ਕੋਸ਼ਿਸ਼, ਜਾਅਲਸਾਜ਼ੀ, ਮੋਰਟਗੇਜ਼ ਅਤੇ ਇੰਸ਼ੋਰੈਂਸ ਧੋਖਾਧੜੀ ਸ਼ਾਮਿਲ ਹਨ। ਸਿਰਫ਼ ਕਤਲ ਦੀ ਧਾਰਾ ਲੱਗਣ 'ਤੇ ਹੀ ਮੁਲਜ਼ਮ ਨੂੰ 25 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।

ਸਰਕਾਰੀ ਵਕੀਲਾਂ ਮੁਤਾਬਕ, ਆਪਣੇ ਪਤੀ ਦੀ ਮੌਤ ਤੋਂ ਕਈ ਸਾਲ ਪਹਿਲਾਂ ਰਿਚਿਨਸ ਨੇ ਬਿਨ੍ਹਾਂ ਉਸਨੂੰ ਦੱਸੇ, ਉਸਦੇ ਨਾਂਅ 'ਤੇ ਕਈ ਜੀਵਨ ਬੀਮਾ ਪਾਲਿਸੀਆਂ ਲੈ ਰੱਖੀਆਂ ਸਨ, ਜਿਸ ਦਾ ਕਰੀਬ 2 ਮਿਲੀਅਨ ਅਮਰੀਕੀ ਡਾਲਰ ਦਾ ਲਾਭ ਮਿਲਣਾ ਸੀ।

ਅਦਾਲਤੀ ਦਸਤਾਵੇਜ਼ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਮਹਿਲਾ ਦਾ ਬੈਂਕ ਖਾਤਾ ਖਾਲੀ ਸੀ ਅਤੇ ਇੱਕ ਕਰਜ਼ਦਾਤੇ ਵੱਲੋਂ ਉਸ 'ਤੇ ਮੁਕੱਦਮਾ ਵੀ ਕੀਤਾ ਗਿਆ ਸੀ।