ਨਿੱਕਾ ਜਿਹਾ ਪੁੱਤਰ ਪਿਓ ਨੂੰ ਲੱਭ ਰਿਹਾ, ਬਿਮਾਰ ਪਿਤਾ ਬੇਬਸ, ਪਤਨੀ ਦਾ ਬੁਰਾ ਹਾਲ

    • ਲੇਖਕ, ਪ੍ਰਦੀਪ ਪੰਡਿਤ
    • ਰੋਲ, ਬੀਬੀਸੀ ਸਹਿਯੋਗੀ

“ਮਨਦੀਪ ਸਿੰਘ ਦੇ ਦੋ ਸਾਲ ਦੇ ਪੁੱਤਰ ਨੇ ਹਜੇ ਆਪਣੇ ਬਾਪ ਨੂੰ ਨਹੀਂ ਦੇਖਿਆ, ਮਨਦੀਪ ਦੀ ਪਤਨੀ ਹਾਲੋਂ ਬੇਹਾਲ ਹੈ’’

ਇਹ ਸ਼ਬਦ ਹਨ ਨਕੋਦਰ ਵਿੱਚ ਵਪਾਰੀ ਉੱਤੇ ਹਮਲੇ ਦੌਰਾਨ ਸੁਰੱਖਿਆ ਵਿੱਚ ਤੈਨਾਤ ਮਨਦੀਪ ਸਿੰਘ ਦੇ ਰਿਸ਼ਤੇਦਾਰ ਦੇ।

ਜਲੰਧਰ ਦੇ ਸ਼ਹਿਰ ਨਕੋਦਰ ਵਿੱਚ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਨਾਲ ਤੈਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਮਨਦੀਪ ਸਿੰਘ ਦਾ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।

ਮਨਦੀਪ ਸਿੰਘ ਦੀ ਮੌਤ ਵੀਰਵਾਰ ਸਵੇਰੇ ਹੋ ਗਈ, ਉਹ ਵਪਾਰੀ ਭੁਪਿੰਦਰ ਸਿੰਘ ਦੀ ਸੁਰੱਖਿਆ ਵਿੱਚ ਤੈਨਾਤ ਸਨ।

ਭੁਪਿੰਦਰ ਸਿੰਘ ਟਿੰਮੀ ਉਪਰ ਬੁੱਧਵਾਰ ਦੇਰ ਸ਼ਾਮ ਨੂੰ ਕੁਝ ‘ਗੈਂਗਸਟਰਾਂ’ ਵੱਲੋਂ ਕਥਿਤ ਤੌਰ ’ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ।

ਟਿੰਮੀ ਦੀ ਮੌਤ ਬੁੱਧਵਾਰ ਨੂੰ ਹੀ ਹੋ ਗਈ ਸੀ ਪਰ ਮਨਦੀਪ ਸਿੰਘ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ।

ਇਨ੍ਹਾਂ ਦੋ ਕਤਲ ਤੋਂ ਬਾਅਦ ਨਕੋਦਰ ਵਿੱਚ ਮਾਹੌਲ ਤਣਾਅਪੂਰਨ ਹੈ ਅਤੇ ਵੀਰਵਾਰ ਨੂੰ ਸ਼ਹਿਰ ਬੰਦ ਰਿਹਾ।

ਪੁਲਿਸ ਮੁਤਾਬਕ ਇਹ ਹਮਲਾ ਗੈਂਗਸਟਰਾਂ ਵੱਲੋਂ ਕੀਤਾ ਗਿਆ ਸੀ ਅਤੇ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

‘ਮਨਦੀਪ ਦੇ ਸਰੀਰ ’ਤੇ 4 ਗੋਲੀਆਂ ਦੇ ਨਿਸ਼ਾਨ’

ਮ੍ਰਿਤਕ ਮਨਦੀਪ ਸਿੰਘ ਦੇ ਰਿਸ਼ਤੇਦਾਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਨਦੀਪ ਆਪਣੇ ਪਿੱਛੇ ਆਪਣੇ ਬਜੁਰਗ ਮਾਤਾ-ਪਿਤਾ, 30 ਸਾਲਾਂ ਪਤਨੀ ਅਤੇ 2 ਸਾਲਾਂ ਦੇ ਬੱਚੇ ਨੂੰ ਛੱਡ ਗਿਆ ਹੈ।

ਗੁਰਵਿੰਦਰ ਸਿੰਘ ਮੁਤਾਬਕ, “ਮਨਦੀਪ ਸਾਲ 2013 ਵਿੱਚ ਬਤੌਰ ਕਾਂਸਟੇਬਲ ਭਾਰਤੀ ਹੋਇਆ ਸੀ। ਉਸ ਦਾ ਪਿਛੋਕੜ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਪਰਿਵਾਰ ਕੋਲ ਕਰੀਬ ਡੇਢ ਕਿੱਲਾ ਜ਼ਮੀਨ ਹੈ। ਉਸ ਦੇ ਵਿਆਹ ਨੂੰ ਹਾਲੇ ਤਿੰਨ ਸਾਲ ਹੋਏ ਸਨ ਅਤੇ ਉਹ ਘਰ ਵਿੱਚ ਇਕੱਲਾ ਕਮਾਉਣ ਵਾਲਾ ਸੀ।”

ਸੰਖੇਪ ਵਿੱਚ ਜਾਣੋ

  • ਨਕੋਦਰ ’ਚ ਕੱਪੜਾ ਵਪਾਰੀ ਤੇ ਪੁਲਿਸ ਦੇ ਕਾਂਸਟੇਬਲ ਦਾ ਕਤਲ
  • ਕਾਂਸਟੇਬਲ ਵਪਾਰੀ ਭੁਪਿੰਦਰ ਸਿੰਘ ਟਿੰਮੀ ਨਾਲ ਤੈਨਾਤ ਸੀ
  • ਕਤਲਾਂ ਤੋਂ ਬਾਅਦ ਨਕੋਦਰ ਵਿੱਚ ਮਾਹੌਲ ਤਣਾਅਪੂਰਨ ਹੈ
  • ਪੁਲਿਸ ਮੁਤਾਬਕ ਹਮਲਾ ਗੈਂਗਸਟਰਾਂ ਵੱਲੋਂ ਕੀਤਾ ਗਿਆ ਸੀ

ਮਨਦੀਪ ਸਿੰਘ ਦੀ ਮਾਂ ਦਾ ਬੁਰਾ ਹਾਲ ਹੈ। ਉਸ ਦੇ ਪਿਤਾ ਅਧਰੰਗ ਨਾਲ ਪੀੜਤ ਹਨ।

ਗੁਰਵਿੰਦਰ ਸਿੰਘ ਦਾ ਕਹਿਣਾ ਹੈ, ''ਉਸ ਦੇ ਦੋ ਸਾਲਾਂ ਦੇ ਪੁੱਤਰ ਨੇ ਹਾਲੇ ਆਪਣੇ ਬਾਪ ਨੂੰ ਨਹੀਂ ਦੇਖਿਆ। ਮਨਦੀਪ ਦੀ ਪਤਨੀ ਹਾਲੋਂ ਬੇਹਾਲ ਹੈ। ਸਾਡੀ ਗੁਜਾਰਿਸ਼ ਹੈ ਕਿ ਪਰਿਵਾਰ ਨੂੰ ਮਾਲੀ ਸਹਾਇਤਾ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ। ਉਸ ਦੇ ਕਾਤਿਲਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।”

“ਮੇਰੇ ਭਰਾ ਦੇ ਸਰੀਰ ਉਪਰ ਚਾਰ ਗੋਲੀਆਂ ਦੇ ਨਿਸ਼ਾਨ ਹਨ। ਉਸ ਦਾ ਸਵੇਰੇ ਅਪਰੇਸ਼ਨ ਸੁਰੂ ਹੋਇਆ ਅਤੇ ਕਰੀਬ ਸਾਢੇ ਸੱਤ ਅਪਰੇਸ਼ਨ ਖ਼ਤਮ ਹੋਇਆ ਪਰ ਲਗਭਗ ਨੌ ਵਜੇ ਉਸ ਦੀ ਮੌਤ ਹੋ ਗਈ।”

ਇਹ ਵੀ ਪੜ੍ਹੋ:

‘ਵਪਾਰੀ ਭੁਪਿੰਦਰ ਸਿੰਘ ਨੂੰ ਮਿਲ ਰਹੀਆਂ ਸਨ ਧਮਕੀਆਂ’

ਬੀਤੀ ਰਾਤ ਜਦੋਂ ਭੁਪਿੰਦਰ ਸਿੰਘ ਦੁਕਾਨ ਬੰਦ ਕਰਕੇ ਘਰ ਜਾਣ ਲਈ ਗੱਡੀ ਵਿੱਚ ਬੈਠਣ ਲੱਗੇ ਤਾਂ ਕੁਝ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਕਥਿਤ ਉੱਤੇ ਗੋਲੀਆਂ ਚਲਾਈਆਂ।

ਇਸ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ।

ਮਨਦੀਪ ਸਿੰਘ ਦੀ ਡਿਊਟੀ ਭੁਪਿੰਦਰ ਸਿੰਘ ਟਿੰਮੀ ਨਾਲ ਸੁਰੱਖਿਆ ਕਰਮੀ ਵਜੋਂ ਲਗਾਈ ਗਈ ਸੀ।

ਭੁਪਿੰਦਰ ਸਿੰਘ ਟਿਮੀ ਨੂੰ ਕਥਿਤ ਤੌਰ ਉਪਰ ਧਮਕੀਆਂ ਮਿਲ ਚੁੱਕੀਆਂ ਸਨ।

ਉਨ੍ਹਾਂ ਕੋਲੋਂ ਫਿਰੌਤੀ ਦੀ ਮੰਗ ਕੀਤੀ ਜਾ ਚੁੱਕੀ ਹੈ ਜਿਸ ਕਾਰਨ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ

ਏਡੀਜੀਪੀ, ਲਾਅ ਐਂਡ ਆਰਡਰ ਅਰਪਿਰ ਸ਼ੁਕਲਾ ਨੇ ਕਿਹਾ, “ਇਹ ਗੈਂਗਸਟਰਾਂ ਦਾ ਕੰਮ ਹੈ। ਅਸੀਂ ਟੀਮਾਂ ਬਣਾ ਦਿੱਤੀਆਂ ਹਨ। ਸਾਡੇ ਕੋਲ ਕੁਝ ਲੀਡ ਹੈ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਅਪਰਾਧੀ ਜਲਦੀ ਤੋਂ ਜਲਦੀ ਫੜ ਲਏ ਜਾਣਗੇ।”

ਸ਼ੁਕਲਾ ਮੁਤਾਬਕ, “ਸਾਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਅਤੇ ਹੋਰ ਵੀ ਕਈ ਜਾਣਕਾਰੀਆਂ ਹਨ। ਅਸੀਂ ਇਸ ਉਪਰ ਕੰਮ ਕਰ ਰਹੇ ਹਾਂ। ਪੁਲਿਸ ਅਜਿਹੇ ਲੋਕਾਂ ਖਿਲਾਫ਼ ਕਾਰਵਾਈ ਕਰਨ ਲਈ ਬਚਨਬੱਧ ਹੈ।”

ਮਨਦੀਪ ਸਿੰਘ ਦੇ ਪਰਿਵਾਰ ਨੂੰ 1 ਕਰੋੜ- ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਉੱਤੇ ਦੁੱਖ ਜ਼ਾਹਿਰ ਕੀਤਾ ਹੈ।

ਉਨ੍ਹਾਂ ਟਵੀਟ ਕੀਤਾ, ‘‘ਕਾਂਸਟੇਬਲ ਮਨਦੀਪ ਸਿੰਘ ਦੀ ਸ਼ਹਾਦਤ ਨੂੰ ਸਲਾਮ ਹੈ।  ਪੰਜਾਬ ਸਰਕਾਰ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਕਰੋੜ ਦਾ ਮੁਆਵਜ਼ਾ ਦੇਵੇਗੀ। ਇੱਕ ਕਰੋੜ ਦੀ ਬੀਮੇ ਰਕਮ ਵੀ ਅਦਾ ਕੀਤੀ ਜਾਵੇਗੀ।’’

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ।

ਉਨ੍ਹਾਂ ਟਵੀਟ ਕੀਤਾ, ‘‘ਹਲਾਤ ਏ ਪੰਜਾਬ !! ਆਏ ਦਿਨ ਕਾਰੋਬਾਰੀਆਂ ਨੂੰ ਧਮਕੀਆਂ, ਫਿਰੌਤੀਆਂ ਤੇ ਫਿਰ ਕਤਲ ! ਪੁਲਿਸ ਨੌਜਵਾਨ ਦਾ ਵੀ ਕਤਲ ! ਕੀ ਇਹੀ ਹੈ ਬਦਲਾਵ? ਭਗਵੰਤ ਮਾਨ ਦੇ ਝੂਠੇ ਦਾਅਵੇ ਕਿ ਅਸੀਂ ਗੈਂਗਸਟਰਾਂ ਨੂੰ ਨੱਥ ਪਾ ਰਹੇ ਹਾਂ। ਸਰਕਾਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ’ਚ ਪੂਰੀ ਤਰਾਂ ਫੇਲ੍ਹ ਸਾਬਿਤ ਹੋਈ ਹੈ।’’

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਦੁੱਖ ਜ਼ਾਹਿਰ ਕੀਤਾ।

ਉਨ੍ਹਾਂ ਕਿਹਾ, ‘‘ਨਕੋਦਰ ਵਿਖੇ ਹੋਏ ਹਮਲੇ ’ਚ ਕਾਂਸਟੇਬਲ ਮਨਦੀਪ ਸਿੰਘ ਦੀ ਮੌਤ 'ਤੇ ਮੈਨੂੰ ਡੂੰਘਾ ਦੁੱਖ ਹੈ। ਪਰਮਾਤਮਾ ਉਸ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।’’