ਨਾਸਿਕ: ਜਿਣਸੀ ਸੋਸ਼ਣ ਮਾਮਲੇ ਵਿੱਚ ਮਲਟੀ ਨੈਸ਼ਨਲ ਕੰਪਨੀ ਦੇ ਮੁਲਜ਼ਮ ਕਰਮਚਾਰੀਆਂ ਖ਼ਿਲਾਫ਼ ਕਾਰਵਾਈ

ਤਸਵੀਰ ਕੈਪਸ਼ਨ, ਮੁਲਜ਼ਮ ਨੂੰ ਲਿਜਾਂਦੀ ਹੋਈ ਪੁਲਿਸ
    • ਲੇਖਕ, ਪ੍ਰਵੀਣ ਠਾਕਰੇ
    • ਰੋਲ, ਬੀਬੀਸੀ ਮਰਾਠੀ
  • ਪੜ੍ਹਨ ਦਾ ਸਮਾਂ: 5 ਮਿੰਟ

ਨਾਸਿਕ ਦੀ ਇੱਕ ਮਲਟੀ ਨੈਸ਼ਨਲ ਕੰਪਨੀ ਦੀਆਂ ਅੱਠ ਮਹਿਲਾਵਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਧਮਕਾਇਆ ਗਿਆ, ਛੇੜਛਾੜ ਕੀਤੀ ਗਈ, ਜਿਣਸੀ ਸ਼ੋਸ਼ਣ ਕੀਤਾ ਗਿਆ ਅਤੇ ਮਾਨਸਿਕ ਰੂਪ ਤੋਂ ਪਰੇਸ਼ਾਨ ਕੀਤਾ ਗਿਆ।

ਇਸ ਮਾਮਲੇ ਵਿੱਚ ਮੁੰਬਈ ਨਾਕਾ ਪੁਲਿਸ ਸਟੇਸ਼ਨ ਵਿੱਚ ਅੱਠ ਅਤੇ ਦੇਵਲਾਲੀ ਪੁਲਿਸ ਸਟੇਸ਼ਨ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਦੋ ਮਹਿਲਾਵਾਂ ਅਤੇ ਛੇ ਆਦਮੀ ਸ਼ਾਮਲ ਹਨ।

ਇਨ੍ਹਾਂ ਵਿੱਚੋਂ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਮਹਿਲਾ ਮੁਲਜ਼ਮ ਫਰਾਰ ਹੈ।

Sorry, we can’t display this part of the story on this lightweight mobile page.

ਜਿਨ੍ਹਾਂ ਕਰਮਚਾਰੀਆਂ ਨੂੰ ਪੁਲਿਸ ਨੇ ਮੁਲਜ਼ਮ ਮੰਨ ਕੇ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਨੂੰ ਸਬੰਧਤ ਮਲਟੀ ਨੈਸ਼ਨਲ ਕੰਪਨੀ ਨੇ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਇਸ ਮਸਲੇ 'ਤੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਬਿਆਨ ਵੀ ਜਾਰੀ ਕੀਤਾ ਹੈ।

ਦਰਜ ਸ਼ਿਕਾਇਤ ਵਿੱਚ ਇਹ ਵੀ ਇਲਜ਼ਾਮ ਹੈ ਕਿ ਪੀੜਤ ਮਹਿਲਾਵਾਂ 'ਤੇ ਧਰਮ ਪਰਿਵਰਤਨ ਲਈ ਵੀ ਦਬਾਅ ਪਾਇਆ ਗਿਆ।

ਇਸ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ। ਮੁਲਜ਼ਮ, ਕੰਪਨੀ ਵਿੱਚ ਸੀਨੀਅਰ ਅਹੁਦਿਆਂ 'ਤੇ ਹਨ। ਉਨ੍ਹਾਂ ਵਿੱਚੋਂ ਕੁਝ ਕੰਪਿਊਟਰ ਇੰਜੀਨੀਅਰ ਹਨ ਅਤੇ ਕਈ ਟੀਮ ਲੀਡਰ ਹਨ।

ਮਾਮਲੇ ਵਿੱਚ ਮਲਟੀ ਨੈਸ਼ਨਲ ਕੰਪਨੀ ਦਾ ਬਿਆਨ

ਤਸਵੀਰ ਕੈਪਸ਼ਨ, ਪੁਲਿਸ ਦੀ ਗ੍ਰਿਫ਼ਤ ਵਿੱਚ ਮੁਲਜ਼ਮ

ਉਕਤ ਮਲਟੀ ਨੈਸ਼ਨਲ ਕੰਪਨੀ ਨੇ ਇਸ ਮਾਮਲੇ ਵਿੱਚ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਕੰਪਨੀ ਦੇ ਬੁਲਾਰੇ ਨੇ ਕਿਹਾ, "ਸਾਡੀ ਕੰਪਨੀ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਖ਼ਿਲਾਫ਼ ਜ਼ੀਰੋ ਟੌਲਰੈਂਸ (ਬਿਲਕੁਲ ਨਾ ਬਰਦਾਸ਼ਤ) ਨੀਤੀ ਰੱਖਦੀ ਹੈ। ਅਸੀਂ ਹਮੇਸ਼ਾ ਆਪਣੇ ਕਰਮਚਾਰੀਆਂ ਦੀ ਸੁਰੱਖਿਆ, ਮਾਣ-ਸਤਿਕਾਰ ਅਤੇ ਭਲਾਈ ਦੇ ਉੱਚ ਮਿਆਰਾਂ ਨੂੰ ਸੁਨਿਸ਼ਚਿਤ ਕੀਤਾ ਹੈ।"

"ਨਾਸਿਕ ਵਿੱਚ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ, ਅਸੀਂ ਤੁਰੰਤ ਕਾਰਵਾਈ ਕੀਤੀ ਅਤੇ ਅੰਦਰੂਨੀ ਜਾਂਚ ਪ੍ਰਕਿਰਿਆ ਆਰੰਭ ਦਿੱਤੀ ਹੈ। ਜਾਂਚ ਖਤਮ ਹੋਣ ਤੱਕ ਮੁਲਜ਼ਮ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।"

ਕੰਪਨੀ ਦੇ ਬੁਲਾਰੇ ਨੇ ਅੱਗੇ ਕਿਹਾ, "ਅਸੀਂ ਸਥਾਨਕ ਕਾਨੂੰਨੀ ਅਥਾਰਟੀਜ਼ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ। ਅਗਲੀ ਕਾਰਵਾਈ, ਜਾਂਚ ਦੇ ਨਤੀਜਿਆਂ 'ਤੇ ਅਧਾਰਤ ਹੋਵੇਗੀ।"

ਤਸਵੀਰ ਕੈਪਸ਼ਨ, ਸੰਦੀਪ ਮਿਟਕੇ, ਸਹਾਇਕ ਪੁਲਿਸ ਕਮਿਸ਼ਨਰ, ਨਾਸਿਕ ਪੁਲਿਸ

ਐੱਚਆਰ ਵਿਭਾਗ 'ਤੇ ਵੀ ਐਫਆਈਆਰ ਦਰਜ

ਪੀੜਤ ਮਹਿਲਾਵਾਂ ਨੇ ਮਾਮਲੇ ਵਿੱਚ ਸਬੰਧਤ ਕੰਪਨੀ ਦੇ ਹਿਊਮਨ ਰਿਸੋਰਸ ਵਿਭਾਗ ਖਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਆਪਣੀ ਸ਼ਿਕਾਇਤ ਵਿੱਚ ਮਹਿਲਾਵਾਂ ਨੇ ਕਿਹਾ ਹੈ ਕਿ ਹਿਊਮਨ ਰਿਸੋਰਸ ਵਿਭਾਗ, ਇਸ ਕੇਸ ਵਿੱਚ ਕੋਈ ਵੀ ਕਾਰਵਾਈ ਕਰਨ 'ਚ ਨਾਕਾਮ ਰਿਹਾ ਹੈ।

ਨਤੀਜੇ ਵਜੋਂ, ਸਬੰਧਤ ਮਲਟੀਨੈਸ਼ਨਲ ਕੰਪਨੀ ਦੀ ਪੂਣੇ ਬ੍ਰਾਂਚ ਵਿੱਚ ਹਿਊਮਨ ਰਿਸੋਰਸ ਵਿਭਾਗ ਦੀ ਇੱਕ ਮਹਿਲਾ ਕਰਮਚਾਰੀ ਖ਼ਿਲਾਫ਼ ਵੀ ਕੇਸ ਦਰਜ ਹੋਇਆ ਹੈ।

ਆਪਣੀਆਂ ਸ਼ਿਕਾਇਤਾਂ ਵਿੱਚ ਮਹਿਲਾਵਾਂ ਨੇ ਇਲਜ਼ਾਮ ਲਗਾਇਆ ਹੈ ਕਿ ਮੁਲਜ਼ਮਾਂ ਨੇ ਕਈ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਿਵੇਂ ਕਿ ਸਰੀਰਕ ਤੌਰ 'ਤੇ ਛੂਹਣਾ, ਸਰੀਰਕ ਦਿੱਖ ਤੇ ਪਹਿਰਾਵੇ ਬਾਰੇ ਟਿੱਪਣੀਆਂ ਕਰਨਾ, ਉਨ੍ਹਾਂ ਦੇ ਧਰਮ ਬਾਰੇ ਵਿਅੰਗਮਈ ਟਿੱਪਣੀਆਂ ਕਰਨਾ ਜਿਨ੍ਹਾਂ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ।

ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ "ਮੁਲਜ਼ਮ, ਪੀੜਤ ਮਹਿਲਾਵਾਂ ਨੂੰ ਮਾਸਾਹਾਰੀ ਭੋਜਨ ਖਾਣ ਲਈ ਮਜਬੂਰ ਕਰਦੇ ਸਨ ਅਤੇ ਧਰਮ ਪਰਿਵਰਤਨ ਦੇ ਮਕਸਦ ਨਾਲ ਉਨ੍ਹਾਂ ਦੀ ਮਾਨਸਿਕਤਾ ਬਦਲਣ ਦੀ ਕੋਸ਼ਿਸ਼ ਕਰਦੇ ਸਨ। ਸ਼ਿਕਾਇਤਕਰਤਾ ਮਹਿਲਾਵਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਇਹ ਘਟਨਾਵਾਂ 2022 ਤੋਂ ਲਗਾਤਾਰ ਹੋ ਰਹੀਆਂ ਹਨ।"

ਪੁਲਿਸ ਇਨ੍ਹਾਂ ਸਾਰੇ ਇਲਜ਼ਾਮਾਂ ਬਾਰੇ ਤਕਨੀਕੀ ਅਤੇ ਹੋਰ ਸਾਰੇ ਸਬੂਤਾਂ ਦੇ ਅਧਾਰ 'ਤੇ ਜਾਂਚ ਕਰ ਰਹੀ ਹੈ।

ਵਿਸ਼ੇਸ਼ ਜਾਂਚ ਟੀਮ ਦਾ ਗਠਨ

ਇਸ ਕੇਸ ਦੇ ਦਾਇਰੇ ਨੂੰ ਧਿਆਨ ਵਿੱਚ ਰੱਖਦਿਆਂ, ਇੱਕ ਸਹਾਇਕ ਪੁਲਿਸ ਕਮਿਸ਼ਨਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਿੱਚ 12 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹਨ।

10 ਅਪ੍ਰੈਲ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ, ਸਹਾਇਕ ਪੁਲਿਸ ਕਮਿਸ਼ਨਰ ਸੰਦੀਪ ਮਿਟਕੇ ਨੇ ਕਿਹਾ, "ਇਸ ਮਲਟੀ ਨੈਸ਼ਨਲ ਕੰਪਨੀ ਖ਼ਿਲਾਫ਼ ਮਹਿਲਾਵਾਂ ਨਾਲ ਛੇੜਛਾੜ, ਜਿਨਸੀ ਅਤੇ ਮਾਨਸਿਕ ਪਰੇਸ਼ਾਨੀ ਤੋਂ ਲੈ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਤਹਿਤ 9 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਕੇਸਾਂ ਦੇ ਸਬੰਧ ਵਿੱਚ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।"

"ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਪੁਲਿਸ ਕਮਿਸ਼ਨਰ ਸੰਦੀਪ ਕਰਨਿਕ ਦੇ ਹੁਕਮਾਂ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕ੍ਰਾਈਮ ਬ੍ਰਾਂਚ ਦੇ ਸਹਾਇਕ ਪੁਲਿਸ ਕਮਿਸ਼ਨਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।"

ਇਸ ਤੋਂ ਇਲਾਵਾ, ਉਨ੍ਹਾਂ ਨੇ ਇੱਕ ਅਪੀਲ ਜਾਰੀ ਕਰਦਿਆਂ ਕਿਹਾ, "ਜੇ ਕੋਈ ਵੀ ਮਹਿਲਾ ਛੇੜਛਾੜ ਜਾਂ ਪਰੇਸ਼ਾਨੀ ਦੇ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਸੀ.ਪੀ ਦੇ ਵਟਸਐਪ ਨੰਬਰ-9923323311- 'ਤੇ ਸੰਦੇਸ਼ ਭੇਜੋ ਜਾਂ 112 ਨੰਬਰ 'ਤੇ ਕੰਟਰੋਲ ਰੂਮ ਵਿੱਚ ਸੰਪਰਕ ਕਰੋ। "

ਮੁਲਜ਼ਮਾਂ ਦੇ ਵਕੀਲ ਨੇ ਕੀ ਕਿਹਾ ?

ਤਸਵੀਰ ਕੈਪਸ਼ਨ, ਮੁਲਜ਼ਮਾਂ ਦੇ ਵਕੀਲ ਬਾਬਾ ਸਈਅਦ ਦਾ ਕਹਿਣਾ ਹੈ ਕਿ ਦੋਹਾਂ ਧਿਰਾਂ ਵਿੱਚ ਗਲਤ ਫ਼ਹਿਮੀ ਹੋ ਗਈ ਹੈ।

ਕੇਸ ਦੇ ਸਬੰਧ ਵਿੱਚ ਮੁਲਜ਼ਮਾਂ ਦੇ ਵਕੀਲ ਬਾਬਾ ਸਈਅਦ ਨੇ 10 ਅਪ੍ਰੈਲ ਨੂੰ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।

ਉਨ੍ਹਾਂ ਨੇ ਕਿਹਾ, "ਕੇਸ ਵਿੱਚ ਸ਼ਾਮਲ ਸਾਰੇ ਵਿਅਕਤੀ ਇੱਕ ਮਲਟੀ ਨੈਸ਼ਨਲ ਕੰਪਨੀ ਵਿੱਚ ਇਕੱਠੇ ਕੰਮ ਕਰਦੇ ਸਨ। 'ਓਪਨ ਕੈਬਿਨ' ਆਫਿਸ ਕਲਚਰ ਕਾਰਨ, ਉਨ੍ਹਾਂ ਸਾਰਿਆਂ ਵਿੱਚ ਗੂੜ੍ਹੀ ਦੋਸਤੀ ਸੀ। ਨਤੀਜੇ ਵਜੋਂ, ਸ਼ਿਕਾਇਤਕਰਤਾ ਅਤੇ ਮੁਲਜ਼ਮਾਂ ਵਿਚਕਾਰ ਗਲਤਫ਼ਹਿਮੀ ਪੈਦਾ ਹੋ ਗਈ ਹੈ।"

"ਇਹ ਇੱਕ ਬੇਹਦ ਸੰਵੇਦਨਸ਼ੀਲ ਮਾਮਲਾ ਹੈ। ਐਫ.ਆਈ.ਆਰ ਦੀ ਪੂਰੀ ਕਾਪੀ ਹਾਲੇ ਪ੍ਰਾਪਤ ਨਹੀਂ ਹੋਈ ਹੈ। ਭਾਰਤੀ ਨਿਆ ਸਹਿਤਾਂ ਤਹਿਤ ਵੱਧ ਤੋਂ ਵੱਧ ਨਿਰਧਾਰਤ ਸਜ਼ਾ ਤਿੰਨ ਸਾਲ ਦੀ ਕੈਦ ਹੈ। ਧਰਮ ਪਰਿਵਰਤਨ ਮਸਲੇ ਬਾਰੇ ਸਪਸ਼ਟਤਾ ਐਫ.ਆਈ.ਆਰ ਦੀ ਸਮੀਖਿਆ ਤੋਂ ਬਾਅਦ ਹੀ ਆਵੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)