ਕੈਂਸਰ ਨੂੰ ਖ਼ਤਮ ਕਰਨ ਵਿੱਚ ਕਿੰਨੀ ਅਸਰਦਾਰ ਸਾਬਿਤ ਹੋ ਰਹੀ ਹੈ ਇਮਿਊਨੋਥੈਰੇਪੀ

ਤਸਵੀਰ ਸਰੋਤ, Emmanuel Lafont/ BBC

ਤਸਵੀਰ ਕੈਪਸ਼ਨ, ਜੇ ਸਭ ਕੁਝ ਠੀਕ ਤਰ੍ਹਾਂ ਕੰਮ ਕਰ ਰਿਹਾ ਹੋਵੇ, ਤਾਂ ਇਸ ਵਿੱਚ ਉਹ ਕੋਸ਼ਿਕਾਵਾਂ ਵੀ ਸ਼ਾਮਲ ਹੋਣੀਆਂ ਚਾਹੀਦੀਆਂ ਹਨ ਜੋ ਕੈਂਸਰਸ ਬਣ ਗਈਆਂ ਹਨ
    • ਲੇਖਕ, ਜੇਮੀ ਡੁਚਾਰਮ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 10 ਮਿੰਟ

ਲਗਭਗ 100 ਸਾਲਾਂ ਦੇ ਸਫਰ ਬਾਅਦ, ਉਹ ਇਲਾਜ ਜੋ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ ਤਾਂ ਜੋ ਉਹ ਕੈਂਸਰ ਨਾਲ ਲੜ ਸਕੇ, ਹੁਣ ਆਪਣੀ ਪੂਰੀ ਸਮਰੱਥਾ ਵਿੱਚ ਆ ਰਹੇ ਹਨ ਅਤੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾ ਰਹੇ ਹਨ।

ਜਦੋਂ 71 ਸਾਲ ਦੀ ਮੌਰੀਨ ਸਾਈਡੇਰਿਸ ਦਾ 2008 ਵਿੱਚ ਕੋਲਨ ਕੈਂਸਰ ਲਈ ਇਲਾਜ ਕੀਤਾ ਗਿਆ, ਤਾਂ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਪਈ। ਉਨ੍ਹਾਂ ਦਾ ਇਲਾਜ ਸਫ਼ਲ ਰਿਹਾ, ਪਰ ਆਪਰੇਸ਼ਨ ਤੋਂ ਬਾਅਦ ਦੀ ਠੀਕ ਹੋਣ ਦੀ ਪ੍ਰਕਿਰਿਆ ਬਹੁਤ ਮੁਸ਼ਕਲ ਸੀ।

ਚੌਦਾਂ ਸਾਲ ਬਾਅਦ, ਨਿਊਯਾਰਕ ਵਿੱਚ ਰਹਿੰਦੀ ਸਾਈਡੇਰਿਸ ਨੂੰ ਈਸੋਫੇਜੀਅਲ ਕੈਂਸਰ ਹੋਣ ਦੀ ਪਛਾਣ ਹੋਈ।

ਇਸ ਵਾਰ ਉਨ੍ਹਾਂ ਦਾ ਇਲਾਜ ਇੱਕ ਕਲੀਨਿਕਲ ਟਰਾਇਲ ਰਾਹੀਂ ਕੀਤਾ ਗਿਆ ਸੀ ਇਹ ਬਿਲਕੁਲ ਵੱਖਰਾ ਸੀ। ਹਰ ਤਿੰਨ ਹਫ਼ਤਿਆਂ ਬਾਅਦ, ਉਹ ਨਿਊਯਾਰਕ ਸਿਟੀ ਦੇ ਮੈਮੋਰੀਅਲ ਸਲੋਅਨ ਕੇਟਰਿੰਗ ਕੈਂਸਰ ਸੈਂਟਰ ਜਾਂਦੀ ਸੀ, ਜਿੱਥੇ ਉਨ੍ਹਾਂ ਨੂੰ 45 ਮਿੰਟ ਲੰਬੀਆਂ ਦਵਾਈ ਦੀਆਂ ਇਨਫਿਊਜ਼ਨ ਦਿੱਤੀਆਂ ਜਾਂਦੀਆਂ ਸਨ, ਜਿਸ ਦਵਾਈ ਦਾ ਨਾਮ ਦੋਸਤਾਰਲਿਮਾਬ ਸੀ।

Sorry, we can’t display this part of the story on this lightweight mobile page.

ਸਿਰਫ਼ ਚਾਰ ਮਹੀਨਿਆਂ ਦੇ ਇਲਾਜ ਤੋਂ ਬਾਅਦ, ਸਾਈਡੇਰਿਸ ਦਾ ਟਿਊਮਰ ਗਾਇਬ ਹੋ ਗਿਆ, ਉਹ ਵੀ ਬਿਨਾਂ ਸਰਜਰੀ, ਕੀਮੋਥੈਰੇਪੀ ਜਾਂ ਰੇਡੀਏਸ਼ਨ ਦੇ। ਪਰ ਉਨ੍ਹਾਂ ਇਸ ਨਾਲ ਐਡਰੀਨਲ ਇਨਸਫਿਸ਼ੈਂਸੀ ਨਾਮ ਦਾ ਵੱਡਾ ਸਾਈਡ ਇਫੈਕਟ ਹੋਇਆ, ਜਿਸ ਨਾਲ ਥਕਾਵਟ ਹੁੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਇਹ ਯਕੀਨ ਤੋਂ ਪਰੇ ਹੈ। ਇਹ ਲਗਭਗ ਸਾਇੰਸ ਫਿਕਸ਼ਨ ਵਰਗਾ ਲੱਗਦਾ ਹੈ।"

ਫਿਰ ਵੀ, ਇਹ ਸੱਚ ਹੈ। ਸਾਈਡੇਰਿਸ ਉਨ੍ਹਾਂ ਮਰੀਜ਼ਾਂ ਵਿੱਚੋਂ ਇੱਕਹੈ ਜੋ ਕੈਂਸਰ ਲਈ ਇਮਿਊਨੋਥੈਰੇਪੀ ਤੋਂ ਲਾਭ ਲੈ ਰਹੇ ਹਨ। ਇਹ ਇਲਾਜ ਦਾ ਇੱਕ ਤਰੀਕਾ ਹੈ ਜੋ ਇੱਕ ਸਦੀ ਤੋਂ ਵੱਧ ਦੇ ਵਿਕਾਸ ਬਾਅਦ ਹੁਣ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਹੋ ਰਿਹਾ ਹੈ। ਇਸ ਨਾਲ ਵਿਅਕਤੀਗਤ ਇਲਾਜ, ਲੰਬੇ ਸਮੇਂ ਲਈ ਕੈਂਸਰ ਤੋਂ ਰਾਹਤ ਅਤੇ ਕੀਮੋਥੈਰੇਪੀ ਤੇ ਰੇਡੀਓਥੈਰੇਪੀ ਨਾਲੋਂ ਘੱਟ ਸਾਈਡ ਇਫੈਕਟਸ ਦਾ ਵਾਅਦਾ ਮਿਲਦਾ ਹੈ।

ਟੈਕਸਸ ਦੇ ਐਮਡੀ ਐਂਡਰਸਨ ਕੈਂਸਰ ਸੈਂਟਰ ਵਿੱਚ ਸਰਜੀਕਲ ਓਨਕੋਲੋਜੀ ਦੀ ਪ੍ਰੋਫੈਸਰ ਅਤੇ ਇਮਿਊਨੋਥੈਰੇਪੀ ਦੀ ਖੋਜਕਰਤਾ ਜੈਨਿਫਰ ਵਾਰਗੋ ਦਾ ਕਹਿਣਾ ਹੈ, "ਮੈਂ ਭਾਵੁਕ ਹੋ ਜਾਂਦੀ ਹਾਂ ਅਤੇ ਮੇਰੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਲੋਕ ਜੀਅ ਰਹੇ ਹਨ ਅਤੇ ਚੰਗੀ ਜ਼ਿੰਦਗੀ ਜਿਉਂ ਰਹੇ ਹਨ। ਅਸੀਂ ਇਲਾਜ ਦੀ ਗੱਲ ਕਰ ਰਹੇ ਹਾਂ।"

ਅਮਰੀਕੀ ਗ਼ੈਰ-ਮੁਨਾਫ਼ਾ ਸੰਸਥਾ ਪਾਰਕਰ ਇੰਸਟੀਚਿਊਟ ਫ਼ਾਰ ਕੈਂਸਰ ਇਮਿਊਨੋਥੈਰੇਪੀ ਦੀ ਮੁੱਖ ਕਾਰਜਕਾਰੀ ਮੁਖੀ ਕਰੇਨ ਕਨੁਡਸਨ ਸਮਝਾਉਂਦੇ ਹਨ ਕਿ ਸਰੀਰ ਵਿੱਚ ਕੁਦਰਤੀ ਸਮਰੱਥਾ ਹੁੰਦੀ ਹੈ ਕਿ ਉਹ "ਉਨ੍ਹਾਂ ਕੋਸ਼ਿਕਾਵਾਂ ਨੂੰ ਪਛਾਣੇ ਅਤੇ ਖ਼ਤਮ ਕਰੇ ਜੋ ਤੁਹਾਡੇ ਵਰਗੀਆਂ ਨਹੀਂ ਲੱਗਦੀਆਂ।"

ਜੇ ਸਭ ਕੁਝ ਠੀਕ ਤਰ੍ਹਾਂ ਕੰਮ ਕਰ ਰਿਹਾ ਹੋਵੇ, ਤਾਂ ਇਸ ਵਿੱਚ ਉਹ ਕੋਸ਼ਿਕਾਵਾਂ ਵੀ ਸ਼ਾਮਲ ਹੋਣੀਆਂ ਚਾਹੀਦੀਆਂ ਹਨ ਜੋ ਕੈਂਸਰਸ ਬਣ ਗਈਆਂ ਹਨ। ਪਰ ਕਈ ਵਾਰ, ਕੈਂਸਰ ਕੋਸ਼ਿਕਾਵਾਂ ਇਸ ਪ੍ਰਣਾਲੀ ਤੋਂ ਬਚ ਜਾਂਦੀਆਂ ਹਨ ਜਾਂ ਇਸਨੂੰ ਮਾਤ ਦੇ ਦਿੰਦੀਆਂ ਹਨ, ਜਿਸ ਨਾਲ ਖ਼ਤਰਨਾਕ ਅਤੇ ਬੇਕਾਬੂ ਵਾਧਾ ਹੁੰਦਾ ਹੈ। ਉਹ ਸਿਹਤਮੰਦ ਕੋਸ਼ਿਕਾਵਾਂ ਵਿਚਾਲੇ ਹੀ ਲੁਕ ਜਾਂਦੀਆਂ ਹਨ ਅਤੇ ਆਲੇ-ਦੁਆਲੇ ਦੀਆਂ ਸਿਹਤਮੰਦ ਕੋਸ਼ਿਕਾਵਾਂ ਤੋਂ ਵੱਖ ਨਹੀਂ ਲੱਗਦੀਆਂ।

ਇਮਿਊਨੋਥੈਰੇਪੀ ਦਾ ਮਕਸਦ ਇਨ੍ਹਾਂ ਕੈਂਸਰ ਕੋਸ਼ਿਕਾਵਾਂ ਨੂੰ ਬੇਨਕਾਬ ਕਰਨਾ ਹੈ ਤਾਂ ਜੋ ਰੋਗ-ਪ੍ਰਤੀਰੋਧਕ ਪ੍ਰਣਾਲੀ ਉਹਨਾਂ ਨੂੰ ਅਸਲ ਰੂਪ ਵਿੱਚ ਪਛਾਣ ਸਕੇ। ਇਹ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ ਤਾਂ ਜੋ ਉਹ ਕੈਂਸਰ ਕੋਸ਼ਿਕਾਵਾਂ ਨੂੰ ਲੱਭ ਕੇ ਨਸ਼ਟ ਕਰ ਸਕੇ ਅਤੇ ਇਸ ਦੇ ਨਤੀਜੇ ਹੈਰਾਨ ਕਰਨ ਵਾਲੇ ਹੋ ਸਕਦੇ ਹਨ।

ਤਸਵੀਰ ਸਰੋਤ, Emmanuel Lafont/ BBC

ਤਸਵੀਰ ਕੈਪਸ਼ਨ, ਕੈਂਸਰ ਕੋਸ਼ਿਕਾਵਾਂ ਅਕਸਰ ਆਲੇ-ਦੁਆਲੇ ਦੀਆਂ ਸਿਹਤਮੰਦ ਕੋਸ਼ਿਕਾਵਾਂ ਵਰਗੀਆਂ ਲੱਗਦੀਆਂ ਹਨ, ਇਸ ਲਈ ਰੋਗ-ਪ੍ਰਤੀਰੋਧਕ ਪ੍ਰਣਾਲੀ ਨੂੰ ਉਨ੍ਹਾਂ ਨੂੰ ਪਛਾਨਣ ਲਈ ਇਸ਼ਾਰਿਆਂ ਦੀ ਲੋੜ ਪੈਂਦੀ ਹੈ

ਅੱਜ ਇਮਿਊਨੋਥੈਰੇਪੀ ਕਿਵੇਂ ਕੈਂਸਰ ਨਾਲ ਲੜਦੀ ਹੈ

ਇਮਿਊਨੋਥੈਰੇਪੀ ਦੇ ਦੋ ਸਭ ਤੋਂ ਮਸ਼ਹੂਰ ਤਰੀਕੇ ਹਨ ਸੀਏਆਰ ਟੀ-ਸੈੱਲ ਥੈਰੇਪੀ ਅਤੇ ਇਮਿਊਨ ਚੈਕਪੋਇੰਟ ਇਨਹਿਬਿਟਰ।

ਸੀਏਆਰ ਟੀ-ਸੈੱਲ ਥੈਰੇਪੀ ਵਿੱਚ ਮਰੀਜ਼ ਦੇ ਖੂਨ ਤੋਂ ਟੀ ਸੈੱਲ (ਉਹ ਖ਼ਾਸ ਰੋਗ-ਪ੍ਰਤੀਰੋਧਕ ਕੋਸ਼ਿਕਾਵਾਂ ਜੋ ਖ਼ਾਸ ਦੁਸ਼ਮਣਾਂ ਨੂੰ ਲੱਭ ਕੇ ਮਾਰਦੀਆਂ ਹਨ) ਕੱਢੀਆਂ ਜਾਂਦੀਆਂ ਹਨ, ਫਿਰ ਲੈਬ ਵਿੱਚ ਉਨ੍ਹਾਂ ਨੂੰ ਇਸ ਤਰ੍ਹਾਂ ਬਦਲਿਆ ਜਾਂਦਾ ਹੈ ਕਿ ਉਹ ਕੈਂਸਰ ਕੋਸ਼ਿਕਾਵਾਂ ਨੂੰ ਲੱਭ ਕੇ ਹਮਲਾ ਕਰ ਸਕਣ ਅਤੇ ਫਿਰ ਇਹ ਮਜ਼ਬੂਤ ਕੀਤੀਆਂ ਟੀ ਸੈੱਲ ਮੁੜ ਸਰੀਰ ਵਿੱਚ ਛੱਡ ਦਿੱਤੀਆਂ ਜਾਂਦੀਆਂ ਹਨ। ਇਹ ਥੈਰੇਪੀ ਇਸ ਸਮੇਂ ਖੂਨ ਦੇ ਕੈਂਸਰ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹੈ।

ਇਸ ਦੇ ਉਲਟ, ਇਮਿਊਨ ਚੈਕਪੁਆਇੰਟ ਇਨਹਿਬਿਟਰ ਉਹ ਦਵਾਈਆਂ ਹਨ ਜੋ ਰੋਗ-ਪ੍ਰਤੀਰੋਧਕ ਪ੍ਰਣਾਲੀ ਦੇ ਅੰਦਰਲੇ "ਆਫ" ਸਵਿੱਚ ਨੂੰ ਬੇਅਸਰ ਕਰ ਦਿੰਦੀਆਂ ਹਨ। ਇਹ ਸੁਰੱਖਿਆ ਪ੍ਰਣਾਲੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਇਹ ਸਰੀਰ ਨੂੰ ਆਪਣੇ ਹੀ ਸਿਹਤਮੰਦ ਸੈੱਲਾਂ 'ਤੇ ਹਮਲਾ ਕਰਨ ਤੋਂ ਬਚਾਉਂਦੀ ਹੈ।

ਪਰ ਕੁਝ ਕੈਂਸਰ ਕੋਸ਼ਿਕਾਵਾਂ ਇਸ "ਆਫ" ਸਵਿੱਚ ਨੂੰ ਚਾਲੂ ਕਰ ਦਿੰਦੀਆਂ ਹਨ, ਜਿਸ ਨਾਲ ਟੀ ਸੈੱਲ ਹਮਲਾ ਕਰਨਾ ਰੋਕ ਦਿੰਦੀਆਂ ਹਨ ਅਤੇ ਕੈਂਸਰ ਬਚ ਨਿਕਲਦਾ ਹੈ। ਇਮਿਊਨ ਚੈਕਪੁਆਇੰਟ ਇਨਹਿਬਿਟਰ ਇਸਨੂੰ ਰੋਕਦੇ ਹਨ, ਜਿਸ ਨਾਲ ਟੀ ਸੈੱਲ ਕੈਂਸਰ ਨੂੰ ਖਤਰੇ ਵਜੋਂ ਪਛਾਣ ਕੇ ਹਮਲਾ ਕਰਦੀਆਂ ਹਨ।

ਇਸ ਖੋਜ ਨੂੰ ਅੱਗੇ ਵਧਾਉਣ ਵਾਲੇ ਵਿਗਿਆਨੀਆਂ ਨੂੰ 2018 ਵਿੱਚ ਨੋਬਲ ਇਨਾਮ ਮਿਲਿਆ ਸੀ ਅਤੇ ਇਹ ਦਵਾਈਆਂ ਅੱਜ ਕਈ ਕਿਸਮਾਂ ਦੇ ਕੈਂਸਰ ਵਿੱਚ ਵਰਤੀਆਂ ਜਾਂਦੀਆਂ ਹਨ।

ਫਿਰ ਵੀ, ਦੋਵਾਂ ਤਰੀਕਿਆਂ ਦੀਆਂ ਆਪਣੀਆਂ ਸੀਮਾਵਾਂ ਹਨ। ਹਾਲਾਂਕਿ ਖੋਜ ਜਾਰੀ ਹੈ, ਵਿਗਿਆਨੀ ਸੀਏਆਰ ਟੀ-ਸੈੱਲ ਥੈਰੇਪੀ ਨੂੰ ਠੋਸ ਟਿਊਮਰਾਂ (ਖੂਨ ਦੇ ਕੈਂਸਰ ਤੋਂ ਇਲਾਵਾ) 'ਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮੁਸ਼ਕਲ ਮਹਿਸੂਸ ਕਰ ਰਹੇ ਹਨ, ਜੋ ਕਿ 90% ਤੋਂ ਵੱਧ ਨਵੇਂ ਕੇਸਾਂ ਵਿੱਚ ਹੁੰਦੇ ਹਨ। ਇਸ ਤੋਂ ਇਲਾਵਾ, ਇਹ ਇਲਾਜ ਮਹਿੰਗਾ ਹੈ ਅਤੇ ਇਸਨੂੰ ਦੇਣਾ ਵੀ ਔਖਾ ਹੁੰਦਾ ਹੈ।

ਲੰਡਨ ਦੇ ਫ੍ਰਾਂਸਿਸ ਕ੍ਰਿਕ ਇੰਸਟੀਚਿਊਟ ਵਿੱਚ ਮੈਡੀਕਲ ਓਨਕੋਲੋਜਿਸਟ ਸਮਰਾ ਤੁਰਾਜਲਿਕ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ, ਇਮਿਊਨ ਚੈਕਪੁਆਇੰਟ ਇਨਹਿਬਿਟਰ ਨਾਲ "ਕਈ ਕਿਸਮਾਂ ਦੇ ਸਾਈਡ ਇਫੈਕਟ" ਹੋ ਸਕਦੇ ਹਨ।

ਇਹ ਇਸ ਲਈ ਹੁੰਦਾ ਹੈ ਕਿਉਂਕਿ ਰੋਗ-ਪ੍ਰਤੀਰੋਧਕ ਪ੍ਰਣਾਲੀ ਦੇ "ਆਫ" ਸਵਿੱਚ ਸਰੀਰ ਨੂੰ ਆਪਣੀਆਂ ਕੋਸ਼ਿਕਾਵਾਂ 'ਤੇ ਹਮਲਾ ਕਰਨ ਤੋਂ ਰੋਕਣ ਲਈ ਬਣੇ ਹੁੰਦੇ ਹਨ ਅਤੇ ਇਸ ਸੁਰੱਖਿਆ ਨੂੰ ਹਟਾਉਣਾ ਇਸ ਕਰਕੇ ਗ਼ੈਰ-ਕੈਂਸਰਸ ਸੈੱਲਾਂ ਨੂੰ ਵੀ ਖ਼ਤਰੇ ਵਿੱਚ ਪਾ ਸਕਦਾ ਹੈ, ਇਸ ਦੇ ਨਾਲ ਹੀ ਟਿਊਮਰਾਂ ਨੂੰ ਵੀ।

ਅਮਰੀਕੀ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਮੁਤਾਬਕ, ਆਮ ਸਾਈਡ ਇਫੈਕਟ ਵਿੱਚ ਚਮੜੀ 'ਤੇ ਦਾਣੇ, ਦਸਤ ਅਤੇ ਥਕਾਵਟ ਸ਼ਾਮਲ ਹਨ, ਜਦਕਿ ਕਦੇ-ਕਦੇ ਇਹ ਜਿਗਰ, ਦਿਲ ਅਤੇ ਗੁਰਦਿਆਂ ਵਿੱਚ ਸੋਜਿਸ਼ ਦਾ ਕਾਰਨ ਵੀ ਬਣ ਸਕਦਾ ਹੈ।

ਜੇ ਦਵਾਈ ਕਿਸੇ ਖ਼ਤਰਨਾਕ ਕੈਂਸਰ ਨੂੰ ਕਾਬੂ ਕਰ ਲਵੇ, ਤਾਂ ਇਹ ਸਮਝੌਤਾ ਲਾਭਦਾਇਕ ਹੋ ਸਕਦਾ ਹੈ। ਪਰ ਇਹ ਹਮੇਸ਼ਾ ਇਸ ਤਰ੍ਹਾਂ ਕੰਮ ਨਹੀਂ ਕਰਦਾ।

ਤੁਰਾਜਲਿਕ ਦੇ ਅਨੁਸਾਰ, ਪੂਰੇ ਓਨਕੋਲੋਜੀ ਖੇਤਰ ਦੇ ਸਾਹਮਣੇ ਇੱਕ ਵੱਡੀ ਸਮੱਸਿਆ ਇਹ ਹੈ ਕਿ ਕੋਈ ਵੀ ਇਮਿਊਨੋਥੈਰੇਪੀ 100% ਮਰੀਜ਼ਾਂ 'ਤੇ ਕੰਮ ਨਹੀਂ ਕਰਦੀ। ਇਸ ਦੇ ਕਈ ਸੰਭਾਵੀ ਕਾਰਨ ਹਨ, ਜਿਵੇਂ ਕਿ ਟਿਊਮਰ ਦੀ ਬਣਤਰ, ਜਿਸ ਕਾਰਨ ਰੋਗ-ਪ੍ਰਤੀਰੋਧਕ ਪ੍ਰਣਾਲੀ ਲਈ ਉਸ ਤੱਕ ਪਹੁੰਚਣਾ ਔਖਾ ਹੋ ਜਾਂਦਾ ਹੈ, ਜਾਂ ਖੁਦ ਰੋਗ-ਪ੍ਰਤੀਰੋਧਕ ਕੋਸ਼ਿਕਾਵਾਂ ਦੀਆਂ ਖ਼ਾਸ ਗੁਣ ਹੈ।

ਆਮ ਤੌਰ 'ਤੇ, ਲਗਭਗ 20% ਤੋਂ 40% ਮਰੀਜ਼ ਇਮਿਊਨੋਥੈਰੇਪੀ ਦਾ ਜਵਾਬ ਦਿੰਦੇ ਹਨ। ਇਸਦਾ ਮਤਲਬ ਹੈ ਕਿ ਕਾਫ਼ੀ ਸਾਰੇ ਮਰੀਜ਼ (ਦਰਅਸਲ ਬਹੁਤ ਵੱਡੀ ਗਿਣਤੀ) ਬਿਨਾਂ ਵੱਡੇ ਲਾਭ ਦੇ ਸਾਈਡ ਇਫੈਕਟਸ ਦਾ ਖ਼ਤਰਾ ਮੋਲ ਲੈਂਦੇ ਹਨ ਅਤੇ ਸਮਾਂ ਤੇ ਉਮੀਦ ਵੀ ਗੁਆਉਂਦੇ ਹਨ।

ਹੋਰ ਕਿਹੜੇ ਤਰੀਕੇ ਉੱਤੇ ਹੋ ਰਿਹਾ ਹੈ ਕੰਮ?

ਕਿਵੇਂ ਹੋਰ ਮਰੀਜ਼ ਇਮਿਊਨੋਥੈਰੇਪੀ ਤੋਂ ਲਾਭ ਲੈ ਸਕਦੇ ਹਨ? ਖੋਜਕਾਰ ਇਸ ਸਮੱਸਿਆ 'ਤੇ ਕਈ ਵੱਖ-ਵੱਖ ਤਰੀਕਿਆਂ ਨਾਲ ਕੰਮ ਕਰ ਰਹੇ ਹਨ।

ਵਾਰਗੋ ਦੀ ਖੋਜ, ਹਾਲਾਂਕਿ ਅਜੇ ਸ਼ੁਰੂਆਤੀ ਹੈ, ਇਹ ਦਰਸਾਉਂਦੀ ਹੈ ਕਿ ਉਹ ਮਰੀਜ਼ ਜੋ ਵੱਧ ਫਾਈਬਰ ਵਾਲੀ ਖੁਰਾਕ ਲੈਂਦੇ ਹਨ, ਉਹਨਾਂ ਨੂੰ ਬਿਹਤਰ ਨਤੀਜੇ ਮਿਲ ਸਕਦੇ ਹਨ। ਇਹ ਆਂਦਰਾ ਦੇ ਮਾਈਕ੍ਰੋਬਾਇਓਮ ਵਿੱਚ ਬਦਲਾਅ ਰਾਹੀਂ ਹੋ ਸਕਦਾ ਹੈ, ਜੋ ਰੋਗ-ਪ੍ਰਤੀਰੋਧਕ ਪ੍ਰਣਾਲੀ ਅਤੇ ਟਿਊਮਰ ਦੋਵਾਂ 'ਤੇ ਅਸਰ ਪਾ ਸਕਦਾ ਹੈ।

ਹੋਰ ਹੈਰਾਨੀਜਨਕ ਖੋਜ ਇਹ ਦਰਸਾਉਂਦੀ ਹੈ ਕਿ ਸਟੈਟਿਨ, ਜੋ ਸਸਤੇ ਅਤੇ ਆਸਾਨੀ ਨਾਲ ਮਿਲਣ ਵਾਲੀਆਂ ਕੋਲੇਸਟਰੋਲ ਘਟਾਉਣ ਵਾਲੀਆਂ ਦਵਾਈਆਂ ਹਨ, ਸੈੱਲਾਂ ਦੇ ਆਪਸੀ ਸੰਚਾਰ ਵਿੱਚ ਅਣਕਿਆਸੇ ਬਦਲਾਅ ਰਾਹੀਂ ਇਮਿਊਨੋਥੈਰੇਪੀ ਦੇ ਅਸਰ ਨੂੰ ਵਧਾ ਸਕਦੀਆਂ ਹਨ।

ਇਲਾਜ ਦਾ ਸਮਾਂ ਵੀ ਮਹੱਤਵਪੂਰਨ ਹੋ ਸਕਦਾ ਹੈ, ਕਿਉਂਕਿ ਕੁਝ ਹਾਲੀਆ ਖੋਜ ਇਹ ਸੰਕੇਤ ਦਿੰਦੀ ਹੈ ਕਿ ਸਵੇਰੇ ਜਲਦੀ ਦਵਾਈ ਲੈਣ ਵਾਲੇ ਮਰੀਜ਼ਾਂ ਦੇ ਨਤੀਜੇ, ਦੇਰ ਨਾਲ ਇਲਾਜ ਲੈਣ ਵਾਲਿਆਂ ਨਾਲੋਂ ਵਧੀਆ ਹੁੰਦੇ ਹਨ।

ਇਮਿਊਨੋਥੈਰੇਪੀ ਨੂੰ ਹੋਰ ਕੈਂਸਰ ਇਲਾਜਾਂ ਨਾਲ ਮਿਲਾ ਕੇ ਵਰਤਣਾ, ਜਿਵੇਂ ਕਿ ਰੇਡੀਏਸ਼ਨ ਜਾਂ ਅਲਟ੍ਰਾ ਸਾਊਂਡ, ਜਵਾਬ ਦਰ ਵਧਾਉਣ ਦਾ ਇੱਕ ਹੋਰ ਤਰੀਕਾ ਹੋ ਸਕਦਾ ਹੈ।

ਵੇਲ ਕੋਰਨੈਲ ਮੈਡੀਕਲ ਸੈਂਟਰ ਦੀ ਸੈਂਡਰਾ ਡਿਮਾਰੀਆ ਸਮਝਾਉਂਦੀ ਹੈ, "ਰੇਡੀਏਸ਼ਨ ਅਸਲ ਵਿੱਚ ਟਿਊਮਰ ਨੂੰ ਰੋਗ-ਪ੍ਰਤੀਰੋਧਕ ਪ੍ਰਣਾਲੀ ਲਈ ਦਿੱਖਣਯੋਗ ਬਣਾ ਸਕਦੀ ਹੈ।"

ਸੈਂਡਰਾ ਨੇ ਇਸ ਮਿਲੀਜੁਲੀ ਪਹੁੰਚ 'ਤੇ ਖੋਜ ਕੀਤੀ ਹੈ। ਅਲਟ੍ਰਾ ਸਾਊਂਡ ਥੈਰੇਪੀ, ਜੋ ਉੱਚ-ਫ੍ਰਿਕਵੇਂਸੀ ਸਾਊਂਡ ਵੇਵਸ ਦੀ ਵਰਤੋਂ ਕਰਕੇ ਟਿਊਮਰਾਂ 'ਤੇ ਹਮਲਾ ਕਰਦੀ ਹੈ, ਵੀ ਇਹੀ ਕਰ ਸਕਦੀ ਹੈ।

ਹੋਰ ਖੋਜਕਾਰ ਇਮਿਊਨੋਥੈਰੇਪੀ ਦੀ ਵਿਅਕਤੀਗਤ ਬਣਾਉਣ ਦੀ ਸਮਰੱਥਾ ਦਾ ਲਾਭ ਲੈ ਰਹੇ ਹਨ ਅਤੇ ਮਰੀਜ਼ਾਂ ਨੂੰ ਉਨ੍ਹਾਂ ਲਈ ਸਭ ਤੋਂ ਵਧੀਆ ਇਲਾਜ ਨਾਲ ਧਿਆਨ ਨਾਲ ਮਿਲਾ ਰਹੇ ਹਨ।

ਪ੍ਰਸਨਲਾਈਜ਼ਡ ਮੈਡੀਸਿਨ ਕਈ ਖੇਤਰਾਂ ਵਿੱਚ ਉਤਸ਼ਾਹ ਪੈਦਾ ਕਰ ਰਹੀ ਹੈ, ਪਰ ਕਨੁਡਸਨ ਜ਼ੋਰ ਦੇ ਕੇ ਕਹਿੰਦੀ ਹੈ ਕਿ ਕੈਂਸਰ ਦੇ ਇਲਾਜ ਵਿੱਚ ਇਹ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਇਹ ਬਿਮਾਰੀ ਇੱਕੋ ਜਿਹੀ ਨਹੀਂ ਹੁੰਦੀ।

ਕਨੁਡਸਨ ਦਾ ਕਹਿਣਾ ਹੈ, "ਕੈਂਸਰ ਇੱਕ ਹੀ ਬਿਮਾਰੀ ਨਹੀਂ ਹੈ। ਇਹ 200 ਵੱਖ-ਵੱਖ ਬਿਮਾਰੀਆਂ ਹਨ ਅਤੇ ਇਹ ਵੱਖ-ਵੱਖ ਕਾਰਨਾਂ ਨਾਲ ਹੁੰਦੀਆਂ ਹਨ, ਇਸ ਲਈ ਇਹਨਾਂ ਦਾ ਇਲਾਜ ਵੀ ਵੱਖਰੇ ਤਰੀਕੇ ਨਾਲ ਕਰਨਾ ਪੈਂਦਾ ਹੈ।"

ਤਸਵੀਰ ਸਰੋਤ, Emmanuel Lafont/ BBC

ਤਸਵੀਰ ਕੈਪਸ਼ਨ, ਪਰਸਨਲਾਈਜ਼ ਇਮਿਊਨੋਥੈਰੇਪੀ ਨਾਲ, ਡਾਕਟਰ ਹੋਰ ਸਹੀ ਤਰੀਕੇ ਨਾਲ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਸਕਣਗੇ, ਜਿਸ ਨਾਲ ਕੈਂਸਰ ਤੋਂ ਰਾਹਤ ਦੀ ਸੰਭਾਵਨਾ ਵੱਧੇਗੀ

ਇੱਕੋ ਕਿਸਮ ਅਤੇ ਇੱਕੋ ਸਟੇਜ ਦੇ ਕੈਂਸਰ ਵਾਲੇ ਦੋ ਮਰੀਜ਼ਾਂ ਵਿੱਚ ਵੀ ਕੋਸ਼ਿਕਾਵਾਂ ਦੇ ਪੱਧਰ 'ਤੇ ਬਿਮਾਰੀ ਵੱਖਰੀ ਹੋ ਸਕਦੀ ਹੈ।

ਡਿਮਾਰੀਆ ਦਾ ਕਹਿਣਾ ਹੈ, "ਇਹ ਖੇਤਰ ਇੱਕ ਮੋੜ 'ਤੇ ਖੜ੍ਹਾ ਹੈ। ਹੁਣ ਅਸੀਂ ਸਿਰਫ਼ ਕੈਂਸਰ ਨਹੀਂ, ਸਗੋਂ ਮਰੀਜ਼ ਦਾ ਇਲਾਜ ਕਰਨ ਵੱਲ ਵੱਧ ਸਕਦੇ ਹਾਂ।"

ਮੈਮੋਰੀਅਲ ਸਲੋਅਨ ਕੇਟਰਿੰਗ ਕੈਂਸਰ ਸੈਂਟਰ ਦੇ ਵਿਗਿਆਨੀਆਂ ਨੇ ਪਹਿਲਾਂ ਹੀ ਇੱਕ ਆਸ਼ਵਾਦੀ ਤਰੀਕੇ ਦੀ ਟ੍ਰਾਇਲ ਕੀਤੀ ਹੈ। ਇਹ ਇਸ ਗੱਲ 'ਤੇ ਆਧਾਰਿਤ ਹੈ ਕਿ ਕੁਝ ਖਾਸ ਜੈਨੇਟਿਕ ਬਣਤਰ ਵਾਲੇ ਟਿਊਮਰ ਇਮਿਊਨ ਚੈਕਪੁਆਇੰਟ ਇਨਹਿਬਿਟਰ ਜਿਵੇਂ ਦੋਸਤਾਰਲੀਮੈਬ ਨਾਲ ਚੰਗਾ ਜਵਾਬ ਦਿੰਦੇ ਹਨ।

2022 ਅਤੇ 2024 ਦੀਆਂ ਦੋ ਛੋਟੇ ਟ੍ਰਾਇਲਾਂ ਵਿੱਚ, ਜਿਨ੍ਹਾਂ ਵਿੱਚ ਇਸ ਪ੍ਰੋਫ਼ਾਈਲ ਵਾਲੇ ਰੈਕਟਲ ਕੈਂਸਰ ਦਾ ਇਲਾਜ ਕੀਤਾ ਗਿਆ, ਇਲਾਜ ਨਾਲ ਟਿਊਮਰ ਪੂਰੀ ਤਰ੍ਹਾਂ ਖ਼ਤਮ ਹੋ ਗਏ।

ਫਿਰ ਟੀਮ ਨੇ ਆਪਣੀ ਖੋਜ ਵਧਾਈ ਅਤੇ 117 ਮਰੀਜ਼ਾਂ ਨੂੰ ਸ਼ਾਮਲ ਕੀਤਾ, ਜਿਨ੍ਹਾਂ ਵਿੱਚ ਈਸੋਫੇਜੀਅਲ, ਬਲੈਡਰ ਅਤੇ ਸਟਮਕ ਕੈਂਸਰ ਵੀ ਸ਼ਾਮਲ ਸਨ ਅਤੇ ਸਭ ਵਿੱਚ ਇੱਕੋ ਜਿਹੀ ਜੈਨੇਟਿਕ ਵਿਸ਼ੇਸ਼ਤਾ ਸੀ।

103 ਮਰੀਜ਼ਾਂ ਵਿੱਚੋਂ ਜਿਨ੍ਹਾਂ ਨੇ ਪੂਰਾ ਇਲਾਜ ਕੀਤਾ, 84, ਜਿਨ੍ਹਾਂ ਵਿੱਚ ਸਾਈਡੇਰਿਸ ਵੀ ਸ਼ਾਮਲ ਸੀ, ਦੇ ਟਿਊਮਰ ਪੂਰੀ ਤਰ੍ਹਾਂ ਗਾਇਬ ਹੋ ਗਏ ਅਤੇ ਸਿਰਫ਼ ਦੋ ਨੂੰ ਵਧੀਕ ਸਰਜਰੀ ਦੀ ਲੋੜ ਪਈ।

ਐੱਮਡੀ ਐਂਡਰਸਨ ਦੇ ਖੋਜਕਾਰ ਨੇ ਵੀ ਇੱਕ ਹੋਰ ਚੈਕਪੁਆਇੰਟ ਇਨਹਿਬਿਟਰ ਨਾਲ ਮਿਲਦੇ-ਜੁਲਦੇ ਨਤੀਜੇ ਦਰਜ ਕੀਤੇ ਹਨ।

ਹੋਰ ਸਮੂਹਾਂ ਨੇ ਵੀ ਦਿਖਾਇਆ ਹੈ ਕਿ ਜੇ ਮਰੀਜ਼ਾਂ ਨੂੰ ਬਾਅਦ ਵਿੱਚ ਸਰਜਰੀ ਕਰਵਾਉਣੀ ਪਵੇ, ਤਾਂ ਵੀ ਨਤੀਜੇ ਵਧੀਆ ਹੋ ਸਕਦੇ ਹਨ, ਜੇ ਟਿਊਮਰ 'ਤੇ ਪਹਿਲਾਂ ਇਮਿਊਨੋਥੈਰੇਪੀ ਨਾਲ ਹਮਲਾ ਕੀਤਾ ਜਾਵੇ

ਲੂਈਸ ਡਿਆਜ਼ ਦਾ ਕਹਿਣਾ ਹੈ ਕਿ ਹਾਲਾਂਕਿ ਹੋਰ ਖੋਜ ਦੀ ਲੋੜ ਹੈ, ਪਰ ਇਹ ਨਤੀਜੇ ਆਸ਼ਾਵਾਦੀ ਹਨ ਕਿਉਂਕਿ ਇਹ ਘੱਟ ਦਖ਼ਲਅੰਦਾਜ਼ੀ ਅਤੇ ਬਹੁਤ ਪ੍ਰਭਾਵਸ਼ਾਲੀ ਇਲਾਜ ਦੇ ਨਵੇਂ ਦੌਰ ਦੀ ਸੰਭਾਵਨਾ ਖੋਲ੍ਹਦੇ ਹਮ।

ਲੂਈਸ ਮੈਮੋਰੀਅਲ ਸਲੋਅਨ ਕੇਟਰਿੰਗ ਕੈਂਸਰ ਸੈਂਟਰ ਵਿੱਚ ਸੋਲਿਡ ਟਿਊਮਰ ਓਨਕੋਲੋਜੀ ਦੇ ਮੁਖੀ ਹਨ।

ਉਨ੍ਹਾਂ ਦਾ ਕਹਿਣਾ, "ਸਾਨੂੰ ਮੱਧਕਾਲੀ ਸਮੇਂ ਤੋਂ ਆਧੁਨਿਕ ਸਮੇਂ ਵੱਲ ਜਾਣਾ ਪਵੇਗਾ। ਰੈਕਟਮ, ਸਟਮਕ ਜਾਂ ਬਲੈਡਰ ਨੂੰ ਹਟਾਉਣਾ ਹੀ ਸਗੋਂ ਸਾਨੂੰ ਇਸ ਤੋਂ ਵਧੀਆ ਕਰਨਾ ਪਵੇਗਾ।"

ਪਰ ਇੱਕ ਗੱਲ ਇਹ ਹੈ ਕਿ ਸਿਰਫ਼ ਲਗਭਗ 5% ਟਿਊਮਰਾਂ ਵਿੱਚ ਉਹ ਜੈਨੇਟਿਕ ਬਣਤਰ ਹੁੰਦੀ ਹੈ ਜੋ ਡਿਆਜ਼ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਅਧਿਐਨ ਕੀਤੀ ਗਈ ਬਿਨਾਂ ਸਰਜਰੀ ਵਾਲੀ ਇਮਿਊਨੋਥੈਰੇਪੀ ਲਈ ਢੁੱਕਵੀਂ ਹੁੰਦੀ ਹੈ।

ਉਹ ਕਹਿੰਦੇ ਹਨ, "ਬਾਕੀ 95% ਲਈ ਵੀ ਇਸਦੇ ਵਰਗਾ ਕੁਝ ਚਾਹੀਦਾ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੇ ਡਾਨਾ-ਫਾਰਬਰ ਕੈਂਸਰ ਇੰਸਟੀਚਿਊਟ ਦੇ ਖੋਜਕਾਰ ਨੇ ਹਾਲ ਹੀ ਵਿੱਚ ਗੁਰਦੇ ਦੇ ਇੱਕ ਕਿਸਮ ਦੇ ਕੈਂਸਰ ਵਾਲੇ ਨੌਂ ਲੋਕਾਂ ਲਈ ਨਿੱਜੀ ਵੈਕਸੀਨ ਤਿਆਰ ਕੀਤੀਆਂ

ਕੈਂਸਰ ਰੋਕਥਾਮ ਲਈ ਵੈਕਸੀਨਾਂ ਦੀ ਸੰਭਾਵਨਾ

ਇਸ ਮਕਸਦ ਲਈ, ਖੋਜਕਾਰ ਨਵੀਆਂ ਇਮਿਊਨੋਥੈਰੇਪੀ ਤਕਨੀਕਾਂ ਦੀ ਖੋਜ ਕਰਦੇ ਰਹਿੰਦੇ ਹਨ ਅਤੇ ਪੁਰਾਣੀਆਂ ਤਕਨੀਕਾਂ ਨੂੰ ਸੁਧਾਰਣ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਕਿ ਕੈਂਸਰ ਵੈਕਸੀਨ

ਰਵਾਇਤੀ ਟੀਕੇ ਸਰੀਰ ਨੂੰ ਇੱਕ ਰੋਗਾਣੂ ਦੇ ਹਿੱਸਿਆਂ ਨਾਲ ਜਾਣੂ ਕਰਵਾਉਂਦੀਆਂ ਹਨ, ਜਿਵੇਂ ਕਿ ਵਾਇਰਸ, ਤਾਂ ਜੋ ਸਰੀਰ ਅਸਲੀ ਹਮਲੇ ਦੇ ਵਿਰੁੱਧ ਪ੍ਰਤੀਕਿਰਿਆ ਕਰਨ ਦੀ ਪ੍ਰੈਕਟਿਸ ਕਰ ਸਕੇ।

ਕਨੁਡਸਨ ਕਹਿੰਦੀ ਹੈ ਕਿ ਇਹੋ ਜਿਹਾ ਵਿਚਾਰ ਕੈਂਸਰ ਵਿੱਚ ਵੀ ਕੰਮ ਕਰ ਸਕਦਾ ਹੈ ਪਰ ਇੱਥੇ ਇਸ ਦੀ ਵਰਤੋਂ ਬਚਾਅ ਦੀ ਬਜਾਏ ਇਲਾਜ ਲਈ ਹੋ ਸਕਦੀ ਹੈ।

ਕਨੁਡਸਨ ਸਮਝਾਉਂਦੀ ਹੈ ਕਿ ਕੈਂਸਰ ਕੋਸ਼ਿਕਾਵਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਸਤਹਿ ਪ੍ਰੋਟੀਨ ਹੁੰਦੇ ਹਨ। ਵੈਕਸੀਨ ਤਕਨਾਲੋਜੀ ਦੀ ਵਰਤੋਂ ਕਰਕੇ, ਖੋਜਕਾਰ ਮਰੀਜ਼ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ ਨੂੰ ਇਹ ਪ੍ਰੋਟੀਨ ਪਛਾਨਣ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕਰ ਸਕਦੇ ਹਨ, ਜਿਸ ਨਾਲ ਉਸ ਦੇ ਖ਼ਾਸ ਕੈਂਸਰ ਦੇ ਖਿਲਾਫ਼ ਮਜ਼ਬੂਤ ਪ੍ਰਤੀਕਿਰਿਆ ਪੈਦਾ ਹੋ ਸਕਦੀ ਹੈ।

ਇਸ ਤਰੀਕੇ ਦੇ ਹੱਕ ਵਿੱਚ ਕੁਝ ਸ਼ੁਰੂਆਤੀ ਸਬੂਤ ਪਹਿਲਾਂ ਹੀ ਮੌਜੂਦ ਹਨ। ਅਮਰੀਕਾ ਦੇ ਡਾਨਾ-ਫਾਰਬਰ ਕੈਂਸਰ ਇੰਸਟੀਚਿਊਟ ਦੇ ਖੋਜਕਾਰ ਨੇ ਹਾਲ ਹੀ ਵਿੱਚ ਗੁਰਦੇ ਦੇ ਇੱਕ ਕਿਸਮ ਦੇ ਕੈਂਸਰ ਵਾਲੇ ਨੌਂ ਲੋਕਾਂ ਲਈ ਨਿੱਜੀ ਵੈਕਸੀਨ ਤਿਆਰ ਕੀਤੀਆਂ।

ਉਨ੍ਹਾਂ ਦੇ ਟਿਊਮਰ ਸਰਜਰੀ ਨਾਲ ਹਟਾਏ ਜਾਣ ਤੋਂ ਬਾਅਦ, ਮਰੀਜ਼ਾਂ ਨੂੰ ਵੈਕਸੀਨ ਦਿੱਤੀ ਗਈ ਤਾਂ ਜੋ ਸਰੀਰ ਵਿੱਚ ਬਚੀਆਂ ਹੋਈਆਂ ਟਿਊਮਰ ਕੋਸ਼ਿਕਾਵਾਂ ਨੂੰ ਖ਼ਤਮ ਕੀਤਾ ਜਾ ਸਕੇ।

2025 ਵਿੱਚ ਪ੍ਰਕਾਸ਼ਿਤ ਖੋਜ ਵਿੱਚ, ਟੀਮ ਨੇ ਦਰਸਾਇਆ ਕਿ ਸਾਰੇ ਨੌਂ ਮਰੀਜ਼ਾਂ ਵਿੱਚ ਟੀਚਾਬੱਧ ਐਂਟੀ-ਕੈਂਸਰ ਰੋਗ-ਪ੍ਰਤੀਰੋਧਕ ਪ੍ਰਤੀਕਿਰਿਆ ਹੋਈ ਅਤੇ ਉਹ ਸਰਜਰੀ ਤੋਂ ਸਾਲਾਂ ਬਾਅਦ ਵੀ ਕੈਂਸਰ-ਮੁਕਤ ਰਹੇ। ਨਿੱਜੀ ਵੈਕਸੀਨਾਂ ਨੇ ਮੇਲਾਨੋਮਾ ਦੇ ਇਲਾਜ ਵਿੱਚ ਵੀ ਉਮੀਦ ਦਿਖਾਈ ਹੈ।

ਕਨੁਡਸਨ ਕਹਿੰਦੀ ਹੈ, "ਇਹ ਇੱਕ ਨਵਾਂ ਅਤੇ ਹਿੰਮਤ ਵਾਲਾ ਸੰਸਾਰ ਹੈ। ਇਹ ਪ੍ਰਿਸੀਜਨ ਮੈਡੀਸਿਨ ਦੀ ਅਸਲ ਪਰਿਭਾਸ਼ਾ ਹੈ। ਅਸੀਂ ਹੁਣ ਸ਼ਾਇਦ ਬਹੁਤ ਤੇਜ਼ੀ ਨਾਲ, ਤੁਹਾਡੇ ਖ਼ਾਸ ਟਿਊਮਰ ਦੇ ਖ਼ਿਲਾਫ਼ ਵੈਕਸੀਨ ਤਿਆਰ ਕਰ ਸਕਦੇ ਹਾਂ।"

ਇਸ ਉਤਸ਼ਾਹ ਦੇ ਬਾਵਜੂਦ, ਅੱਗੇ ਦਾ ਰਸਤਾ ਲੰਬਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਲਾਜਾਂ ਨੂੰ ਵਿਅਕਤੀਗਤ ਬਣਾਉਣ ਦੀ ਯੋਗਤਾ ਨੂੰ ਇਮਯੂਨੋਥੈਰੇਪੀ ਦੇ ਫਾਇਦਿਆਂ ਵਿੱਚੋਂ ਇੱਕ ਵਜੋਂ ਪੇਸ਼ ਕੀਤਾ ਗਿਆ ਹੈ (ਸੰਕੇਤਕ ਤਸਵੀਰ)

ਹੋਰ ਅਧਿਐਨਾਂ ਦੀ ਲੋੜ ਹੈ ਤਾਂ ਜੋ ਉਨ੍ਹਾਂ ਹਿੰਮਤੀ ਤਰੀਕਿਆਂ ਨੂੰ ਪੱਕਾ ਕੀਤਾ ਜਾ ਸਕੇ ਜੋ ਇਸ ਵੇਲੇ ਖੋਜ ਹੇਠ ਹਨ ਅਤੇ ਉਸ ਭਵਿੱਖ ਤੱਕ ਪਹੁੰਚਿਆ ਜਾ ਸਕੇ ਜਿੱਥੇ ਡਾਕਟਰ ਮਰੀਜ਼ਾਂ ਨੂੰ ਠੀਕ ਅਤੇ ਭਰੋਸੇਯੋਗ ਤਰੀਕੇ ਨਾਲ ਉਹ ਇਲਾਜ ਦੇ ਸਕਣ ਜੋ ਉਨ੍ਹਾਂ ਦੇ ਖ਼ਾਸ ਕੈਂਸਰ 'ਤੇ ਕੰਮ ਕਰੇ।

ਡਿਮਾਰੀਆ ਚੇਤਾਵਨੀ ਦਿੰਦੀ ਹੈ, "ਬਹੁਤ ਸਾਰੇ ਆਸ ਭਰੇ ਨਿਸ਼ਾਨੇ ਅਤੇ ਨਵੀਆਂ ਦਵਾਈਆਂ ਸਨ ਜੋ ਸ਼ੁਰੂਆਤੀ ਪੜਾਅ ਦੀਆਂ ਕਲੀਨਿਕਲ ਟ੍ਰਾਇਲਾਂ ਤੋਂ ਅੱਗੇ ਨਹੀਂ ਵਧ ਸਕੀਆਂ।"

ਡਿਆਜ਼ ਕਹਿੰਦਾ ਹੈ ਕਿ ਸੰਭਵ ਹੈ ਕਿ ਕੁਝ ਮਰੀਜ਼ ਕਿਸੇ ਵੀ ਕਿਸਮ ਦੀ ਇਮਿਊਨੋਥੈਰੇਪੀ ਦਾ ਜਵਾਬ ਨਾ ਦੇਣ। ਉਹ ਕਹਿੰਦੇ ਹਨ ਕਿ ਕੈਂਸਰਾਂ ਕੋਲ ਵੱਖ-ਵੱਖ "ਖ਼ਾਸ ਤਾਕਤਾਂ" ਹੁੰਦੀਆਂ ਹਨ ਜੋ ਉਨ੍ਹਾਂ ਨੂੰ ਵਧਣ ਅਤੇ ਜੀਊਣ ਵਿੱਚ ਮਦਦ ਕਰਦੀਆਂ ਹਨ ਅਤੇ ਰੋਗ-ਪ੍ਰਤੀਰੋਧਕ ਪ੍ਰਣਾਲੀ ਕੁਝ ਲਈ ਵਧੀਆ ਮੁਕਾਬਲਾ ਕਰਦੀ ਹੈ ਤੇ ਕੁਝ ਲਈ ਨਹੀਂ।

ਪਰ ਜਿਨ੍ਹਾਂ ਮਰੀਜ਼ਾਂ 'ਤੇ ਇਹ ਕੰਮ ਕਰਦੀ ਹੈ, ਉਨ੍ਹਾਂ ਲਈ ਇਮਿਊਨੋਥੈਰੇਪੀ ਪਹਿਲਾਂ ਹੀ ਜ਼ਿੰਦਗੀ ਬਚਾਉਣ ਵਾਲੀ ਅਤੇ ਜ਼ਿੰਦਗੀ ਬਦਲਣ ਵਾਲੀ ਸਾਬਤ ਹੋ ਰਹੀ ਹੈ।

ਸਾਈਡੇਰਿਸ, ਨਿਊਯਾਰਕ ਦੀ ਉਹ ਮਰੀਜ਼ ਜਿਸ ਨੇ ਡਿਆਜ਼ ਦੀ ਟ੍ਰਾਇਲ ਵਿੱਚ ਹਿੱਸਾ ਲਿਆ ਸੀ, ਆਪਣੇ ਆਪ ਨੂੰ ਓਨਕੋਲੋਜੀ ਦੇ ਇੱਕ ਚੰਗੇ ਭਵਿੱਖ ਦਾ ਹਿੱਸਾ ਸਮਝਦੀ ਹੈ।

ਉਹ ਕਹਿੰਦੀ ਹੈ, "ਅਸੀਂ ਬਹੁਤ ਵਧੀਆ ਦਿਸ਼ਾ ਵਿੱਚ ਜਾ ਰਹੇ ਹਾਂ। ਡਾਕਟਰਾਂ ਵਿੱਚੋਂ ਇੱਕ ਨੇ ਮੈਨੂੰ ਕਿਹਾ ਕਿ 10 ਸਾਲਾਂ ਵਿੱਚ ਕੀਮੋ ਅਤੇ ਰੇਡੀਏਸ਼ਨ ਵਰਗਾ ਇਲਾਜ ਖੂਨ ਕੱਢਣ ਵਰਗਾ ਪੁਰਾਣਾ ਲੱਗੇਗਾ, ਬਿਲਕੁਲ ਪੁਰਾਣੇ ਜ਼ਮਾਨੇ ਦੀ ਗੱਲ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)